26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਚੋਣ ਸੁਧਾਰਾਂ 'ਤੇ ਚਰਚਾ ਲਈ ਰਾਜ਼ੀ ਹੋਈ ਸਰਕਾਰ

ਅਜੀਤ ਡੈਸਕ 03-12-2025

ਲੋਕ ਸਭਾ 'ਚ ਬਹਿਸ 9 ਨੂੰ -ਵੰਦੇ ਮਾਤਰਮ 'ਤੇ ਚਰਚਾ 8 ਨੂੰ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 2 ਦਸੰਬਰ-ਮੀਟਿੰਗਾਂ, ਪ੍ਰਦਰਸ਼ਨਾਂ ਅਤੇ ਹੰਗਾਮਿਆਂ ਦੇ ਦੌਰ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਆਪਸੀ ਰਜ਼ਾਮੰਦੀ ਨਾਲ ਵਿਚਲਾ ਰਾਹ ਅਖ਼ਤਿਆਰ ਕਰਦਿਆਂ ਕੇਂਦਰ ਨੇ ਜਿਥੇ ਵਿਰੋਧੀ ਧਿਰਾਂ ਦੀ ਚੋਣ ਸੁਧਾਰਾਂ 'ਤੇ ਚਰਚਾ ਦੀ ਮੰਗ ਨੂੰ ਮੰਨ ਲਿਆ ਹੈ, ਉਥੇ ਨਾਲ ਹੀ ਚੋਣ ਸੁਧਾਰਾਂ ਤੋਂ ਪਹਿਲਾਂ 'ਵੰਦੇ ਮਾਤਰਮ' 'ਤੇ ਚਰਚਾ ਦੀ ਆਪਣੀ ਸ਼ਰਤ ਵੀ ਮਨਵਾ ਲਈ ਹੈ | ਮੰਗਲਵਾਰ ਨੂੰ ਸੰਸਦ ਦੀ ਬਿਜ਼ਨੈੱਸ ਐਡਵਾਈਜ਼ਰੀ ਕੌਂਸਲ ਮੀਟਿੰਗ 'ਚ ਲਏ ਫ਼ੈਸਲੇ ਮੁਤਾਬਿਕ 9-10 ਦਸੰਬਰ ਨੂੰ ਲੋਕ ਸਭਾ 'ਚ ਚੋਣ ਸੁਧਾਰਾਂ 'ਤੇ ਚਰਚਾ ਹੋਵੇਗੀ | ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਤੋਂ ਹੀ ਵੋਟਰ ਸੂਚੀ 'ਚ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ. ਆਈ. ਆਰ.) 'ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਹੈ | ਸਰਕਾਰ ਵਲੋਂ ਐਸ.ਆਈ.ਆਰ. ਨੂੰ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੀ ਕਵਾਇਦ ਦੱਸਦਿਆਂ ਇਸ 'ਤੇ ਚਰਚਾ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ | ਜਿਸ 'ਤੇ ਵਿਰੋਧੀ ਧਿਰਾਂ ਨੇ ਚੋਣ ਸੁਧਾਰਾਂ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਕੇਂਦਰ ਨੇ ਮੰਗਲਵਾਰ ਨੂੰ ਸਵੀਕਾਰ ਕਰ ਲਿਆ | ਹਲਕਿਆਂ ਮੁਤਾਬਿਕ ਵਿਰੋਧੀ ਧਿਰਾਂ ਨੇ ਪਿਛਲੇ ਮੌਨਸੂਨ ਇਜਲਾਸ 'ਚ ਵੀ ਐਸ.ਆਈ.ਆਰ. 'ਤੇ ਚਰਚਾ ਦੀ ਥਾਂ 'ਤੇ ਚੋਣ ਸੁਧਾਰਾਂ 'ਤੇ ਚਰਚਾ ਕਰਵਾਉਣ ਦਾ ਪ੍ਰਸਤਾਵ ਰੱਖਿਆ ਸੀ, ਪਰ ਕੇਂਦਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ | ਹੁਣ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੇਂਦਰ ਮੌਜੂਦਾ ਇਜਲਾਸ 'ਚ ਇਸ ਮੁੱਦੇ 'ਤੇ ਚਰਚਾ ਕਰਵਾਉਣ 'ਤੇ ਰਜ਼ਾਮੰਦ ਹੋ ਗਿਆ |
9-10 ਦਸੰਬਰ ਨੂੰ ਚੋਣ ਸੁਧਾਰਾਂ 'ਤੇ ਚਰਚਾ ਤੋਂ ਪਹਿਲਾਂ 8 ਦਸੰਬਰ ਨੂੰ ਲੋਕ ਸਭਾ 'ਚ 'ਵੰਦੇ ਮਾਤਰਮ' 'ਤੇ ਚਰਚਾ ਹੋਵੇਗੀ | 'ਵੰਦੇ ਮਾਤਰਮ' 'ਤੇ ਚਰਚਾ ਲਈ 10 ਘੰਟੇ ਦਾ ਸਮਾਂ ਨਿਸਚਿਤ ਕੀਤਾ ਗਿਆ ਹੈ | ਚਰਚਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ | ਜ਼ਿਕਰਯੋਗ ਹੈ ਕਿ ਲੋਕ ਸਭਾ ਦੇ ਕਾਰਜਕ੍ਰਮ 'ਚ 'ਵੰਦੇ ਮਾਤਰਮ' 'ਤੇ ਚਰਚਾ ਹੋਣੀ ਦਰਜ ਸੀ | ਪਰ ਹਲਕਿਆਂ ਮੁਤਾਬਿਕ ਸੂਚੀ 'ਚ ਇਸ ਚਰਚਾ ਨੂੰ ਸ਼ਾਮਿਲ ਕਰਨ ਦੀ ਯੋਜਨਾ ਸਿਰਫ਼ ਸਰਕਾਰ ਵਲੋਂ ਦਿੱਤਾ ਪ੍ਰਸਤਾਵ ਸੀ, ਜਿਸ 'ਚ ਵਿਰੋਧੀ ਧਿਰਾਂ ਨੂੰ ਨਾਲ ਸ਼ਾਮਿਲ ਨਹੀਂ ਕੀਤਾ ਗਿਆ ਸੀ | ਦੂਜੇ ਪਾਸੇ ਚੋਣ ਸੁਧਾਰਾਂ 'ਤੇ ਚਰਚਾ ਲਈ ਬਜ਼ਿੱਦ ਵਿਰੋਧੀ ਧਿਰਾਂ ਵਲੋਂ ਫੌਰੀ ਚਰਚਾ ਦੀ ਮੰਗ ਕੀਤੀ ਜਾ ਰਹੀ ਸੀ, ਜਿਸ 'ਤੇ ਸਰਕਾਰ ਰਾਜ਼ੀ ਨਹੀਂ ਸੀ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੋਮਵਾਰ ਨੂੰ ਰਾਜ ਸਭਾ 'ਚ ਅਤੇ ਮੰਗਲਵਾਰ ਨੂੰ ਲੋਕ ਸਭਾ 'ਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਕੋਈ ਵੀ ਮੁੱਦਾ ਹੋਵੇ ਭਾਵੇਂ ਉਹ ਚੋਣ ਸੁਧਾਰ ਹੀ ਹੋਵੇ ਅਸੀਂ ਪਿੱਛੇ ਨਹੀਂ ਹਟਾਂਗੇ | ਹਾਲਾਂਕਿ ਉਨ੍ਹਾਂ ਫੌਰੀ ਚਰਚਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਚਰਚਾ ਦਾ ਸਮਾਂ ਤੈਅ ਕਰਨ ਲਈ ਦਬਾਅ ਨਾ ਪਾਇਆ ਜਾਵੇ | 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਲੋਕ ਸਭਾ 'ਚ 10 ਘੰਟੇ ਦੀ ਚਰਚਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 8 ਦਸੰਬਰ, ਸੋਮਵਾਰ ਦੁਪਹਿਰ 12 ਵਜੇ ਕੀਤੀ ਜਾਵੇਗੀ |
ਵਿਰੋਧੀ ਧਿਰਾਂ ਦੀ ਸਪੀਕਰ ਅਤੇ ਸੱਤਾ ਧਿਰ ਨਾਲ ਮੀਟਿੰਗ
ਐਸ.ਆਈ.ਆਰ. ਨੂੰ ਲੈ ਕੇ ਸੰਸਦ 'ਚ ਬਣੇ ਰੇੜਕੇ ਨੂੰ ਲੈ ਕੇ ਮੰਗਲਵਾਰ ਨੂੰ ਸੰਸਦ 'ਚ ਮੀਟਿੰਗਾਂ ਦਾ ਦੌਰ ਚੱਲਿਆ | ਪਹਿਲਾਂ ਸਵੇਰੇ ਸਾਢੇ 11 ਵਜੇ ਸਪੀਕਰ ਓਮ ਬਿਰਲਾ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਮੀਟਿੰਗ ਕੀਤੀ | ਮਟਿੰਗ 'ਚ ਗੌਰਵ ਗੋਗੋਈ, ਕਨੀਮੋਝੀ, ਧਰਮਿੰਦਰ ਯਾਦਵ ਸਮੇਤ ਕਈ ਨੇਤਾ ਪਹੁੰਚੇ | ਸਪੀਕਰ ਨਾਲ ਮੀਟਿੰਗ ਤੋਂ ਬਾਅਦ ਦੁਪਹਿਰ 3 ਵਜੇ ਬਿਜ਼ਨੈੱਸ ਐਡਵਾਈਜ਼ਰੀ ਦੀ ਮੀਟਿੰਗ ਵੀ ਹੋਈ | ਜਿਸ 'ਚ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਸਹਿਮਤੀ ਬਣੀ |
ਵਿਰੋਧੀ ਧਿਰਾਂ ਵਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਸੰਸਦ ਦੇ ਬਾਹਰ ਮਕਰ ਦਵਾਰ ਕੋਲ ਵਿਰੋਧੀ ਧਿਰਾਂ ਨੇ ਐਸ.ਆਈ.ਆਰ. ਦੇ ਖਿਲਾਫ਼ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ 'ਚ ਕਾਗਰਸ ਡੀ.ਐਮ.ਕੇ., ਸੀ.ਪੀ.ਆਈ., ਸੀ.ਪੀ.ਐਮ. ਸਮੇਤ ਕਈ ਪਾਰਟੀਆਂ ਨੇ ਸ਼ਿਰਕਤ ਕੀਤੀ | ਹਾਲਾਂਕਿ 'ਏਕਲਾ ਚਲੋ' ਦਾ ਹੋਕਾ ਦਿੰਦੀ ਟੀ.ਐਮ.ਸੀ. ਨੇ ਇਸ ਪ੍ਰਦਰਸ਼ਨ 'ਚ ਸ਼ਮੂਲੀਅਤ ਨਹੀਂ ਕੀਤੀ | ਪ੍ਰਦਰਸ਼ਨਕਾਰੀਆਂ ਨੇ 'ਐਸ.ਆਈ.ਆਰ. ਰੋਕੋ ਵੋਟ ਚੋਰੀ ਰੋਕੋ' ਦਾ ਇਕ ਵੱਡਾ ਪੋਸਟਰ ਹੱਥ 'ਚ ਫੜਿਆ ਹੋਇਆ ਸੀ | ਇਸ ਤੋਂ ਇਲਾਵਾ ਐਸ.ਆਈ.ਆਰ. ਵੋਟ ਚੋਰੀ, ਐਸ.ਆਈ.ਆਰ. ਫਰਾਡ ਜਿਹੇ ਕਈ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰਾਂ 'ਵੋਟ ਚੋਰ, ਗੱਦੀ ਛੋੜ' ਦੇ ਨਾਅਰੇ ਵੀ ਲਗਾਉਂਦੇ ਨਜ਼ਰ ਆਏ | ਹੰਗਾਮਿਆਂ ਕਾਂਗਰਸ ਲੋਕ ਸਭਾ ਦੀ ਕਾਰਵਾਈ ਦੋ ਵਾਰ ਉਠਾਉਣ ਤੋਂ ਬਾਅਦ ਦਿਨ ਭਰ ਲਈ ਕੀਤੀ ਮੁਲਤਵੀ ਲੋਕ ਸਭਾ 'ਚ ਹੰਗਾਮਿਆਂ ਦਾ ਦੌਰ ਮੰਗਲਵਾਰ ਨੂੰ ਵੀ ਜਾਰੀ ਰਿਹਾ | ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਐਸ.ਆਈ.ਆਰ. 'ਤੇ ਚਰਚਾ ਦੀ ਮੰਗ ਲੈ ਕੇ ਸਭਾ ਦੇ ਵਿਚਕਾਰ ਆ ਗਈਆਂ | ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਆਪਣੀ ਸੀਟ 'ਤੇ ਜਾਣ ਅਤੇ ਮਰਿਆਦਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡਾ ਵਰਤਾਅ ਅਤੇ ਰਵੱਈਆ ਉੱਚ ਪੱਧਰ ਦਾ ਹੋਣਾ ਚਾਹੀਦਾ ਹੈ ਤਾਂ ਜੋ ਸੰਸਦ ਦਾ ਵੱਕਾਰ ਵਧੇ | ਵਿਰੋਧੀ ਧਿਰਾਂ ਵਲੋਂ ਹੰਗਾਮਾ ਜਾਰੀ ਰੱਖਣ ਤੋਂ ਸਪੀਕਰ ਦੇ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ | 12 ਵਜੇ ਸਭਾ ਮੁੜ ਜੁੜਣ 'ਤੇ ਹੰਗਾਮਾ ਜਾਰੀ ਰਹਿਣ 'ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਦੇਸ਼ ਕੋਲ ਕਈ ਮੁੱਦੇ ਹਨ | ਕਿਸੇ ਵੀ ਮੁੱਦੇ ਨੂੰ ਛੋਟਾ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਐਸ.ਆਈ.ਆਰ. ਤੇ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਕ ਮੁੱਦੇ ਨੂੰ ਲੈ ਕੇ ਬਾਕੀ ਮੁੱਦਿਆ ਨੂੰ (ਵਿਰੋਧੀ ਧਿਰ) ਦਬਾਅ ਨਹੀਂ ਸਕਦੀਆਂ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਭਾਵੇਂ ਚੋਣ ਸੁਧਾਰ ਹੋਵੇ ਜਾਂ ਕੋਈ ਵੀ ਮੁੱਦਾ ਸਰਕਾਰ ਪਿੱਛੇ ਨਹੀਂ ਹਟੇਗੀ | ਹੰਗਾਮਾ ਸ਼ਾਂਤ ਨਾ ਹੋਣ 'ਤੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੋ ਵਜੇ ਤੱਕ ਅਤੇ ਫਿਰ ਦਿਨ ਭਰ ਲਈ ਉਠਾ ਦਿੱਤੀ ਗਈ |
ਰਾਜ ਸਭਾ 'ਚ ਵਿਰੋਧੀ ਧਿਰਾਂ ਦਾ ਵਾਕਆਊਟ
ਰਾਜ ਸਭਾ 'ਚ ਵੀ ਵਿਰੋਧੀ ਧਿਰਾਂ ਵਲੋਂ ਐਸ.ਆਈ.ਆਰ. ਨੂੰ ਲੈ ਕੇ ਹੰਗਾਮਾ ਜਾਰੀ ਰਿਹਾ | ਸਭਾਪਤੀ ਸੀ.ਪੀ. ਰਾਧਾਕ੍ਰਿਸ਼ਨਣ ਨੇ ਹੰਗਾਮਿਆਂ ਦੌਰਾਨ ਹੀ ਸਭਾ ਦੀ ਕਾਰਵਾਈ ਜਾਰੀ ਰੱਖੀ | ਫਿਰ ਦੁਪਹਿਰ 12.00 ਵਜੇ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ | ਸਦਨ ਮੁੜ ਜੁੜਨ 'ਤੇ ਵਿਰੋਧੀ ਧਿਰਾਂ ਨੇ ਐਸ.ਆਈ.ਆਰ. 'ਤੇ ਹੰਗਾਮਾ ਜਾਰੀ ਰੱਖਿਆ | ਹੰਗਾਮਿਆਂ 'ਚ ਹੀ ਸਭਾਪਤੀ ਨੇ ਮਨੀਪੁਰ ਜੀ.ਐਸ.ਟੀ. ਬਿੱਲ 'ਤੇ ਚਰਚਾ ਦੀ ਸ਼ੁਰੂਆਤ ਕਰ ਦਿੱਤੀ | ਜਿਸ 'ਤੇ ਕੁਝ ਦੇਰ ਬਾਅਦ ਵਿਰੋਧੀ ਧਿਰਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ | ਵਿਰੋਧੀ ਧਿਰਾਂ ਦੀ ਗ਼ੈਰਮੌਜੂਦਗੀ 'ਚ ਬਿੱਲ ਰਾਜ ਸਭਾ 'ਚੋਂ ਜ਼ੁਬਾਨੀ ਵੋਟਾਂ ਨਾਲ ਪਾਸ ਕਰਦੇ ਲੋਕ ਸਭਾ ਵਾਪਸ ਭੇਜ ਦਿੱਤਾ |

ਪਿਛਲੀ ਖ਼ਬਰ ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਵਧਾਈ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਜਪਾਨੀ ਉਦਯੋਗਪਤੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।