ਮੰਡੀਆਂ ’ਚ ਹਾਲੇ ਤੱਕ ਕਰੀਬ 40 ਫ਼ੀਸਦੀ ਝੋਨੇ ਦੀ ਆਮਦ, ਆਉਣ ਵਾਲੇ ਦਿਨਾਂ ’ਚ ਵਧ ਸਕਦੀ ਹੈ ਮੁਸ਼ਕਿਲ
ਫਗਵਾੜਾ, 22 ਅਕਤੂਬਰ (ਹਰਜੋਤ ਸਿੰਘ ਚਾਨਾ)-ਰਾਈਸ ਮਿੱਲ ਮਾਲਕਾਂ ਦੀ ਹੜਤਾਲ ਕਾਰਨ ਝੋਨੇ ਦੀ ਚੁਕਾਈ ਪ੍ਰਭਾਵਿਤ ਹੋਣ ਦੇ ਖ਼ਦਸ਼ੇ ’ਤੇ ਜ਼ਿਲ੍ਹਾ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ ਨੇ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਤੋਂ ਬਾਅਦ ਮੰਡੀਆਂ ’ਚੋਂ ਫ਼ਸਲ ਦੀ ਚੁਕਾਈ ਦੀ ਪ੍ਰਕਿਰਿਆ ਹੌਲੀ ਪੈਣ ਜਾਂ ਰੁਕਣ ਨਾਲ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਹਾਲੇ ਤੱਕ ਮੰਡੀਆਂ ‘ਚ ਝੋਨੇ ਦੀ ਕਰੀਬ 40 ਫ਼ੀਸਦੀ ਆਮਦ ਹੀ ਹੋਈ ਹੈ, ਜਦਕਿ ਵੱਡੀ ਮਾਤਰਾ ’ ਚ ਝੋਨਾ ਆਉਣ ਵਾਲੇ ਦਿਨਾਂ ‘ਚ ਮੰਡੀਆਂ ’ਚ ਪਹੁੰਚਣਾ ਬਾਕੀ ਹੈ | ਅਜਿਹੇ ’ਚ ਜੇਕਰ ਰਾਈਸ ਮਿੱਲਰਾਂ ਦੀ ਹੜਤਾਲ ਲੰਮੀ ਖਿੱਚਦੀ ਹੈ ਤਾਂ ਮੰਡੀਆਂ ’ਚ ਬੋਰੀਆਂ ਦੇ ਢੇਰ ਲੱਗ ਸਕਦੇ ਹਨ, ਜਗ੍ਹਾ ਦੀ ਘਾਟ ਹੋ ਸਕਦੀ ਹੈ ਅਤੇ ਖ਼ਰੀਦ ਪ੍ਰਬੰਧ ਪ੍ਰਭਾਵਿਤ ਹੋ ਸਕਦੇ ਹਨ | ਨਰੇਸ਼ ਭਾਰਦਵਾਜ ਨੇ ਪੰਜਾਬ ਸਰਕਾਰ ਤੋਂ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਰਾਈਸ ਮਿੱਲ ਮਾਲਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ, ਤਾਂ ਜੋ ਝੋਨੇ ਦੀ ਚੁਕਾਈ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇ ਅਤੇ ਮੰਡੀਆਂ ਵਿਚ ਆਉਣ ਵਾਲੀ ਫ਼ਸਲ ਲਈ ਲੋੜੀਂਦੀ ਜਗ੍ਹਾ ਉਪਲਬਧ ਰਹੇ |