ਗੜ੍ਹਸ਼ੰਕਰ, 15 ਜੁਲਾਈ (ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਕੱਚੇ ਵਰਕਰਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਆਨਾ-ਕਾਨੀ ਦੇ ਵਿਰੋਧ ਅਤੇ ਕੱਚੇ ਵਰਕਰਾਂ ਨੂੰ ਪੱਕੇ ਕਰਵਾਉਣ ਦੀ ਮੰਗਾਂ ਲੈ ਕੇ ਵਣ ਰੇਂਜ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਰੇਂਜ ਪ੍ਰਧਾਨ ਪਵਨ ਕੁਮਾਰ ਨੇ ਬੋਲਦਿਆਂ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਵਲੋਂ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਇਕ ਵੀ ਮੰਗ ਦਾ ਹੱਲ ਨਹੀਂ ਹੋਇਆ | ਇਸ ਮੌਕੇ ਰੇਂਜ ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਸ਼ਮੀਰੀ ਲਾਲ, ਹਰਭਜਨ ਲਾਲ ਨ ੇ ਕਿਹਾ ਕਿ ਹਾਈਕੋਰਟ ਵਲੋਂ ਕੋਰਟ ਕੇਸਾਂ ਦੇ ਹੁਕਮ ਜਾਰੀ ਕਰਦੇ ਹੋਏ ਪੂਰੀ ਤਨਖਾਹ ਨਾਲ ਕਾਮਿਆਂ ਨੂੰ ਪੱਕੇ ਕਰਨ ਦੀ ਰਾਹਤ ਦਿੱਤੀ ਗਈ ਹੈ | ਪ੍ਰੰਤੂ ਸਰਕਾਰ ਵਲੋਂ ਇਨ੍ਹਾਂ ਕਾਮਿਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਫਿਕਸ ਤਨਖਾਹ ਦੇਣ ਦੇ ਫੈਸਲੇ ਲਏ ਗਏ ਹਨ ਜਿਸ ਕਾਰਨ ਕੱਚੇ ਕਾਮਿਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ | ਇਸ ਮੌਕੇ ਮੀਤ ਪ੍ਰਧਾਨ ਸੁਰਿੰਦਰ ਪਾਲ ਬੰਗਾ, ਸੁਭਾਸ਼ ਸਿੰਘ, ਸਹਾਇਕ ਸਕੱਤਰ ਬਲਜਿੰਦਰ ਸਿੰਘ, ਕੈਸ਼ੀਅਰ ਗੋਪੀ ਰਾਮ, ਇੰਦਰਜੀਤ ਸਿੰਘ ਪ੍ਰੈੱਸ ਸਕੱਤਰ, ਰਾਜੀਵ ਕੁਮਾਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ਼ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਪੱਕੇ ਕਰਵਾਉਣ ਲਈ, ਨਵੇਂ ਕੰਮ ਚਲਾਉਣ ਲਈ, ਰੁੱਖਾਂ ਅਤੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰਨ ਆਦਿ ਮੰਗਾਂ ਨੂੰ ਹੱਲ ਕਰਵਾਉਣਾ ਸਾਡੇ ਧਰਨਿਆਂ ਦਾ ਮੁੱਖ ਮੰਤਵ ਹੈ | ਧਰਨੇ ਦੌਰਾਨ ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ਕਾਮਿਆਂ ਨੂੰ 19 ਜੁਲਾਈ ਦੀ ਦਿੜ੍ਹਬਾ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੱਤਾ |