14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਰਾਹੁਲ ਖ਼ਿਲਾਫ਼ ਸਾਬਕਾ ਜੱਜਾਂ ਤੇ ਨੌਕਰਸ਼ਾਹਾਂ ਸਮੇਤ 272 ਹਸਤੀਆਂ ਵਲੋਂ ਖੁੱਲ੍ਹੀ ਚਿੱਠੀ

ਅਜੀਤ ਡੈਸਕ 20-11-2025
ਚੋਣ ਕਮਿਸ਼ਨ ਨੂੰ ਬਦਨਾਮ ਕਰਨ ਦਾ ਦੋਸ਼
ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਸਾਬਕਾ ਜੱਜਾਂ ਤੇ ਸੇਵਾਮੁਕਤ ਨੌਕਰਸ਼ਾਹਾਂ ਨੇ ਇਕ ਖੁੱਲ੍ਹੀ ਚਿੱਠੀ ਲਿਖ ਕੇ ਕਾਂਗਰਸੀ ਸੰਸਦ ਮੈਂਬਰ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਨਿਸ਼ਾਨਾਂ ਬਣਾਇਆ ਹੈ | 250 ਤੋਂ ਜ਼ਿਆਦਾ ਮੈਂਬਰਾਂ ਵਾਲੇ ਇਸ ਗਰੁੱਪ ਨੇ ਰਾਹੁਲ ਗਾਂਧੀ ਵਲੋਂ ਚੋਣ ਕਮਿਸ਼ਨ 'ਤੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਚਿੱਠੀ 'ਚ ਕਿਹਾ ਗਿਆ ਹੈ ਕਿ ਸਿਆਸੀ ਹਤਾਸ਼ਾ ਨੂੰ ਲੁਕਾਉਣ ਲਈ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਦਰਅਸਲ 6 ਸਾਬਕਾ ਜੱਜਾਂ, 123 ਸੇਵਾਮੁਕਤ ਨੌਕਰਸ਼ਾਹਾਂ (14 ਸਾਬਕਾ ਰਾਜਦੂਤਾਂ ਸਮੇਤ) ਤੇ 133 ਸੇਵਾਮੁਕਤ ਫ਼ੌਜੀ ਅਧਿਕਾਰੀਆਂ ਸਮੇਤ 27 ਪ੍ਰਮੁੱਖ ਨਾਗਰਿਕਾਂ ਨੇ ਇਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ, ਜਿਸ 'ਚ ਰਾਹੁਲ ਗਾਂਧੀ ਤੇ ਕਾਂਗਰਸ 'ਤੇ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ | ਚਿੱਠੀ 'ਚ ਕਿਹਾ ਗਿਆ ਹੈ ਕਿ ਅਸੀਂ ਭਾਰਤ ਦੇ ਸੀਨੀਅਰ ਨਾਗਰਿਕ ਇਸ ਗੱਲ 'ਤੇ ਚਿੰਤਾ ਜ਼ਾਹਿਰ ਕਰਦੇ ਹਾਂ ਕਿ ਕਿ ਭਾਰਤ ਦੇ ਲੋਕਤੰਤਰ 'ਤੇ ਹਥਿਆਰਾਂ ਨਾਲ ਨਹੀਂ ਸਗੋਂ ਜ਼ਹਿਰੀਲੀ ਬਿਆਨਬਾਜ਼ੀ ਨਾਲ ਹਮਲਾ ਹੋ ਰਿਹਾ ਹੈ | ਕੁਝ ਰਾਜਨੇਤਾ ਕੋਈ ਅਸਲ ਨੀਤੀ ਬਦਲ ਪੇਸ਼ ਕੀਤੇ ਬਗੈਰ ਹੀ ਆਪਣੀ ਨਾਟਕੀ ਰਾਜਨੀਤਕ ਰਣਨੀਤੀ 'ਚ ਉਕਸਾਵੇ ਤੇ ਨਿਰਾਧਾਰ ਇਲਜ਼ਾਮਾਂ ਦਾ ਸਹਾਰਾ ਲੈ ਰਹੇ ਹਨ | ਸੀਨੀਅਰ ਨਾਗਰਿਕਾਂ ਨੇ ਲਿਖਿਆ ਕਿ ਰਾਹੁਲ ਗਾਂਧੀ ਨੇ ਵਾਰ-ਵਾਰ ਚੋਣ ਕਮਿਸ਼ਨ 'ਤੇ ਵੋਟ ਚੋਰੀ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ, ਪਰ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਰਸਮੀ ਸ਼ਿਕਾਇਤ ਜਾਂ ਹਲਫ਼ਨਾਮਾ ਨਹੀਂ ਦਿੱਤਾ ਹੈ | ਚਿੱਠੀ 'ਚ ਲਿਖਿਆ ਗਿਆ ਹੈ ਕਿ ਬਿਨਾਂ ਸਬੂਤਾਂ ਦੇ ਲਗਾਏ ਗਏ ਇਹ ਦੋਸ਼ ਗ਼ੁੱਸੇ ਦਾ ਇਕ ਰੂਪ ਹਨ, ਜੋ ਵਾਰ-ਵਾਰ ਚੋਣ ਹਾਰਾਂ ਤੇ ਜਨਤਾ ਤੋਂ ਟੁੱਟਣ ਕਾਰਨ ਭੜਕਿਆ ਗ਼ੁੱਸਾ ਹੈ | ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਬੇਬੁਨਿਆਦ ਦੋਸ਼ਾਂ ਦੀ ਬਜਾਏ ਨੀਤੀਗਤ ਬਦਲ ਤੇ ਦੇਸ਼ ਲਈ ਇਕ ਠੋਸ ਦਿ੍ਸ਼ਟੀਕੋਣ ਪੇਸ਼ ਕਰਨ ਦੀ ਵੀ ਅਪੀਲ ਕੀਤੀ | ਚਿੱਠੀ ਦੇ ਅੰਤ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਲੋਕਤੰਤਰ ਮਜ਼ਬੂਤ ਹੈ ਤੇ ਰਾਜਨੀਤੀ ਲਈ ਡਰਾਮੇਬਾਜ਼ੀ ਨਹੀਂ ਸਗੋਂ ਸਚਾਈ, ਵਿਚਾਰਾਂ ਤੇ ਸੇਵਾ ਦੇ ਆਧਾਰ 'ਤੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ |

ਪਿਛਲੀ ਖ਼ਬਰ ਲਾਲ ਕਿਲ੍ਹੇ ਦੀ ਕਾਰ ਪਾਰਕਿੰਗ ਵਿਚ ਬਣਾਇਆ ਸੀ ਬੰਬ? ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ 4 ਮਹੀਨਿਆਂ 'ਚ ਰਾਸ਼ਟਰੀ ਟਿ੍ਬਿਊਨਲ ਕਮਿਸ਼ਨ ਦੇ ਗਠਨ ਦਾ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।