ਸਪਲਾਈ ਹੋਈ ਲੇਟ, ਕਾਰਨ ਨਹੀਂ ਦੱਸ ਸਕੇ ਪੁਲਿਸ ਮੁਲਾਜ਼ਮ
ਕਾਠਗੜ੍ਹ (ਨਵਾਂਸ਼ਹਿਰ), 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰਾਸ਼ਟਰੀ ਰਾਜਮਾਰਗ 'ਤੇ ਸਥਿਤ ਹਾਈਟੈੱਕ ਨਾਕੇ 'ਤੇ ਪੁਲਿਸ ਚੌਕੀ ਆਸਰੋਂ ਵਲੋਂ ਚੰਡੀਗੜ੍ਹ ਤੋਂ ਆ ਰਹੀ ਅਖ਼ਬਾਰਾਂ ਵਾਲੀ ਗੱਡੀ ਦੀ ਪਹਿਲਾਂ ਹਾਈਟੈੱਕ ਨਾਕੇ 'ਤੇ ਚੈਕਿੰਗ ਕੀਤੀ ਗਈ ਤੇ ਫਿਰ ਆਸਰੋਂ ਚੌਕੀ ਲਿਜਾ ਕੇ ਲੰਬਾ ਸਮਾਂ ਚੈਕਿੰਗ ਕੀਤੀ ਗਈ, ਜਿਸ ਕਾਰਨ ਲੋਕਾਂ ਕੋਲ ਅਖ਼ਬਾਰਾਂ ਆਮ ਨਾਲੋਂ ਕਾਫ਼ੀ ਦੇਰ ਨਾਲ ਪਹੁੰਚੀਆਂ | ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਛਪਦੀਆਂ ਵੱਖ-ਵੱਖ ਅਖ਼ਬਾਰਾਂ ਵਾਲੀਆਂ ਗੱਡੀ, ਜੋ ਨਵਾਂਸ਼ਹਿਰ ਤੇ ਬਲਾਚੌਰ ਖੇਤਰਾਂ 'ਚ ਪਹੁੰਚਦੀ ਹੈ, ਅੱਜ ਤੜਕਸਾਰ ਜਦੋਂ ਹਾਈਟੈੱਕ ਨਾਕਾ ਆਸਰੋਂ ਪਹੁੰਚੀ ਤਾਂ ਪੁਲਿਸ ਨੇ ਗੱਡੀ ਨੂੰ ਰੋਕ ਕੇ ਬਾਰੀਕੀ ਨਾਲ ਚੈਕਿੰਗ ਕੀਤੀ, ਪਰ ਜਦੋਂ ਤਸੱਲੀ ਨਾ ਹੋਈ ਤਾਂ ਪੁਲਿਸ ਮੁਲਾਜ਼ਮ ਗੱਡੀ ਨੂੰ ਆਸਰੋਂ ਚੌਕੀ ਲੈ ਗਏ ਤੇ ਗੱਡੀ 'ਚ ਲੱਦੀਆਂ ਅਖ਼ਬਾਰਾਂ ਉਤਾਰ ਕੇ ਗੱਡੀ ਦੀ ਛਾਣਬੀਣ ਕਰਦੇ ਰਹੇ ਤੇ ਢਾਈ-ਤਿੰਨ ਘੰਟੇ ਦੀ ਚੈਕਿੰਗ ਮਗਰੋਂ ਵੀ ਪੁਲਿਸ ਨੂੰ ਕੁਝ ਨਾ ਲੱਭਾ | ਅਖ਼ਬਾਰਾਂ ਦੀ ਸਪਲਾਈ 'ਚ ਦੇਰੀ ਹੋਣ ਕਾਰਨ ਜਦੋਂ ਨਿਊਜ਼ ਪੇਪਰ ਏਜੰਟਾਂ ਨੇ ਗੱਡੀ ਦੇ ਡਰਾਈਵਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਫੋਨ ਬੰਦ ਆ ਰਹੇ ਸਨ | ਫਿਰ ਉਨ੍ਹਾਂ ਗੱਡੀ ਦੇ ਮਾਲਕ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਗੱਡੀ ਨੂੰ ਆਸਰੋਂ ਪੁਲਿਸ ਨੇ ਚੈਕਿੰਗ ਲਈ ਰੋਕਿਆ ਹੋਇਆ ਹੈ ਤੇ ਡਰਾਈਵਰ ਦਾ ਫੋਨ ਬੰਦ ਹੈ | ਜਦੋਂ ਪੱਤਰਕਾਰਾਂ ਦੀ ਟੀਮ ਆਸਰੋਂ ਚੌਕੀ ਪਹੁੰਚੀ ਤੇ ਗੱਡੀ ਨੂੰ ਲੰਬਾ ਸਮਾਂ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਮੁਲਾਜ਼ਮ ਵੀ ਦੱਸਣ ਤੋਂ ਆਨਾਕਾਨੀ ਕਰਦੇ ਰਹੇ | ਉਨ੍ਹਾਂ ਕਿਹਾ ਕਿ ਇਹ ਹੁਕਮ ਉੱਪਰੋਂ ਆਏ ਹਨ | ਇਸ ਸਬੰਧੀ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਆਸਰੋਂ ਚੌਕੀ ਲਿਆ ਕੇ ਫੋਨ ਬੰਦ ਕਰਵਾ ਕੇ ਬਿਠਾ ਦਿੱਤਾ ਤੇ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਰਹੀ | ਉਸ ਨੇ ਦੱਸਿਆ ਕਿ ਉਸ ਨੂੰ ਕਰੀਬ 6 ਵਜੇ ਤੱਕ ਰੋਕੇ ਜਾਣ ਨਾਲ ਜਿੱਥੇ ਸਪਲਾਈ ਪਹੰੁਚਾਉਣੀ ਸੀ ਉਹ ਕਰੀਬ 2 ਤੋਂ 3 ਘੰਟੇ ਲੇਟ ਪਹੁੰਚੇਗੀ | ਪੱਤਰਕਾਰਾਂ ਦੇ ਚੌਕੀ 'ਚੋਂ ਜਾਣ ਉਪਰੰਤ ਗੱਡੀ ਨੂੰ ਤੁਰੰਤ ਛੱਡ ਦਿੱਤਾ ਗਿਆ |
ਆਸਰੋਂ ਪੁਲਿਸ ਵਲੋਂ ਅਖ਼ਬਾਰਾਂ ਵਾਲੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ <br/>
ਅਜੀਤ ਡੈਸਕ
03-11-2025