ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)- ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਅਤੇ ਵਧੇਰੇ ਖੰਡ ਸੇਵਨ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਰਸ਼ਮੀ ਸ਼ਰਮਾ ਨੇ ਦੱਸਿਆ ਕਿ ਇਸ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਸਿਖਾਇਆ ਗਿਆ ਕਿ ਸੰਤੁਲਿਤ ਖ਼ੁਰਾਕ ਕਿੰਨੀ ਮਹੱਤਵਪੂਰਨ ਹੈ ਅਤੇ ਜ਼ਿਆਦਾ ਚੀਨੀ ਖਾਣ ਨਾਲ ਸਰੀਰ 'ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ | ਸੈਸ਼ਨ ਦੌਰਾਨ ਵਿਦਿਆਰਥੀਆਂ ਵਲੋਂ ਇਕ ਪਾਵਰ ਪੁਆਇੰਟ ਪੇਸ਼ਕਾਰੀ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਸਾਦੀਆਂ ਭੋਜਨ ਆਦਤਾਂ ਅਤੇ ਵਧੇਰੇ ਖੰਡ ਸੇਵਨ ਨਾਲ ਜੁੜੇ ਜ਼ੋਖਮਾਂ ਬਾਰੇ ਜਾਣਕਾਰੀ ਦਿੱਤੀ | ਇਸ ਪੇਸ਼ਕਾਰੀ 'ਚ ਸਿਹਤਮੰਦ ਵਿਕਲਪਾਂ ਨੂੰ ਵੀ ਉਜਾਗਰ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਇਕ 'ਸ਼ੂਗਰ ਬੋਰਡ' ਵੀ ਤਿਆਰ ਕੀਤਾ, ਜਿਸ ਰਾਹੀਂ ਰੋਜ਼ਾਨਾ ਵਰਤੇ ਜਾਂਦੇ ਖਾਦ ਪਦਾਰਥਾਂ 'ਚ ਲੁਕੀ ਹੋਈ ਖੰਡ ਦੀ ਮਾਤਰਾ ਨੂੰ ਦਰਸਾਇਆ ਗਿਆ | ਵਿਦਿਆਰਥੀਆਂ ਨੇ 4 ਤੋਂ 10 ਸਾਲ ਅਤੇ 11 ਤੋਂ 18 ਸਾਲ ਦੇ ਦੋ ਉਮਰ ਸਮੂਹਾਂ ਲਈ ਡਾਟਾ ਵਿਸ਼ਲੇਸ਼ਣ ਵੀ ਪੇਸ਼ ਕੀਤਾ |