ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)- ਮੁਕੇਰੀਆਂ ਪੁਲਿਸ ਨੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸਾਗਰ ਪਠਾਨੀਆ ਦਾ ਵਿਆਹ 8 ਅਪ੍ਰੈਲ 2016 ਨੂੰ ਡੋਲੀ ਮਿਨਹਾਸ ਪੁੱਤਰੀ ਤਰਸੇਮ ਮਿਨਹਾਸ ਵਾਸੀ ਸਰਦੂਲਪੁਰ ਕਲੋਤਾ ਮੁਕੇਰੀਆਂ ਨਾਲ ਹੋਇਆ ਸੀ | ਵਿਆਹ ਤੋਂ ਪਹਿਲਾਂ ਪੀੜਤਾ ਦਾ ਪਤੀ ਵਿਦੇਸ਼ ਕੈਨੇਡਾ ਵਿਚ ਰਹਿਣ ਕਰਕੇ ਪੀੜਤਾ ਵੀ 2017 'ਚ ਕੈਨੇਡਾ ਚਲੀ ਗਈ ਸੀ | ਕੈਨੇਡਾ 'ਚ ਪੀੜਤਾ ਦੇ ਦੋ ਲੜਕੀਆਂ ਪੈਦਾ ਹੋਈਆਂ | ਵਿਦੇਸ਼ ਜਾਣ ਤੋਂ ਬਾਅਦ ਪੀੜਤਾਂ ਦੇ ਪਤੀ ਨੇ ਕਦੀ ਵੀ ਪੀੜਤਾ ਨੂੰ ਭਾਰਤ ਨਹੀਂ ਸੀ ਆਉਣ ਦਿੱਤਾ ਪਰ ਸਤੰਬਰ 2023 ਵਿਚ ਪੀੜਤਾ ਵਿਦੇਸ਼ ਕੈਨੇਡਾ ਤੋਂ ਭਾਰਤ ਆਪਣੀਆਂ ਦੋਵਾਂ ਲੜਕੀਆਂ ਸਮੇਤ ਆ ਗਈ | ਉਸ ਦੇ ਪਤੀ ਨੇ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਵਾਪਸ ਕੈਨੇਡਾ ਲੈ ਜਾਣਾ ਚਾਹੁੰਦਾ ਹੈ ਅਤੇ ਉਹ ਆਪਣੀਆਂ ਲੜਕੀਆਂ ਨੂੰ ਅਗਵਾ ਕਰ ਲਵੇਗਾ | ਮਿਤੀ 11 ਜੁਲਾਈ 2025 ਨੂੰ ਲਵਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸਿੰਘਪੁਰ (ਜਲੰਧਰ) ਨੇ ਲੜਕੀ ਦੀ ਸਕੂਲ ਵਿਚ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਪੀੜਤਾ ਦੇ ਘਰ ਦੇ ਬਾਹਰ ਚੱਕਰ ਮਾਰਦਾ ਦਿਖਾਈ ਦਿੱਤਾ | ਉਕਤ ਵਿਅਕਤੀ ਲੜਕੀਆਂ ਨੂੰ ਅਗਵਾ ਕਰਨ ਦੀ ਨੀਅਤ ਨਾਲ ਕੋਸ਼ਿਸ਼ ਕਰਦਾ ਨਜ਼ਰ ਆਇਆ ਸੀ | ਮੁਕੇਰੀਆਂ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਜਲੰਧਰ, ਸਾਗਰ ਪਠਾਨੀਆ ਪੁੱਤਰ ਸਤਵੀਰ ਸਿੰਘ ਪਠਾਣੀਆਂ ਵਾਸੀ ਲਮੀਣ ਖ਼ਿਲਾਫ਼ ਜੇਰੇ ਧਾਰਾ 140 (3), 61 (2), 351 (2), 62 ਬੀ.ਐਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |