21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਈ.ਡੀ. ਵਲੋਂ ਦਿਨ ਭਰ ਚੱਲੀ ਛਾਪੇਮਾਰੀ ਤੋਂ ਬਾਅਦ ਅਲ ਫਲਾਹ ਗਰੁੱਪ ਦਾ ਚੇਅਰਮੈਨ ਗਿ੍ਫ਼ਤਾਰ

ਅਜੀਤ ਡੈਸਕ 19-11-2025

ਹਰਿਆਣਾ ਦੇ ਡੀ.ਜੀ.ਪੀ. ਵਲੋਂ ਯੂਨੀਵਰਸਿਟੀ ਦਾ ਦੌਰਾ
ਨਵੀਂ ਦਿੱਲੀ, 18 ਨਵੰਬਰ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਲਾਲ ਕਿਲ੍ਹੇ ਨੇੜੇ ਆਤਮਘਾਤੀ ਕਾਰ ਧਮਾਕੇ ਮਾਮਲੇ 'ਚ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਦੇ ਟਰੱਸਟੀਆਂ ਤੇ ਪ੍ਰਮੋਟਰਾਂ ਵਿਰੁੱਧ ਦਿੱਲੀ-ਐਨ.ਸੀ.ਆਰ. 'ਚ ਇਕੋ ਸਮੇਂ ਤਲਾਸ਼ੀ ਲੈਣ ਤੋਂ ਬਾਅਦ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਅਧਿਕਾਰੀਆਂ ਨੇ ਕਿਹਾ ਕਿ ਸਿੱਦੀਕੀ ਨੂੰ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੀਆਂ ਅਪਰਾਧਕ ਧਾਰਾਵਾਂ ਤਹਿਤ ਹਿਰਾਸਤ 'ਚ ਲਿਆ ਗਿਆ ਹੈ ਅਤੇ ਰਿਮਾਂਡ ਲਈ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ | ਏਜੰਸੀ ਨੇ ਸਵੇਰੇ 5.15 ਵਜੇ ਦੇ ਕਰੀਬ ਸ਼ੁਰੂ ਹੋਈਆਂ ਤਲਾਸ਼ੀਆਂ ਦੌਰਾਨ 48 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਹੈ ਅਤੇ ਦਿੱਲੀ ਪੁਲਿਸ ਵਲੋਂ ਦਾਇਰ 2 ਐਫ.ਆਈ.ਆਰਜ਼ ਦਾ ਨੋਟਿਸ ਲੈਂਦੇ ਹੋਏ ਪੀ.ਐਮ.ਐਲ.ਏ. ਅਧੀਨ ਕੇਸ ਦਰਜ ਹੋਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. 'ਚ ਅਲ ਫਲਾਹ ਟਰੱਸਟ ਨਾਲ ਜੁੜੀਆਂ ਕੁੱਲ 25 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਈ.ਡੀ. ਦੇ ਅਧਿਕਾਰੀਆਂ ਨੇ ਦਿੱਲੀ ਦੇ ਓਖਲਾ ਖੇਤਰ 'ਚ ਅਲ ਫਲਾਹ ਟਰੱਸਟ ਦੇ ਇਕ ਦਫ਼ਤਰ ਤੋਂ ਗਰੁੱਪ ਦੇ ਚੇਅਰਮੈਨ ਨੂੰ ਗਿ੍ਫ਼ਤਾਰ ਕਰ ਲਿਆ | ਇਸ ਮੌਕੇ ਪੁਲਿਸ ਤੇ ਅਰਧ ਸੈਨਿਕ ਬਲਾਂ ਵਲੋਂ ਇਮਾਰਤ ਦੇ ਆਲੇ-ਦੁਆਲੇ ਸੁਰੱਖਿਆ ਘੇਰਾਬੰਦੀ ਕੀਤੀ ਗਈ ਸੀ | ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ 'ਚ 15 ਲੋਕ ਮਾਰੇ ਗਏ ਸਨ ਅਤੇ ਯੂਨੀਵਰਸਿਟੀ ਤੇ ਕਸ਼ਮੀਰ 'ਚ ਯੂਨੀਵਰਸਿਟੀ ਨਾਲ ਜੁੜੇ ਕਈ ਡਾਕਟਰਾਂ ਦੀ ਭੂਮਿਕਾ ਅੱਤਵਾਦ ਵਿਰੋਧੀ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ 'ਚ ਹੈ | ਹੁਣ ਤੱਕ ਐਨ.ਆਈ.ਏ. ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਆਤਮਘਾਤੀ ਹਮਲਾਵਰ ਡਾਕਟਰ ਉਮਰ ਉਨ ਨਬੀ ਦੇ ਕਥਿਤ ਨਜ਼ਦੀਕੀ ਸਾਥੀ ਦੱਸਿਆ ਗਿਆ ਹੈ, ਜੋ ਕਿ ਧਮਾਕੇ ਵਾਲੀ ਕਾਰ ਚਲਾ ਰਿਹਾ ਸੀ |
ਹਰਿਆਣਾ ਦੇ ਡੀ.ਜੀ.ਪੀ. ਵਲੋਂ ਅਲ ਫਲਾਹ ਯੂਨੀਵਰਸਿਟੀ ਦਾ ਦੌਰਾ
ਚੰਡੀਗੜ੍ਹ, (ਪੀ.ਟੀ.ਆਈ)-ਹਰਿਆਣਾ ਦੀ ਡੀ.ਜੀ.ਪੀ ਓ.ਪੀ. ਸਿੰਘ ਨੇ ਮੰਗਲਵਾਰ ਨੂੰ ਫ਼ਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਸੁਰੱਖਿਆ ਖਾਮੀਆਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ, ਜਿਸ ਦੇ ਕਾਰਨ ਕੁੱਝ ਡਾਕਟਰ ਵਾਈਟ ਕਾਲਰ ਅੱਤਵਾਦੀ ਮਡਿਊਲ 'ਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣਾ ਟਿਕਾਣਾ ਬਣਾ ਲਿਆ | ਇਸ ਦੇ ਬਾਅਦ ਡੀ.ਜੀ.ਪੀ ਨੇ ਫ਼ਰੀਦਾਬਾਦ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨਾਲ ਵੀ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਘਟਨਾ ਦੇ ਬਾਅਦ ਤੋਂ ਲਾਪਤਾ ਹੋਏ 'ਵਰਸਿਟੀ ਦੇ ਫੈਕਲਟੀ ਮੈਂਬਰਾਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਅਜਿਹੇ ਵਿਅਕਤੀਆਂ ਸੰਬੰਧੀ ਕੇਂਦਰੀ ਏਜੰਸੀਆਂ ਨੂੰ ਸੂਚਿਤ ਕਰਨ ਦਾ ਵੀ ਨਿਰਦੇਸ਼ ਦਿੱਤਾ | ਡੀ.ਜੀ.ਪੀ ਨੇ ਕਿਹਾ ਕਿ ਯੂਨੀਵਰਸਿਟੀ 'ਚ ਸੁਰੱਖਿਆ ਖਾਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅੱਤਵਾਦੀ ਮਡਿਊਲ 'ਚ ਸ਼ਾਮਿਲ ਵਿਅਕਤੀਆਂ ਨੇ ਇਸ ਨੂੰ ਆਪਣਾ ਟਿਕਾਣਾ ਕਿਵੇਂ ਬਣਾਇਆ ਅਤੇ ਐਨੀ ਵੱਡੀ ਮਾਤਰਾ 'ਚ ਗੋਲਾ ਬਾਰੂਦ ਅਤੇ ਹਥਿਆਰ ਕਿਸ ਤਰ੍ਹਾਂ ਪ੍ਰਾਪਤ ਕੀਤੇ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ Tushar Gupta ਨੇ Nawanshahr 'ਚ ਸੰਭਾਲਿਆ ਆਹੁਦਾ ਅਗਲੀ ਖ਼ਬਰ ਹਰਿਆਣਾ 'ਪੰਜਾਬ ਯੂਨੀਵਰਸਿਟੀ' ਦੀ ਸੈਨੇਟ ਅਤੇ ਸਿੰਡੀਕੇਟ 'ਤੇ ਕਬਜ਼ਾ ਕਰਨ ਦੀ ਕਰ ਰਿਹਾ ਹੈ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।