ਪਸ਼ੂ ਚਾਰਾ ਬਣਾਉਣ ਤੇ ਵੇਚਣ ਵਾਲਿਆਂ ਨੂੰ ਹੁਣ ਲੈਣਾ ਪਵੇਗਾ ਲਾਇਸੈਂਸ
ਚੰਡੀਗੜ੍ਹ, 2 ਦਸੰਬਰ (ਹਰਕਵਲਜੀਤ ਸਿੰਘ)-ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦਸੰਬਰ 2018 ਵਿਚ ਰਾਜ ਵਿਚ ਪਸ਼ੂ ਚਾਰਾ ਬਣਾਉਣ ਤੇ ਵੇਚਣ ਵਾਲਿਆਂ ਲਈ ਚਾਰੇ ਦੇ ਨਿਰਧਾਰਤ ਮਾਪਦੰਡ ਲਾਗੂ ਕਰਨ ਲਈ ਜੋ ਬਿੱਲ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ ਸੀ, ਜੋ ਬਾਅਦ ਵਿਚ ਰਾਸ਼ਟਰਪਤੀ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਸੀ, ਨੂੰ ਹੁਣ ਸੱਤ ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਗਈ ਹੈ | ਪੰਜਾਬ ਤੋਂ ਬਾਅਦ ਦੱਖਣ ਦੇ 2-3 ਰਾਜਾਂ ਵਲੋਂ ਵੀ ਇਸੇ ਤਰਜ਼ 'ਤੇ 2023-24 ਦੌਰਾਨ ਬਿੱਲ ਪਾਸ ਕੀਤੇ ਗਏ, ਜੋ ਰਾਜਪਾਲਾਂ ਦੀ ਪ੍ਰਵਾਨਗੀ ਬਾਅਦ ਲਾਗੂ ਵੀ ਹੋ ਗਏ ਸਨ ਅਤੇ ਪੰਜਾਬ ਸਰਕਾਰ ਵਲੋਂ ਇਹ ਜਾਣਕਾਰੀ ਕੇਂਦਰ ਦੇ ਧਿਆਨ ਵਿਚ ਵੀ ਲਿਆਂਦੀ ਗਈ | ਕੇਂਦਰ ਨੂੰ ਮੁੱਖ ਤੌਰ 'ਤੇ ਇਤਰਾਜ਼ ਸੀ ਕਿ ਖੁਰਾਕ ਸੁਰੱਖਿਆ ਸੰਬੰਧੀ ਕੇਂਦਰ ਦੀ ਵੀ ਅਥਾਰਿਟੀ ਹੈ ਪਰ ਕੇਂਦਰ ਵਲੋਂ ਹੁਣ ਤੱਕ ਇਸ ਸੰਬੰਧੀ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਿਆ | ਪੰਜਾਬ ਵਿਚ ਇਕ ਅੰਦਾਜ਼ੇ ਅਨੁਸਾਰ ਪਸ਼ੂ ਚਾਰੇ ਦੇ ਕੋਈ 2 ਹਜ਼ਾਰ ਉਤਪਾਦਕ ਹਨ, ਜਦੋਂਕਿ ਇਸ ਦੀ ਵਿੱਕਰੀ ਵਾਲਿਆਂ ਦੀ ਗਿਣਤੀ ਇਸ ਤੋਂ ਕਾਫੀ ਵੱਧ ਹੈ | ਇਸ ਬਿੱਲ ਦੇ ਹੁਣ ਲਾਗੂ ਹੋਣ ਨਾਲ ਮੌਜੂਦਾ ਉਤਪਾਦਕਾਂ, ਚਾਰਾ ਸਟੋਰ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਤਿੰਨ ਮਹੀਨਿਆਂ ਵਿਚ ਰਜਿਸਟ੍ਰੇਸ਼ਨ ਕਰਵਾ ਕੇ ਲਾਇਸੈਂਸ ਲੈਣਾ ਪਵੇਗਾ, ਜਦੋਂਕਿ ਹੁਣ ਤੱਕ ਇਸ ਖੇਤਰ 'ਤੇ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਕੰਟਰੋਲ ਨਹੀਂ ਸੀ | ਸਰਕਾਰ ਦਾ ਮੰਨਣਾ ਹੈ ਕਿ ਚਾਰੇ ਸੰਬੰਧੀ ਮਿਆਰੀਕਰਨ ਲਾਗੂ ਹੋਣ ਨਾਲ ਦੁੱਧ ਦਾ ਉਤਪਾਦਨ ਵੀ ਵਧੇਗਾ | ਨਵਾਂ ਕਾਨੂੰਨ ਲਾਗੂ ਹੋਣ ਨਾਲ ਹੁਣ ਸਰਕਾਰ ਵਲੋਂ ਨਾਮਜ਼ਦ ਅਧਿਕਾਰੀ ਪਸ਼ੂ ਚਾਰੇ ਦੇ ਮਿਆਰੀਕਰਨ ਦਾ ਪਤਾ ਲਗਾਉਣ ਲਈ ਚਾਰਾ ਬਣਾਉਣ ਤੇ ਵੇਚਣ ਵਾਲੇ ਯੂਨਿਟਾਂ 'ਤੇ ਜਾ ਕੇ ਸੈਂਪਲ ਵੀ ਲੈ ਸਕਣਗੇ | ਸਰਕਾਰ ਵਲੋਂ ਨਿਰਧਾਰਤ ਮਿਆਰਾਂ ਅਨੁਸਾਰ ਚਾਰੇ ਦਾ ਉਤਪਾਦਨ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਹੋ ਸਕੇਗੀ ਅਤੇ ਐਕਟ ਅਨੁਸਾਰ ਉਨ੍ਹਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਵੀ ਦਿੱਤੀ ਜਾ ਸਕੇਗੀ | ਅਜਿਹੇ ਕੇਸਾਂ ਵਿਚ ਅਦਾਲਤਾਂ ਤੋਂ ਕੇਸਾਂ ਦੇ ਨਿਪਟਾਰੇ ਤੱਕ ਉਤਪਾਦਕਾਂ ਦੇ ਲਾਇਸੈਂਸ ਰੱਦ ਰਹਿਣਗੇ | ਐਕਟ ਅਨੁਸਾਰ ਛਾਪੇਮਾਰੀ ਜਾਂ ਕਾਰਵਾਈ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਅਦਾਲਤੀ ਕੇਸ ਵੀ ਨਹੀਂ ਹੋਣਗੇ, ਜਦੋਂਕਿ ਉਨ੍ਹਾਂ ਵਿਰੁੱਧ ਅਪੀਲ ਵਿਭਾਗ ਦੇ ਸਕੱਤਰ ਕੋਲ ਦਾਇਰ ਹੋ ਸਕੇਗੀ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੁੱਧ ਉਤਪਾਦਨ ਦੀ ਕੀਮਤ ਦਾ ਕੋਈ 70-75 ਫ਼ੀਸਦੀ ਪਸ਼ੂ ਚਾਰੇ 'ਤੇ ਖਰਚ ਹੁੰਦਾ ਹੈ ਪਰ ਇਸ ਦੇ ਮਿਆਰੀਕਰਨ 'ਤੇ ਹੁਣ ਤੱਕ ਸਰਕਾਰ ਦਾ ਕੋਈ ਕੰਟਰੋਲ ਨਹੀਂ ਸੀ, ਜਦੋਂਕਿ ਪਸ਼ੂਆਂ ਦੀ ਸਿਹਤ ਲਈ ਚੰਗੇ ਚਾਰੇ ਦਾ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪਸ਼ੂ ਚਾਰੇ ਵਿਚ ਮਿਆਰੀਕਰਨ ਆਵੇਗਾ |
ਪਸ਼ੂ ਚਾਰੇ ਦੇ ਮਿਆਰੀਕਰਨ ਸੰਬੰਧੀ ਪੰਜਾਬ ਬਿੱਲ ਨੂੰ ਮਿਲੀ 7 ਸਾਲਾਂ ਬਾਅਦ ਮਨਜ਼ੂਰੀ
ਅਜੀਤ ਡੈਸਕ
03-12-2025