ਚੰਡੀਗੜ੍ਹ ਪ੍ਰਸ਼ਾਸਨ 'ਚ ਸਟਾਫ਼ ਅਨੁਪਾਤ ਦਰ ਦਾ ਮੁੱਦਾ ਸਟੈਂਡਿੰਗ ਕਮੇਟੀ ਨੂੰ ਭੇਜਿਆ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਨਵੰਬਰ-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨਾਲ ਸੰਬੰਧਿਤ ਉੱਤਰੀ ਜ਼ੋਨਲ ਦੇ ਅੰਤਰ ਰਾਜੀ ਮੁੱਦਿਆਂ 'ਤੇ 'ਜਿਉਂ ਦੀ ਤਿਉਂ' ਸਥਿਤੀ ਰੱਖਣ ਦੇ ਆਦੇਸ਼ ਦਿੱਤੇ ਹਨ | ਉਕਤ ਬਿਆਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਦਿੱਲੀ 'ਚ ਕੀਤੀ ਉਸ ਪ੍ਰੈੱਸ ਕਾਨਫ਼ਰੰਸ 'ਚ ਦਿੱਤਾ ਗਿਆ, ਜੋ ਉੱਤਰੀ ਜ਼ੋਨਲ ਕੌਂਸਲ ਦੀ ਫਰੀਦਾਬਾਦ ਦੇ ਸੂਰਜਕੁੰਡ ਵਿਖੇ ਹੋਈ 32ਵੀਂ ਮੀਟਿੰਗ ਤੋਂ ਇਕ ਦਿਨ ਬਾਅਦ ਕੀਤੀ ਗਈ | ਮਾਨ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੰਸਥਾਵਾਂ 'ਚ ਸਟਾਫ਼ ਦੀ ਅਨੁਪਾਤ ਦਰ ਦਾ ਮੁੱਦਾ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ ਹੈ | ਮਾਨ ਨੇ ਪ੍ਰੈੱਸ ਕਾਨਫ਼ਰੰਸ 'ਚ ਸੋਮਵਾਰ ਦੀ ਮੀਟਿੰਗ ਦੇ ਅਹਿਮ ਤੱਥ ਪੇਸ਼ ਕਰਦਿਆਂ ਗੁਆਂਢੀ ਰਾਜਾਂ 'ਤੇ ਕਈ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਹੈ, ਪਰ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਲਗਾਤਾਰ ਨਵੇਂ ਦਾਅਵੇ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੌਂਸਲ ਦੀ ਮੀਟਿੰਗ 'ਚ ਕੁੱਲ 28 ਪ੍ਰਸਤਾਵ ਸਨ, ਜਿਨ੍ਹਾਂ 'ਚ 11 ਪੰਜਾਬ ਦੇ ਖ਼ਿਲਾਫ਼ ਸਨ ਅਤੇ ਜ਼ਿਆਦਾਤਰ ਪਾਣੀ ਨਾਲ ਸੰਬੰਧਿਤ ਸਨ | ਕੌਂਸਲ ਬੈਠਕ 'ਚ ਚੰਡੀਗੜ੍ਹ ਨਾਲ ਸੰਬੰਧਿਤ ਮੁੱਦਿਆਂ 'ਚ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਅਤੇ ਚੰਡੀਗੜ੍ਹ ਦੇ ਕੰਮਕਾਜ 'ਚ ਪੰਜਾਬ ਅਤੇ ਹਰਿਆਣਾ ਦੇ ਸੇਵਾ ਮੁਲਾਜ਼ਮਾਂ ਦੀ ਭਰਤੀ 'ਚ 60:40 ਦੇ ਅਨੁਪਾਤ ਨੂੰ ਬਰਕਰਾਰ ਰੱਖਣਾ ਸ਼ਾਮਿਲ ਸੀ ਜਿਨ੍ਹਾਂ 'ਚ ਅਨੁਪਾਤ ਦਰ ਵਾਲਾ ਮੁੱਦਾ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ ਹੈ | ਜਦਕਿ ਪਾਣੀ ਨਾਲ ਸੰਬੰਧਿਤ ਮੁੱਦਿਆਂ 'ਚ ਰਾਜਸਥਾਨ ਤੋਂ ਬੀ.ਬੀ.ਐਮ.ਬੀ. 'ਚ ਮੈਂਬਰ ਦੀ ਨਿਯੁਕਤੀ, ਭਾਖੜਾ ਅਤੇ ਪੌਂਗ ਡੈਮ 'ਚ ਪੂਰਾ ਜਲ ਭੰਡਾਰ ਪੱਧਰ ਬਣਾਏ ਰੱਖਣ ਬਾਰੇ, ਪੰਜਾਬ ਖੇਤਰ 'ਚ ਐੱਸ.ਵਾਈ.ਐਲ. ਨਹਿਰ ਦੀ ਉਸਾਰੀ ਬਾਰੇ, ਰੋਪੜ, ਹਰੀਕੇ ਅਤੇ ਫਿਰੋਜ਼ਪੁਰ ਹੈੱਡ ਵਰਕਸ ਦਾ ਕੰਟਰੋਲ ਬੀ.ਬੀ.ਐਮ.ਬੀ. ਨੂੰ ਦੇਣ ਬਾਰੇ, ਯਮੁਨਾ ਦੇ ਪਾਣੀਆਂ ਦੀ ਵੰਡ, ਪੰਜਾਬ 'ਚ ਆਏ ਹਾਲੀਆ ਹੜ੍ਹਾਂ ਦਾ ਮੁੱਦਾ ਸ਼ਾਮਿਲ ਸੀ | ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ, ਦੂਜੇ ਰਾਜਾਂ ਤੋਂ ਹਥਿਆਰਾਂ ਦੀ ਤਸਕਰੀ 'ਤੇ ਰੋਕ ਦਾ ਮੁੱਦਾ ਵੀ ਸ਼ਾਮਿਲ ਸੀ |
ਪੰਜਾਬ ਦੇ ਨਾਂਅ ਦਾ ਮਾਣ ਤਾਂ ਰਹਿਣ ਦਿਓ
ਪੰਜਾਬ ਵਲੋਂ ਲਗਾਤਾਰ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਲੋਂ ਪਾਣੀ ਦੇ ਮੁੱਦਿਆਂ 'ਤੇ ਪਾਏ ਜਾਣ ਵਾਲੇ ਰੇੜਕੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖੁਦ ਹੀ ਪਾਣੀ ਦੀ ਕਿੱਲਤ ਝੇਲਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਜਿਸ ਦਾ ਨਾਂਅ ਹੀ ਪਾਣੀਆਂ 'ਤੇ ਪਿਆ ਹੈ, ਉਸ ਨੂੰ ਪਾਣੀ ਤੋਂ ਸੱਖਣਾ ਨਾ ਕਰੋ, ਨਾਂਅ ਦਾ ਮਾਣ ਤਾਂ ਰਹਿਣ ਦਿਓ | ਮਾਨ ਨੇ ਵੱਖ-ਵੱਖ ਰਾਜਾਂ ਵਲੋਂ ਕੀਤੀਆਂ ਜਾਣ ਵਾਲੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਤੇ ਐੱਸ.ਵਾਈ.ਐਲ. ਨਹਿਰ ਦੀ ਮੰਗ, ਕਿਤੇ ਸ਼ਾਨਨ ਪ੍ਰਾਜੈਕਟ ਦਾ ਮੁੱਦਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹੜ੍ਹਾਂ ਵੇਲੇ ਜਦੋਂ ਪੰਜਾਬ ਨੇ ਗੁਆਂਢੀ ਰਾਜਾਂ ਨੂੰ ਪਾਣੀ ਦੇਣ ਬਾਰੇ ਪੁੱਛਿਆ ਤਾਂ ਸਭ ਨੇ ਮਨਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਭਾਰਤ ਦੇ ਅੰਨ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਹੈ, ਜੇਕਰ ਪਾਣੀ ਹੀ ਪੰਜਾਬ ਕੋਲ ਨਹੀਂ ਰਹੇਗਾ ਤਾਂ ਕੀ ਕਿਸਾਨ ਗਮਲੇ 'ਚ ਖੇਤੀ ਕਰਨਗੇ | ਮਾਨ ਨੇ ਕਿਹਾ ਕਿ ਮੀਟਿੰਗ 'ਚ ਕਹਿੰਦੇ ਹਨ ਕਿ ਨਹਿਰ ਬਣਾ ਦਿਓ ਪਰ ਕੀ ਉਸ 'ਚ ਪਾਣੀ ਦੀ ਥਾਂ 'ਤੇ ਜੂਸ ਛੱਡਾਂਗੇ? ਉਨ੍ਹਾਂ ਗੁਆਂਢੀ ਰਾਜਾਂ 'ਤੇ ਸਹੂਲਤ ਮੁਤਾਬਿਕ ਰੁਖ਼ ਪਲਟਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋਂ ਪੰਜਾਬ ਆਪਣੀ 1600 ਕਰੋੜ ਰੁਪਏ ਦੀ ਰਕਮ ਮੰਗਦਾ ਹੈ ਤਾਂ ਸਾਰੇ ਸੂਚੀ 1952 ਅਤੇ 1966 ਦਾ ਹਵਾਲਾ ਦਿੰਦੇ ਹਨ, ਪਰ ਜਦੋਂ ਪੰਜਾਬ 1966 ਦੇ ਪੁਨਰਗਠਨ ਦੀ ਗੱਲ ਕਰਦਾ ਹੈ ਤਾਂ ਉਸ 'ਚ ਨਾ ਤਾਂ ਹਰਿਆਣਾ ਸ਼ਾਮਿਲ ਹੁੰਦਾ ਹੈ ਨਾ ਹੀ ਹਿਮਾਚਲ ਪ੍ਰਦੇਸ਼ |
ਜਲ ਸਮਝੌਤਿਆਂ ਦੀ ਕੀਤੀ ਜਾਵੇ ਸਮੀਖਿਆ
ਪੰਜਾਬ ਦੇ ਮੁੱਖ ਮੰਤਰੀ ਨੇ ਜਲ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ 25 ਸਾਲ ਬਾਅਦ ਵੀ ਜਲ ਸਮਝੌਤਿਆਂ ਦੀ ਸਮੀਖਿਆ ਕਿਉਂ ਨਹੀਂ ਕੀਤੀ ਜਾਂਦੀ | ਉਨ੍ਹਾਂ ਕਿਹਾ ਕਿ ਜਦੋਂ ਜਲ ਸਮਝੌਤੇ ਕੀਤੇ ਗਏ ਅਤੇ ਹੁਣ ਦੇ ਹਾਲਾਤਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਯਮੁਨਾ ਤੋਂ ਪਾਣੀ ਲੈਂਦਾ ਹੈ ਪਰ ਜਦੋਂ ਪੰਜਾਬ ਮੰਗਦਾ ਹੈ ਤਾਂ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ | ਭਗਵੰਤ ਮਾਨ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਕ ਪਾਸੇ ਪਾਕਿਸਤਾਨ ਹੈ ਅਤੇ ਇਕ ਪਾਸੇ ਰਾਜਸਥਾਨ, ਹਰਿਆਣਾ ਅਤੇ ਹੋਰ ਸੂਬੇ | ਸਮਝ ਨਹੀਂ ਆਉਂਦਾ ਅਸਲ ਦੁਸ਼ਮਣ ਕਿਸ ਪਾਸੇ ਹੈ | ਉਨ੍ਹਾਂ ਕਿਹਾ ਕਿ ਹਰ ਕੋਈ ਪੰਜਾਬ ਨੂੰ ਵੱਡਾ ਭਰਾ ਕਹਿੰਦਾ ਹੈ ਪਰ ਪੰਜਾਬ ਤੋਂ ਕੁਝ ਨਾ ਕੁਝ ਭਾਲਦਾ ਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਕ ਹੀ ਸਵਾਲ ਹੈ ਕਿ ਛੋਟਾ ਭਰਾ ਤਰੱਕੀ ਕਰੇ ਪਰ ਵੱਡੇ ਭਰਾ ਨੂੰ ਉਜੜਨ ਨਾ ਦਵੇ |
ਪੰਜਾਬ ਦੇ ਡਿਸਿਲਟਿੰਗ ਪ੍ਰਾਜੈਕਟ ਲਈ ਕੇਂਦਰ ਨੂੰ ਕੀਤੀ ਪਹੁੰਚ
ਪੰਜਾਬ 'ਚ ਆਏ ਹਾਲੀਆ ਹੜ੍ਹਾਂ ਤੋਂ ਬਾਅਦ ਸੂਬੇ ਨੇ ਕੇਂਦਰ ਨੂੰ ਡੀਸਿਲਟਿੰਗ ਪ੍ਰਾਜੈਕਟ ਸ਼ੁਰੂ ਕਰਨ ਲਈ ਵੀ ਅਪੀਲ ਕੀਤੀ, ਜਿਸ 'ਚ ਹਰੀਕੇ, ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਦੀ ਡੀਸਿਲਟਿੰਗ ਮੁੱਖ ਤੌਰ 'ਤੇ ਸ਼ਾਮਿਲ ਹੈ | ਇਸ ਪੂਰੇ ਪ੍ਰਾਜੈਕਟ 'ਤੇ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ | ਗ੍ਰਹਿ ਮੰਤਰੀ ਨੇ ਵੀ ਡੀਸਿਲਟਿੰਗ ਨੂੰ ਅਹਿਮ ਕਰਾਰ ਦਿੱਤਾ | ਮਾਨ ਨੇ ਆਸ ਪ੍ਰਗਟਾਈ ਕਿ ਇਸ ਸੰਬੰਧ 'ਚ ਛੇਤੀ ਫੈਸਲਾ ਲਿਆ ਹੋ ਸਕਦਾ ਹੈ |
ਅਮਿਤ ਸ਼ਾਹ ਨੇ ਸਥਿਤੀ 'ਜਿਉਂ ਦੀ ਤਿਉਂ' ਰੱਖਣ ਦੇ ਦਿੱਤੇ ਆਦੇਸ਼
ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨਾਲ ਸੰਬੰਧਿਤ ਜ਼ਿਆਦਾਤਰ ਮੁੱਦਿਆਂ 'ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੰਸਥਾਵਾਂ 'ਚ ਸਟਾਫ ਦੀ ਅਨੁਪਾਤ ਦਰ ਨਾਲ ਸੰਬੰਧਿਤ ਮੁੱਦੇ ਨੂੰ ਸਟੈਂਡਿੰਗ ਕਮੇਟੀ ਭੇਜ ਦਿੱਤਾ ਗਿਆ ਹੈ ਜਿੱਥੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਆਪੋ ਆਪਣੇ ਵਿਚਾਰ ਪੇਸ਼ ਕਰਨਗੇ |
ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਲਈ ਚੱਟਾਨ ਵਾਂਗ ਖੜ੍ਹਾ ਹਾਂ-ਭਗਵੰਤ ਮਾਨ
ਅਜੀਤ ਡੈਸਕ
19-11-2025