ਪਟਾਕਿਆਂ ਦੀ ਸਟੋਰੇਜ ਤੇ ਵਿੱਕਰੀ ਲਈ 17 ਆਰਜ਼ੀ ਲਾਇਸੰਸ ਦਿੱਤੇ ਜਾਣਗੇ-ਰਵਿੰਦਰਪਾਲ ਸਿੰਘ ਅਰੋੜਾ
ਕਪੂਰਥਲਾ, 24 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ਵਿਚ ਦੀਵਾਲੀ ਦੇ ਤਿਉਹਾਰ ‘ਤੇ ਪਟਾਕਿਆਂ ਦੀ ਸਟੋਰੇਜ ਤੇ ਵਿੱਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 17 ਆਰਜ਼ੀ ਲਾਇਸੰਸ ਡਰਾਅ ਰਾਹੀਂ ਦਿੱਤੇ ਜਾਣੇ ਹਨ | ਇਸ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 27 ਅਕਤੂਬਰ ਤੋਂ 30 ਅਕਤੂਬਰ ਤੱਕ ਆਪਣਾ ਸ਼ਨਾਖ਼ਤੀ ਕਾਰਡ ਤੇ ਸਵੈ ਘੋਸ਼ਣਾ ਪੱਤਰ ਲਗਾਕੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਦਰਖਾਸਤ ਦੇ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਅਰੋੜਾ ਸਹਾਇਕ ਕਮਿਸ਼ਨਰ ਜਨਰਲ ਕਪੂਰਥਲਾ ਨੇ ਦੱਸਿਆ ਕਿ ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਸੇਵਾ ਕੇਂਦਰਾਂ ਵਿਚੋਂ 100 ਰੁਪਏ ਫ਼ੀਸ ਅਦਾ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ | ਸਹਾਇਕ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਨਿਰਧਾਰਿਤ ਮਿਤੀ ਤੱਕ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜ਼ੀ ਲਾਇਸੰਸ ਡਰਾਅ ਦੁਆਰਾ 3 ਨਵੰਬਰ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਕੱਢੇ ਜਾਣਗੇ |