ਭੋਗਪੁਰ ਰੋਡ ਭੁਲੱਥ ਵਿਖੇ ਘਰ ਵਿਚ ਅੱਗ ਲੱਗਣ ਕਰਕੇ ਲੱਖਾਂ ਦਾ ਨੁਕਸਾਨ, ਫਾਇਰ ਬਿ੍ਗੇਡ ਨੇ ਆ ਕੇ ਅੱਗ ’ਤੇ ਕਾਬੂ ਪਾਇਆ
ਭੁਲੱਥ, 10 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਭੋਗਪੁਰ ਰੋਡ ‘ਤੇ ਸਥਿਤ ਇੱਕ ਘਰ ਵਿਚ ਲੱਗਣ ਕਰਕੇ ਲੱਖਾਂ ਦਾ ਨੁਕਸਾਨ ਹੋਣ ਦਾ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ‘ਤੇ ਫਾਇਰਬਿ੍ਗੇਡ ਵੱਲੋਂ ਆ ਕੇ ਅੱਗ ‘ਤੇ ਕਾਬੂ ਪਾਇਆ ਗਿਆ | ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁਰਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਭੋਗਪੁਰ ਰੋਡ ਭੁਲੱਥ ਨੇ ਦੱਸਿਆ ਕਿ ਉਸ ਦੇ ਘਰ ਵਿਚ ਮੀਤਾ ਨਾਂਅ ਦਾ ਇੱਕ ਵਿਅਕਤੀ ਕਿਰਾਏ ‘ਤੇ ਰਹਿ ਰਿਹਾ ਹੈ | ਜਿਸਨੇ ਘਰ ਵਿਚ ਰਾਤ ਸਮੇਂ ਮੋਮਬੱਤੀ ਜਲਾਈ ਹੋਈ ਸੀ, ਜਦੋਂ ਉਹ ਸਵੇਰੇ ਘਰੋਂ ਬਾਹਰ ਗਿਆ ਤਾਂ ਮੋਮਬੱਤੀ ਨਾਲ ਕੱਪੜੇ ਦੇ ਪਰਦੇ ਨੂੰ ਅੱਗ ਲੱਗਣ ਕਰਕੇ ਸਾਰੇ ਘਰ ਵਿਚ ਅੱਗ ਫੈਲ ਗਈ ਤੇ ਹੌਲੀ ਹੌਲੀ ਸਾਰਾ ਘਰ ਅੱਗ ਦੀ ਲਪੇਟ ਵਿਚ ਆ ਗਿਆ ਤੇ ਘਰੇਲੂ ਕੀਮਤੀ ਸਮਾਨ ਕੱਪੜੇ ਵਗੈਰਾ ਤੇ ਬਰਤਨ ਸੜਕੇ ਸਵਾਹ ਹੋ ਗਿਆ, ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋ ਗਿਆ | ਜਦੋਂ ਉਸਨੂੰ ਪਤਾ ਲੱਗਾ ਤਾਂ ਜਲਦੀ ਨਾਲ ਇਸ ਘਰ ਵਿਚ ਆਇਆ ਤਾਂ ਦੇਖਿਆ ਅੱਗ ਜ਼ੋਰਾਂ ਤੇ ਮੱਚ ਰਹੀ ਸੀ | ਫ਼ੋਨ ਕਰਨ ‘ਤੇ ਮੌਕੇ ਤੇ ਫਾਇਰਬਿ੍ਗੇਡ ਦੇ ਕਰਮਚਾਰੀਆਂ ਵੱਲੋਂ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ | ਦੂਜੇ ਪਾਸੇ ਮੀਤਾ ਕਿਰਾਏਦਾਰ ਨੇ ਦੱਸਿਆ ਕਿ ਉਸ ਦੇ ਵੀ 15000 ਰੁਪਏ ਦੇ ਨਵੇਂ ਕੱਪੜੇ ਸੜ ਕੇ ਸਵਾਹ ਹੋ ਗਏ ਹਨ |