ਰਾਜਪਾਲ ਤੇ ਮੁੱਖ ਮੰਤਰੀ ਸਮੇਤ ਵੱਖ-ਵੱਖ ਰਾਜਸੀ ਆਗੂ ਹੋਏ ਸ਼ਾਮਿਲ
ਬਿਆਸ ਪਿੰਡ (ਜਲੰਧਰ), 20 ਜੁਲਾਈ (ਜਸਪਾਲ ਸਿੰਘ/ਹੁਸਨ ਲਾਲ)-ਉਮਰਦਰਾਜ ਦੌੜਾਕ ਸ. ਫੌਜਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਮਿ੍ਤਕ ਫੌਜਾ ਸਿੰਘ ਦੀਆਂ ਆਖਰੀ ਰਸਮਾਂ ਉਨ੍ਹਾਂ ਦੇ ਦੋਵਾਂ ਬੇਟਿਆਂ ਸੁਖਜਿੰਦਰ ਸਿੰਘ ਤੇ ਹਰਵਿੰਦਰ ਸਿੰਘ ਸੁੱਖਾ ਵਲੋਂ ਨਿਭਾਈਆਂ ਗਈਆਂ, ਜਦਕਿ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਮੰਤਰੀ ਬਲਕਾਰ ਸਿੰਘ, ਸਾਬਕਾ ਵਿਧਾਇਕ ਪਵਨ ਟੀਨੂੰ, ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਖੇਡ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮਿ੍ਤਕ ਦੇਹ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਰਿਵਾਰ ਦੇ ਨਾਂਅ ਇਕ ਸ਼ੋਕ ਸੰਦੇਸ਼ ਭੇਜ ਕੇ ਫੌਜਾ ਸਿੰਘ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਇਕ ਮਹਾਨ ਦੌੜਾਕ ਤੇ ਦੇਸ਼ ਲਈ ਪ੍ਰੇਰਨਾ ਸਨ | ਉਨ੍ਹਾਂ ਦੇ ਜਾਣ ਨਾਲ ਮੁਲਕ ਇਕ ਅਜਿਹੇ ਜੁਝਾਰੂ ਤੇ ਹਿੰਮਤੀ ਇਨਸਾਨ ਤੋਂ ਵਾਂਝਾ ਹੋ ਗਿਆ ਹੈ, ਜਿਸ ਨੇ ਆਪਣੀ ਸਫਲਤਾ ਦੇ ਰਾਹ 'ਚ ਉਮਰ ਨੂੰ ਵੀ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਸਾਰੀਆਂ ਰੋਕਾਂ ਪਾਰ ਕਰਦੇ ਹੋਏ ਮੈਰਾਥਨ ਦੌੜ ਦੇ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ | ਓਧਰ ਅੰਤਿਮ ਸੰਸਕਾਰ ਮੌਕੇ ਭਾਰੀ ਹੁੰਮਸ ਤੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ 'ਚ ਸ. ਫੌਜਾ ਸਿੰਘ ਦੇ ਪ੍ਰਸ਼ੰਸ਼ਕ, ਪਿੰਡ ਵਾਸੀ ਤੇ ਸਾਕ-ਸੰਬੰਧੀ ਵੀ ਪਹੁੰਚੇ ਹੋਏ ਸਨ | ਇਥੇ ਦੱਸਣਯੋਗ ਹੈ ਕਿ ਸ. ਫੌਜਾ ਸਿੰਘ 114 ਸਾਲ ਦੀ ਉਮਰ 'ਚ ਉਸ ਸਮੇਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸਨ, ਜਦੋਂ ਉਹ ਬੀਤੇ ਦਿਨੀਂ ਆਪਣੇ ਘਰ ਤੋਂ ਸੈਰ ਕਰਨ ਲਈ ਨਿਕਲੇ ਤੇ ਹਾਈਵੇਅ ਪਾਰ ਕਰਦੇ ਸਮੇਂ ਇਕ ਫਾਰਚੂਨਰ ਗੱਡੀ ਵਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ | ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਫੌਜਾ ਸਿੰਘ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਾ ਬਚਾ ਸਕੇ | ਹਾਲਾਂਕਿ, ਗੱਡੀ ਚਾਲਕ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਹਾਦਸੇ ਨੇ ਇਕ ਵਾਰ ਫਿਰ ਮੁਲਕ 'ਚ ਵਾਪਰਨ ਵਾਲੇ ਸੜਕੀ ਹਾਦਸਿਆਂ 'ਚ ਅਜਾਈਾ ਜਾ ਰਹੀਆਂ ਜਾਨਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ | ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਖੇਡ ਜਗਤ ਦੇ ਨਾਲ-ਨਾਲ ਰਾਜਸੀ ਤੇ ਸਮਾਜਿਕ ਗਲਿਆਰਿਆਂ 'ਚ ਵੀ ਸੋਗ ਦੀ ਲਹਿਰ ਦੌੜ ਗਈ ਸੀ | ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ. ਫੌਜਾ ਸਿੰਘ ਨੇ ਆਪਣੀਆਂ ਬੇਮਿਸਾਲ ਪ੍ਰਾਪਤੀਆਂ ਨਾਲ ਸੂਬੇ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਂਅ ਪੂਰੀ ਦੁਨੀਆਂ 'ਚ ਰੌਸ਼ਨ ਕੀਤਾ ਤੇ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ 60-70 ਸਾਲ ਨੂੰ ਹੀ ਉਮਰ ਮੰਨੀ ਬੈਠੇ ਹਾਂ, ਜਦਕਿ ਫੌਜਾ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਜ਼ਬੇ ਅੱਗੇ ਉਮਰ ਵੀ ਰੋੜਾ ਨਹੀਂ ਬਣ ਸਕਦੀ ਤੇ ਜੇਕਰ ਨੌਜਵਾਨ ਆਪਣੇ ਸਰੀਰ ਤੇ ਖੇਡਾਂ ਨੂੰ ਪਿਆਰ ਕਰਨਗੇ ਤਾਂ ਉਹ ਲੰਬੀ ਤੇ ਤੰਦਰੁਸਤ ਜ਼ਿੰਦਗੀ ਜੀਅ ਸਕਦੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਦ 'ਚ ਪਿੰਡ ਦੇ ਸਟੇਡੀਅਮ ਵਿਖੇ ਜਿਥੇ ਉਨ੍ਹਾਂ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ, ਉਥੇ ਪਿੰਡ ਦੇ ਸਕੂਲ ਦਾ ਨਾਂਅ ਵੀ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਜਾਵੇਗਾ | ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ. ਫੌਜਾ ਸਿੰਘ ਦੇ ਜਜ਼ਬੇ ਤੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਉਹ ਕਦੇ ਡਗਮਗਾਏ ਨਹੀਂ ਹੈ ਤੇ ਪੂਰੀ ਸ਼ਿੱਦਤ ਨਾਲ ਆਪਣੇ ਦੌੜਨ ਦੇ ਸ਼ੌਕ ਨੂੰ ਜਾਰੀ ਰੱਖਿਆ | ਰਾਜਪਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਉਨ੍ਹਾਂ ਬਿਆਸ ਪਿੰਡ 'ਚ ਨਸ਼ਾ ਮੁਕਤੀ ਯਾਤਰਾ ਕੀਤੀ ਤਾਂ ਉਸ ਵਿਚ ਉਨ੍ਹਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਹੀ ਨਹੀਂ ਕੀਤੀ, ਬਲਕਿ ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਖੇਡਾਂ ਨਾਲ ਜੁੜ ਕੇ ਉਹ ਉਮਰ ਨੂੰ ਵੀ ਹਰਾ ਸਕਦੇ ਹਨ | ਉਨ੍ਹਾਂ ਸ. ਫੌਜਾ ਸਿੰਘ ਦੀ ਸਾਦੀ ਜੀਵਨ ਸ਼ੈਲੀ ਤੇ ਸੈਰ ਕਰਨ ਦੀ ਆਦਤ ਨੂੰ ਉਨ੍ਹਾਂ ਦੀ ਤੰਦਰੁਸਤੀ ਦਾ ਰਾਜ਼ ਦੱਸਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ | ਇਸੇ ਤਰ੍ਹਾਂ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਵਰਗੀ ਫੌਜਾ ਸਿੰਘ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਦਾ ਰਹੇਗਾ | ਇਸ ਤੋਂ ਪਹਿਲਾਂ ਮਿ੍ਤਕ ਫੌਜਾ ਸਿੰਘ ਦੀ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਸਥਿਤ ਘਰ ਵਿਖੇ ਰੱਖੀ ਗਈ, ਜਿਥੋਂ ਬਾਅਦ ਦੁਪਹਿਰ ਉਨ੍ਹਾਂ ਦੀ ਅੰਤਿਮ ਯਾਤਰਾ ਫੁੱਲਾਂ ਨਾਲ ਸਜਾਈ ਗਈ ਗੱਡੀ 'ਚ ਸ਼ੁਰੂ ਹੋਈ | ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਹੋਰਨਾਂ ਲੋਕਾਂ ਦੇ ਨਾਲ ਪੈਦਲ ਹੀ ਘਰ ਤੋਂ ਕਰੀਬ ਇਕ ਕਿਲੋਮੀਟਰ ਦਾ ਸਫਰ ਤੈਅ ਕਰਕੇ ਸ਼ਮਸ਼ਾਨਘਾਟ ਪੁੱਜੇ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਸਰਵਜੀਤ ਸਿੰਘ ਸਮਰਾ ਐਮ. ਡੀ. ਕੈਪੀਟਲ ਸਮਾਲ ਫਾਈਨਾਂਸ ਬੈਂਕ, ਜ਼ਿਲ੍ਹਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ, ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਬਾਪੂ ਤਰਸੇਮ ਸਿੰਘ, ਗੁਰਮਿੰਦਰ ਸਿੰਘ ਕਿਸ਼ਨਪੁਰਾ, ਹਰਜਾਪ ਸਿੰਘ ਸੰਘਾ, ਗੁਰਪ੍ਰੀਤ ਸਿੰਘ ਅਟਵਾਲ, ਅੰਮਿ੍ਤਬੀਰ ਸਿੰਘ, ਗਾਇਕ ਦਲਵਿੰਦਰ ਦਿਆਲਪੁਰੀ, ਮੁਕੇਸ਼ ਚੰਦਰ, ਹਰਸੁਲਿੰਦਰ ਸਿੰਘ ਢਿੱਲੋਂ, ਬਲਰਾਜ ਮੰਡਾਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ |
ਬਜ਼ੁਰਗ ਦੌੜਾਕ ਫੌਜਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਅਜੀਤ ਡੈਸਕ
21-07-2025