ਬ੍ਰਹਮਪੁੱਤਰ ਦੇ ਪਾਣੀਆਂ ਨੂੰ ਸੀਮਤ ਕਰਕੇ ਬਦਲਾ ਲੈਣ ਦੀ ਤਿਆਰੀ ਕਰ ਰਿਹੈ ਚੀਨ
ਸੁਰਿੰਦਰ ਕੋਛੜ
ਅੰਮਿ੍ਤਸਰ, 20 ਜੁਲਾਈ-ਭਾਰਤ ਅਤੇ ਬੰਗਲਾਦੇਸ਼ ਦੇ ਵਿਰੋਧ ਦੇ ਬਾਵਜੂਦ ਚੀਨ ਵਲੋਂ ਦੱਖਣ-ਪੂਰਬੀ ਤਿੱਬਤ ਦੇ ਮੇਦੋਗ ਖੇਤਰ 'ਚ ਬ੍ਰਹਮਪੁੱਤਰ ਨਦੀ 'ਤੇ ਦੁਨੀਆ ਦੇ ਸਭ ਤੋਂ ਵੱਡੇ ਸੁਪਰ ਡੈਮ ਦਾ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ | ਕੌਮਾਂਤਰੀ ਮਾਮਲਿਆਂ ਦੇ ਇਕ ਵਿਦੇਸ਼ੀ ਰਸਾਲੇ ਨੇ ਆਪਣੀ ਹਾਲੀਆ ਰਿਪੋਰਟ 'ਚ ਚਿਤਾਵਨੀ ਦਿੱਤੀ ਕਿ ਭਾਰਤ ਦੁਆਰਾ ਪਾਕਿਸਤਾਨ ਨਾਲ ਤਾਜ਼ਾ ਤਣਾਅ ਦੌਰਾਨ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਲਿਆ ਫ਼ੈਸਲਾ ਨਵੀਂ ਦਿੱਲੀ 'ਤੇ ਉਲਟਾ ਅਸਰ ਵਿਖਾ ਸਕਦਾ ਹੈ | ਉਕਤ ਰਿਪੋਰਟ ਅਨੁਸਾਰ ਭਾਰਤ ਦੁਆਰਾ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਕਦਮ ਪਾਕਿਸਤਾਨ ਦੇ 'ਮਿੱਤਰ ਦੇਸ਼' ਚੀਨ ਨੂੰ ਬ੍ਰਹਮਪੁੱਤਰ ਦੇ ਪਾਣੀਆਂ ਨੂੰ ਸੀਮਤ ਕਰਕੇ ਬਦਲਾ ਲੈਣ ਲਈ ਉਕਸਾ ਸਕਦਾ ਹੈ | ਚੀਨ ਪਹਿਲਾਂ ਹੀ ਬ੍ਰਹਮਪੁੱਤਰ 'ਤੇ ਜ਼ੰਗਮੂ ਪਣਬਿਜਲੀ ਸਟੇਸ਼ਨ ਵਰਗੇ ਕਈ ਵੱਡੇ ਡੈਮ ਬਣਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਬ੍ਰਹਮਪੁੱਤਰ ਭਾਰਤ ਲਈ ਇਕ ਜ਼ਰੂਰੀ ਸਰੋਤ ਹੈ, ਜੋ ਦੇਸ਼ ਨੂੰ 30 ਫ਼ੀਸਦੀ ਤਾਜ਼ੇ ਪਾਣੀ ਦੀ ਸਪਲਾਈ ਕਰਦਾ ਹੈ ਅਤੇ ਦੇਸ਼ ਦੀ ਕੁੱਲ ਪਣਬਿਜਲੀ ਸਮਰੱਥਾ 'ਚ 44 ਫ਼ੀਸਦੀ ਤੱਕ ਯੋਗਦਾਨ ਪਾਉਂਦਾ ਹੈ | ਦੂਜੇ ਪਾਸੇ, ਚੀਨ ਦਾ ਦਾਅਵਾ ਹੈ ਕਿ ਉਹ ਬ੍ਰਹਮਪੁੱਤਰ ਨਦੀ 'ਤੇ ਬਣਨ ਵਾਲੇ ਡੈਮ ਤੋਂ ਹਰ ਸਾਲ 300 ਅਰਬ ਕਿੱਲੋਵਾਟ ਬਿਜਲੀ ਪੈਦਾ ਕਰੇਗਾ ਅਤੇ ਇਹ ਡੈਮ ਤਿੱਬਤ 'ਚ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ | ਇਸ ਪ੍ਰਾਜੈਕਟ 'ਤੇ ਕੁੱਲ 1.2 ਖਰਬ ਯੂਆਨ (167 ਅਰਬ ਡਾਲਰ/ਲਗਭਗ 14 ਲੱਖ ਕਰੋੜ ਰੁਪਏ) ਦੇ ਨਿਵੇਸ਼ ਦੀ ਯੋਜਨਾ ਹੈ | ਮਾਹਿਰਾਂ ਅਨੁਸਾਰ ਚੀਨ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ ਭਾਰਤ ਵਿਰੁੱਧ ਹਥਿਆਰ ਵਜੋਂ ਵਰਤ ਸਕਦਾ ਹੈ | ਭਾਰਤ ਅਤੇ ਬੰਗਲਾਦੇਸ਼ ਵਲੋਂ ਚੀਨ ਦੇ ਇਸ ਪ੍ਰਾਜੈਕਟ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਚੀਨ ਨੇ ਇਸ ਪ੍ਰਾਜੈਕਟ ਨੂੰ ਪੂਰੀ ਤਾਕਤ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਵਲੋਂ ਬ੍ਰਹਮਪੁੱਤਰ ਨਦੀ 'ਤੇ ਡੈਮ ਦੀ ਉਸਾਰੀ ਦੀ ਸ਼ੁਰੂਆਤ ਦੇ ਐਲਾਨ ਦੇ ਨਾਲ ਹੀ ਚਾਈਨਾ ਯਾਜਿਆਂਗ ਗਰੁੱਪ ਨਾਂਅ ਦੀ ਇਕ ਨਵੀਂ ਕੰਪਨੀ ਦਾ ਵੀ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ ਹੈ | ਇਹ ਕੰਪਨੀ ਤਿੱਬਤ ਦੇ ਨਿੰਗਚੀ ਸ਼ਹਿਰ 'ਚ ਸਥਿਤ 5 ਵਾਟਰਫਾਲ ਡੈਮਾਂ ਵਾਲੇ ਇਸ ਪਣ-ਬਿਜਲੀ ਪ੍ਰਾਜੈਕਟ ਦੇ ਨਿਰਮਾਣ ਲਈ ਜ਼ਿੰਮੇਵਾਰ ਹੋਵੇਗੀ | ਬ੍ਰਹਮਪੁੱਤਰ ਨਦੀ ਨੂੰ ਤਿੱਬਤ 'ਚ ਯਾਰਲੁੰਗ ਜ਼ਾਂਗਬੋ ਵਜੋਂ ਜਾਣਿਆ ਜਾਂਦਾ ਹੈ | ਪ੍ਰਾਜੈਕਟ ਲਈ ਡੈਮ ਦਾ ਨਿਰਮਾਣ ਹਿਮਾਲਿਆ ਦੇ ਨੇੜੇ ਇਕ ਵਿਸ਼ਾਲ ਘਾਟੀ 'ਚ ਕੀਤਾ ਜਾਵੇਗਾ | ਇਸ ਜਗ੍ਹਾ ਤੋਂ ਬ੍ਰਹਮਪੁੱਤਰ ਨਦੀ ਅਰੁਣਾਚਲ ਪ੍ਰਦੇਸ਼ ਅਤੇ ਫਿਰ ਬੰਗਲਾਦੇਸ਼ ਵੱਲ ਮੁੜਦੀ ਹੈ | ਚੀਨ ਦਾ ਦਾਅਵਾ ਹੈ ਕਿ ਇਸ ਦਾ ਹੇਠਲੇ ਖੇਤਰਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ | ਹਾਲਾਂਕਿ, ਮਾਹਿਰਾਂ ਅਨੁਸਾਰ ਚੀਨ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ ਭਾਰਤ ਵਿਰੁੱਧ ਹਥਿਆਰ ਵਜੋਂ ਵਰਤ ਸਕਦਾ ਹੈ | ਜੇਕਰ ਲੋੜ ਪਈ ਤਾਂ ਉਹ ਬਿਨਾਂ ਕਿਸੇ ਅਗਾਊਾ ਸੂਚਨਾ ਦੇ ਤਿੱਬਤ 'ਚ ਡੈਮ 'ਚ ਜਮਾਂ ਕੀਤੇ ਪਾਣੀ ਨੂੰ ਛੱਡ ਸਕਦਾ ਹੈ | ਇਸ ਨਾਲ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਹੇਠਲੇ ਖੇਤਰਾਂ 'ਚ ਹੜ੍ਹ ਆ ਸਕਦੇ ਹਨ ਅਤੇ ਸਥਿਤੀ ਹੋਰ ਵਿਗੜ ਸਕਦੀ ਹੈ | ਵੱਡੇ ਡੈਮ ਦਾ ਨਿਰਮਾਣ ਨਾ ਸਿਰਫ਼ ਰਿਹਾਇਸ਼ੀ ਖੇਤਰਾਂ ਨੂੰ ਹੀ ਸਗੋਂ ਜੰਗਲਾਂ ਅਤੇ ਜੰਗਲੀ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰੇਗਾ |
ਭਾਰਤ 'ਤੇ ਉਲਟਾ ਅਸਰ ਪਾ ਸਕਦੀ ਹੈ ਸਿੰਧੂ ਜਲ ਸੰਧੀ ਦੀ ਮੁਅੱਤਲੀ
ਅਜੀਤ ਡੈਸਕ
21-07-2025