ਨਿਊਯਾਰਕ/ਵਾਸ਼ਿੰਗਟਨ, 20 ਨਵੰਬਰ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 350 ਫ਼ੀਸਦ ਟੈਰਿਫ ਲਗਾਉਣ ਦੀ ਧਮਕੀ ਦੇ ਕੇ ਭਾਰਤ ਤੇ ਪਾਕਿ ਵਿਚਕਾਰ ਚੱਲ ਰਹੇ ਟਕਰਾਅ ਨੂੰ ਰੋਕਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਅਦ 'ਚ ਉਨ੍ਹਾਂ ਨੂੰ ਫੋਨ ਕਰਕੇ ਕਿਹਾ 'ਅਸੀਂ ਯੁੱਧ ਨਹੀਂ ਕਰਾਂਗੇ' | ਟਰੰਪ ਨੇ 60 ਤੋਂ ਵੱਧ ਵਾਰ ਇਹ ਦਾਅਵਾ ਦੁਹਰਾਇਆ ਹੈ ਕਿ ਉਨ੍ਹਾਂ ਨੇ ਇਸ ਸਾਲ ਮਈ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਵਿਚ ਮਦਦ ਕੀਤੀ ਸੀ, ਜਦੋਂ ਕਿ ਭਾਰਤ ਨੇ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਲਗਾਤਾਰ ਇਨਕਾਰ ਕੀਤਾ ਹੈ | ਟਰੰਪ ਨੇ ਕਿਹਾ ਮੈਂ ਵਿਵਾਦਾਂ ਨੂੰ ਸੁਲਝਾਉਣ 'ਚ ਚੰਗਾ ਹਾਂ ਤੇ ਹਮੇਸ਼ਾ ਰਿਹਾ ਹਾਂ | ਮੈਂ ਪਿਛਲੇ ਕੁਝ ਸਾਲਾਂ 'ਚ ਤੇ ਪਹਿਲਾਂ ਵੀ ਇਸ ਦਿਸ਼ਾ ਵਿਚ ਵਧੀਆ ਕੰਮ ਕੀਤਾ ਹੈ | ਟਰੰਪ ਨੇ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਵਿਚ ਦਾਅਵਾ ਕੀਤਾ ਕਿ ਉਸਨੇ 2 ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਨੂੰ ਕਿਹਾ ਸੀ ਕਿ ਉਹ ਜੰਗ ਜਾਰੀ ਰੱਖ ਸਕਦੇ ਹਨ, ਪਰ ਮੈਂ ਦੋਵਾਂ ਦੇਸ਼ਾਂ 'ਤੇ 350 ਫ਼ੀਸਦ ਟੈਰਿਫ ਲਗਾ ਰਿਹਾ ਹਾਂ | ਉਹ ਹੁਣ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ | ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਨੇ ਵੀ ਅਮਰੀਕਾ-ਸਾਊਦੀ ਨਿਵੇਸ਼ ਫੋਰਮ 'ਚ ਸ਼ਿਰਕਤ ਕੀਤੀ | ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ | ਟਰੰਪ ਨੇ ਫਿਰ ਕਿਹਾ ਕਿ ਜੇਕਰ ਦੋਵੇਂ ਦੇਸ਼ ਲੜਨਾ ਬੰਦ ਕਰ ਦਿੰਦੇ ਹਨ, ਤਾਂ ਸਾਡੇ ਕੋਲ ਇਕ ਚੰਗਾ ਵਪਾਰ ਸੌਦਾ ਹੋਵੇਗਾ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਉਨ੍ਹਾਂ ਨੂੰ ਫ਼ੋਨ ਕੀਤਾ ਤੇ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਸੂਸੀ ਵਿਲਜ਼ ਦੇ ਸਾਹਮਣੇ ਲੱਖਾਂ ਜਾਨਾਂ ਬਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ |