ਹੁਸ਼ਿਆਰਪੁਰ- ਸੇਵਾਪੰਥੀ ਬਾਬਾ ਭਗਤ ਸਿੰਘ ਦਾ ਜਨਮ ਭਾਈ ਪਿਆਰ ਸਿੰਘ ਤੇ ਮਾਤਾ ਕਲਿਆਣ ਬਾਈ ਦੇ ਘਰ 1921 ਈਸਵੀ ਦੇ ਲਗਪਗ ਮਿੱਠੇ ਟਿਵਾਣੇ ਹੋਇਆ | ਸੇਵਾਪੰਥੀ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਮਾਤਾ-ਪਿਤਾ ਦਾ ਆਉਣਾ-ਜਾਣਾ, ਸਤਿਸੰਗ ਕਰਨਾ ਬਾਬਾ ਭਗਤ ਸਿੰਘ ਦੇ ਜੀਵਨ 'ਚ ਰੰਗ ਲਿਆਇਆ | ਆਪ ਦਾ ਉਦਾਸੀਨ ਮਹਾਂਪੁਰਖ ਬਾਵਾ ਸ਼ਾਮ ਦਾਸ ਵਿੱਝ ਤਹਿਸੀਲ ਸ਼ਾਹਪੁਰ ਵਾਲਿਆਂ ਨਾਲ ਬਹੁਤ ਪਿਆਰ ਸੀ | ਬਾਬਾ ਭਗਤ ਸਿੰਘ ਨੇ ਸੇਵਾਪੰਥੀ ਸੇਵਾ ਅਸਥਾਨ ਦੇ ਨਾਂਅ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਈ | ਗੁਰਬਾਣੀ ਦਾ ਪ੍ਰਚਾਰ ਬੇਅੰਤ ਕੀਤਾ | ਬਾਬਾ ਭਗਤ ਸਿੰਘ ਸੇਵਾਪੰਥੀ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਸੰਨ 1964 'ਚ ਸਰੀਰਕ ਚੋਲਾ ਤਿਆਗ 'ਏਕ ਜੋਤਿ ਏਕਾ ਮਿਲੀ' 'ਚ ਅਭੇਦ ਹੋ ਗਏ | ਆਪ ਤੋਂ ਬਾਅਦ ਸੇਵਾ ਅਸਥਾਨ ਦੀ ਸੇਵਾ ਮਹੰਤ ਬਾਬਾ ਜਵਾਹਰ ਸਿੰਘ ਨੂੰ ਮਿਲੀ | ਮਹੰਤ ਬਾਬਾ ਜਵਾਹਰ ਸਿੰਘ ਨੇ ਹੀ ਬਾਬਾ ਭਗਤ ਸਿੰਘ ਦੀ ਯਾਦ 'ਚ ਇਹ ਸਾਲਾਨਾ ਯੱਗ ਸਮਾਗਮ ਵਿਸ਼ਾਲ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ | ਸੰਨ 1947 ਦੀ ਵੰਡ ਤੋਂ ਬਾਅਦ ਮਹੰਤ ਬਾਬਾ ਜਵਾਹਰ ਸਿੰਘ ਨੇ ਹੁਸ਼ਿਆਰਪੁਰ ਦੇ ਮਾਡਲ ਟਾਊਨ 'ਚ ਸੇਵਾ ਅਸਥਾਨ ਡੇਰਾ ਹਰੀ ਭਗਤਪੁਰਾ, ਮਿੱਠਾ ਟਿਵਾਣਾ ਸਥਾਪਿਤ ਕੀਤਾ | ਬਾਬਾ ਭਗਤ ਸਿੰਘ ਦੀ ਯਾਦ 'ਚ ਹਰ ਸਾਲ 3 ਰੋਜ਼ਾ ਯੱਗ ਸਮਾਗਮ ਜੁਲਾਈ ਮਹੀਨੇ ਦੀ ਸੰਗਰਾਂਦ ਮੌਕੇ ਵਿਸ਼ਾਲ ਪੱਧਰ 'ਤੇ ਪੁਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਬੜੀ ਸ਼ਰਧਾ-ਭਾਵਨਾ ਨਾਲ ਮਨਾਉਣਾ ਸ਼ੁਰੂ ਕੀਤਾ | ਮਹੰਤ ਬਾਬਾ ਜਵਾਹਰ ਸਿੰਘ ਤੋਂ ਬਾਅਦ ਮਹੰਤ ਬਾਬਾ ਜਮੀਅਤ ਸਿੰਘ ਅਤੇ ਮਹੰਤ ਬਾਬਾ ਤਾਰਾ ਸਿੰਘ ਨੇ ਸੇਵਾ ਸੰਭਾਲੀ | ਮਹੰਤ ਬਾਬਾ ਤਾਰਾ ਸਿੰਘ ਸੇਵਾਪੰਥੀ ਦੇ ਸੰਨ 1998 'ਚ ਅਕਾਲ ਚਲਾਣੇ ਉਪਰੰਤ ਮਹੰਤ ਪਿ੍ਤਪਾਲ ਸਿੰਘ ਨੂੰ ਅਸਥਾਨ ਦੀ ਸੇਵਾ ਸੇਵਾਪੰਥੀ ਭੇਖ ਅਤੇ ਸੰਗਤਾਂ ਵਲੋਂ ਸੌਂਪੀ ਗਈ | ਵਰਤਮਾਨ ਮੁਖੀ ਮਹੰਤ ਪਿ੍ਤਪਾਲ ਸਿੰਘ ਦੀ ਦੇਖ-ਰੇਖ 'ਚ ਸੇਵਾਪੰਥੀ ਸੰਪਰਦਾਇ ਦੇ ਮਹਾਂਪੁਰਸ਼ ਮਹੰਤ ਬਾਬਾ ਹਰੀ ਸਿੰਘ ਸੇਵਾਪੰਥੀ ਅਤੇ ਮਹੰਤ ਬਾਬਾ ਭਗਤ ਸਿੰਘ ਸੇਵਾਪੰਥੀ ਦੀ 130ਵੀਂ ਤੇ 118ਵੀਂ ਯਾਦ 'ਚ 16 ਜੁਲਾਈ ਨੂੰ ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਿਖੇ ਹੋ ਰਹੇ ਇਸ 'ਸਾਲਾਨਾ ਯੱਗ ਸਮਾਗਮ' 'ਚ ਸਿੱਖ ਪੰਥ ਦੀਆਂ ਸਤਿਕਾਰਤ ਸੰਪਰਦਾਵਾਂ ਦੇ ਮਹਾਂਪੁਰਸ਼, ਗੁਰੂ ਦੇ ਕੀਰਤਨੀਏ, ਰਾਗੀ, ਢਾਡੀ ਅਤੇ ਕਥਾਵਾਚਕ ਅੰਮਿ੍ਤ ਬਾਣੀ ਦੀ ਅੰਮਿ੍ਤ ਵਰਖਾ ਦੁਆਰਾ ਨਿਹਾਲ ਕਰਨਗੇ | -ਬਲਜਿੰਦਰਪਾਲ ਸਿੰਘ