‘ ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ ਕੱਲ੍ਹ ਨੂੰ ਪਮਾਲੀ ਤੋਂ ਪੰਡਵਾ ਪੁੱਜੇਗਾ
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ 24 ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਪਿੰਡ ਪਮਾਲੀ (ਲੁਧਿਆਣਾ) ਤੋਂ ਆਰੰਭ ਹੋਵੇਗਾ ਜੋ ਕਿ 25 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਪੁੱਜੇਗਾ | ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਪਮਾਲੀ ਅਤੇ ਇੰਚਾਰਜ ਦੁਆਬਾ ਜ਼ੋਨ ਤਰਸੇਮ ਲਾਲ ਚੁੰਬਰ ਨੇ ਦੱਸਿਆ ਕਿ ਨਗਰ ਕੀਰਤਨ 24 ਅਕਤੂਬਰ ਨੂੰ ਸਵੇਰੇ 6 ਵਜੇ ਪਿੰਡ ਪਮਾਲੀ ਤੋਂ ਆਰੰਭ ਹੋ ਕੇ ਪਮਾਲ, ਬੱਦੋਵਾਲ, ਝਾਂਡੇ, ਥਰੀਕੇ, ਕੀਜ ਹੋਟਲ ਰੋਡ, ਫ਼ਿਰੋਜ਼ਪੁਰ ਰੋਡ, ਵੇਰਕਾ ਮਿਲਕ ਪਲਾਂਟ, ਆਰਤੀ ਚੌਕ, ਘੁੰਮਾਰ ਮੰਡੀ ਮਾਰਕੀਟ, ਫੁਆਰਾ ਚੌਂਕ, ਬਸੰਤ ਸਿੰਘ ਖ਼ਾਲਸਾ ਮਾਰਗ, ਜਗਰਾਉਂ ਪੁਲ, ਲੁਧਿਆਣਾ-ਜਲੰਧਰ ਬਾਈਪਾਸ ਚੌਂਕ, ਲਾਡੋਵਾਲ, ਸਤਲੁਜ ਪੁਲ, ਫਿਲੌਰ, ਗੁਰਾਇਆ ਅਤੇ ਮੋਲੀ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਰਵਿਦਾਸ ਅਸਥਾਨ ਸੱਚਖੰਡ ਪਾਂਡਵਾਂ ਵਿਖੇ ਪਹੁੰਚੇਗਾ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ ਅਤੇ ਸ਼ਾਮ 7 ਵਜੇ ਧਾਰਮਿਕ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 6 ਵਜੇ ਨਗਰ ਕੀਰਤਨ ਸੱਚਖੰਡ ਪੰਡਵਾਂ ਤੋਂ ਆਰੰਭ ਹੋ ਕੇ ਖੇੜਾ, ਗੋਬਿੰਦਪੁਰਾ, ਹਦੀਆਬਾਦ, ਸ਼ੂਗਰ ਮਿੱਲ ਚੌਕ ਫਗਵਾੜਾ, ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ, ਕਾਂਸ਼ੀ ਨਗਰ, ਚਹੇੜੂ, ਰਾਮਾ ਮੰਡੀ ਜਲੰਧਰ, ਲੰਮਾ ਪਿੰਡ ਚੌਕ, ਰੇਰੂ ਚੌਕ, ਬਿਧੀਪੁਰ ਫਾਟਕ, ਕਰਤਾਰਪੁਰ, ਸੁਭਾਨਪੁਰ, ਢਿਲਵਾਂ, ਖਿਲਚੀਆ, ਰਈਆ ਅਤੇ ਜੰਡਿਆਲਾ ਗੁਰੂ ਤੋਂ ਹੁੰਦਾ ਹੋਇਆ ਗੋਲਡਨ ਗੇਟ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇਗਾ | ਇਸ ਉਪਰੰਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਖੇ ਸ਼ਾਮ 7 ਵਜੇ ਸਮਾਪਤ ਹੋਵੇਗਾ | ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸੰਤ ਜਸਵਿੰਦਰ ਸਿੰਘ ਪੰਡਵਾ ਵਾਲਿਆਂ ਨਾਲ ਮੁਲਾਕਾਤ ਕਰਕੇ ਰਾਤ ਦੇ ਵਿਸ਼ਰਾਮ ਦੇ ਪ੍ਰਬੰਧਾਂ ਸਬੰਧੀ ਵਿਚਾਰ ਚਰਚਾ ਕੀਤੀ | ਇਸ ਮੌਕੇ ਬਲਵੀਰ ਸਿੰਘ ਖ਼ਾਲਸਾ,ਪ੍ਰਧਾਨ ਬਲਦੇਵ ਸਿੰਘ, ਸੂਬੇਦਾਰ ਨਰਪਾਲ ਸਿੰਘ, ਸੂਬੇਦਾਰ ਹਰਪਾਲ ਸਿੰਘ, ਸੁਖਵਿੰਦਰ ਸਿੰਘ ਖ਼ਾਲਸਾ, ਹਰਬੰਸ ਸਿੰਘ ਖ਼ਾਲਸਾ, ਅਵਤਾਰ ਸਿੰਘ ਸਾਬਕਾ ਖੇਤੀਬਾੜੀ ਅਫ਼ਸਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |