ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 14 ਜੁਲਾਈ-ਸੁਪਰੀਮ ਕੋਰਟ ਨੇ ਪੰਜਾਬ ਦੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ | ਸੁਪਰੀਮ ਕੋਰਟ ਨੇ ਨਿਯੁਕਤੀ ਨੂੰ ਸਹੀ ਠਹਿਰਾਉਣ ਵਾਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਵੀਜ਼ਨ ਬੈਂਚ ਦੇ ਸਤੰਬਰ 2024 ਦੇ ਆਦੇਸ਼ ਨੂੰ ਖਾਰਜ ਕਰਦਿਆਂ ਕਿਹਾ ਕਿ ਨਿਯੁਕਤੀ ਦਾ ਅਮਲ ਮਨਮਾਨਾ ਹੈ | ਇਸ 'ਚ ਨੇਮ ਕਾਨੂੰਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਅਤੇ ਰਾਜ ਸਰਕਾਰ ਕੋਲ ਇਸ ਨੂੰ ਸਹੀ ਠਹਿਰਾਉਣ ਦਾ ਕੋਈ ਵਾਜਿਬ ਕਾਰਨ ਨਹੀਂ ਹੈ | ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਯੂ.ਜੀ.ਸੀ. ਦੇ ਨੇਮਾਂ ਮੁਤਾਬਿਕ ਨਵਾਂ ਭਰਤੀ ਅਮਲ ਸ਼ੁਰੂ ਕਰੇ | ਸੁਪਰੀਮ ਕੋਰਟ ਵਜੋਂ ਜਿਨ੍ਹਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ 'ਚ ਸੂਬੇ ਭਰ ਦੇ ਸਰਕਾਰੀ ਕਾਲਜਾਂ 'ਚ 1091 ਸਹਾਇਕ ਪ੍ਰੋਫ਼ੈਸਰ ਅਤੇ 67 ਲਾਇਬ੍ਰੇਰੀਅਨ ਸ਼ਾਮਿਲ ਹਨ | ਸੁਪਰੀਮ ਕੋਰਟ ਦਾ ਇਹ ਫ਼ੈਸਲਾ ਕੁਝ ਉਮੀਦਵਾਰਾਂ ਵਲੋਂ ਇਨ੍ਹਾਂ 1158 ਨਿਯੁਕਤੀਆਂ 'ਚ ਹੋਈਆਂ ਬੇਨਿਯਮੀਆਂ ਦਾ ਦੋਸ਼ ਲਾਉਂਦਿਆਂ ਪਾਈਆਂ ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ ਆਇਆ | ਪਟੀਸ਼ਨਾਂ 'ਚ ਮੈਰਿਟ ਆਧਾਰਿਤ ਨਿਯੁਕਤੀ ਅਮਲ ਨਾ ਅਪਣਾਉਣ ਦਾ ਦੋਸ਼ ਲਾਇਆ ਗਿਆ | ਸੁਪਰੀਮ ਕੋਰਟ ਨੇ ਆਦੇਸ਼ ਸੁਣਾਉਂਦੇ ਕਿਹਾ ਕਿ ਨਿਯੁਕਤੀ ਅਮਲ 'ਚ ਪਾਰਦਰਸ਼ਤਾ ਦੀ ਘਾਟ ਹੈ ਅਤੇ ਇਸ 'ਚ ਨਿਯੁਕਤੀਆਂ ਲਈ ਸਥਾਪਿਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ | ਜ਼ਿਕਰਯੋਗ ਹੈ ਕਿ ਨਿਯੁਕਤੀਆਂ ਦਾ ਇਹ ਅਮਲ ਅਕਤੂਬਰ 2021 'ਚ ਸ਼ੁਰੂ ਕੀਤਾ ਗਿਆ, ਜਦੋਂ ਉਚੇਰੀ ਸਿੱਖਿਆ ਬਾਰੇ ਪੰਜਾਬ ਡਾਇਰੈਕਟੋਰੇਟ ਨੇ ਵੱਖ-ਵੱਖ ਵਿਸ਼ਿਆਂ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਲਈ ਆਨਲਾਈਨ ਦਰਖਾਸਤਾਂ ਲਈ ਪਬਲਿਕ ਨੋਟਿਸ ਜਾਰੀ ਕੀਤਾ | ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੀਤੇ ਗਏ ਇਸ ਐਲਾਨ 'ਤੇ ਪਹਿਲਾਂ ਵੀ ਸਵਾਲ ਉਠਾਏ ਗਏ | ਨਿਯੁਕਤੀ ਦਾ ਅਮਲ ਸ਼ੁਰੂ ਹੋਣ 'ਤੇ ਕਈ ਉਮੀਦਵਾਰਾਂ ਨੇ ਮੈਰਿਟ ਆਧਾਰਿਤ ਸਮੀਖਿਆ ਨਾ ਕਰਨ ਦਾ ਦੋਸ਼ ਲਾਉਂਦਿਆਂ ਪਟੀਸ਼ਨਾਂ ਦਾਇਰ ਕੀਤੀਆਂ | ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਲਈ ਜਾਂਚ ਪੈਨਲਾਂ ਦਾ ਗਠਨ ਵੀ ਕੀਤਾ ਗਿਆ | ਮਾਮਲੇ ਦੇ ਪਿਛੋਕੜ 'ਚ ਅਗਸਤ 2022 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ | ਇਸ ਭਰਤੀ ਅਮਲ 'ਚ 484 ਲੋਕ ਜੁਆਇਨ ਕਰ ਚੁੱਕੇ ਸਨ ਪਰ ਉਨ੍ਹਾਂ ਨੂੰ ਪੋਸਟਿੰਗ ਅਤੇ ਤਨਖ਼ਾਹ ਨਹੀਂ ਮਿਲ ਰਹੀ ਸੀ | ਸਿੰਗਲ ਬੈਂਚ ਦੇ ਫ਼ੈਸਲੇ ਤੋਂ ਬਾਅਦ ਸਰਕਾਰ ਦੋਹਰੇ ਬੈਂਚ 'ਚ ਗਈ ਸੀ | ਸਰਕਾਰ ਨੇ ਕਾਲਜਾਂ 'ਚ ਪ੍ਰੋਫ਼ੈਸਰਾਂ ਦੀ ਕਮੀ ਦੀ ਦਲੀਲ ਦਿੰੰਦਿਆਂ ਭਰਤੀ ਅਮਲ ਨੂੰ ਖਾਰਜ ਨਾ ਕਰਨ ਦੀ ਅਪੀਲ ਕੀਤੀ ਜਿਸ 'ਚ ਫ਼ੈਸਲਾ ਸਰਕਾਰ ਦੇ ਪੱਖ 'ਚ ਆਇਆ ਸੀ | ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ ਪਲਟਦਿਆਂ ਨਿਯੁਕਤੀ ਅਮਲ ਰੱਦ ਕਰ ਦਿੱਤਾ ਅਤੇ ਸਰਕਾਰ ਨੂੰ ਨੇਮਾਂ ਤਹਿਤ ਨਵੀਆਂ ਭਰਤੀਆਂ ਕਰਨ ਦੇ ਆਦੇਸ਼ ਦਿੱਤੇ ਹਨ | ਸਹਾਇਕ ਪ੍ਰੋਫ਼ੈਸਰ ਯੂਨੀਅਨ ਦੇ ਕਨਵੀਨਰ ਬਲਵਿੰਦਰ ਸਿੰਘ ਚਾਹਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਕਿਹਾ ਕਿ ਸਰਕਾਰੀ ਵਕੀਲਾਂ ਨੇ ਸੁਪਰੀਮ ਕੋਰਟ 'ਚ ਉੱਚਿਤ ਤਰੀਕੇ ਨਾਲ ਪੱਖ ਨਹੀਂ ਰੱਖਿਆ | ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਖ਼ਲ ਕਰੇ |
ਸੁਪਰੀਮ ਕੋਰਟ ਵਲੋਂ ਪੰਜਾਬ ਦੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਨਿਯੁਕਤੀ ਰੱਦ <br/>
ਅਜੀਤ ਡੈਸਕ
15-07-2025