ਸੱਭਿਆਚਾਰਕ ਪ੍ਰੋਗਰਾਮ, ਦੰਗਲ ਅਤੇ ਕਬੱਡੀ ਦੇ ਸ਼ੋਅ ਮੈਚ ਅੱਜ
ਤਲਵੰਡੀ ਚੌਧਰੀਆਂ 30 ਸਤੰਬਰ (ਪਰਸਨ ਲਾਲ ਭੋਲਾ)-ਅੱਜ ਪੀਰ ਬਾਬਾ ਮੁਹੰਮਦ ਸ਼ਾਹ ਬੁਖਾਰੀ ਜੀ ਮਸੀਤਾਂ ਦੀ ਦਰਗਾਹ ਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ‘ਤੇ ਚਾਦਰ ਚੜ੍ਹਾਉਣਾ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਨੰਬਰਦਾਰ ਜੋਗਾ ਸਿੰਘ, ਮਾਸਟਰ ਨਰਿੰਦਰ ਸਿੰਘ ਬਾਜਵਾ ਅਤੇ ਸਾਬਕਾ ਸਰਪੰਚ ਸ਼ੇਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਛਿੰਝ ਮੇਲੇ ਤੋਂ ਪਹਿਲਾਂ ਪੀਰ ਬਾਬਾ ਮੁਹੰਮਦ ਸ਼ਾਹ ਬੁਖਾਰੀ ਜੀ ਦੀ ਦਰਗਾਹ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਨਾਮਵਰ ਕਮਾਲ ਅਤੇ ਪੰਜਾਬੀ ਗਾਇਕ ਆਪਣੀ ਹਾਜ਼ਰੀ ਲਵਾਉਣਗੇ | ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਵਿਚ ਮਕਰੋੜ, ਪੱਖੋ ਕੇ, ਅਸੂਲਪੁਰ ਮਸੀਤਾਂ ਅਤੇ ਖੈੜਾ ਮੰਦਰ ਦੇ ਅਖਾੜਿਆਂ ਦੇ ਪਹਿਲਵਾਨ ਹੀ ਹਿੱਸਾ ਲੈ ਸਕਣਗੇ | ਜਦ ਕਿ ਪਟਕੇ ਦੀ ਕੁਸ਼ਤੀ ਗੁਰਮੀਤ ਚੰਡੀਗੜ੍ਹ ਅਤੇ ਆਕਾਸ਼ ਤਰਨ ਤਾਰਨ ਦੇ ਵਿਚਕਾਰ ਹੋਵੇਗੀ | ਕਬੱਡੀ ਸ਼ੋ ਮੈਚ ਵਿਚ ਲੜਕੀਆਂ ਅਤੇ ਲੜਕਿਆਂ ਦੇ ਕਬੱਡੀ ਮੈਚਾਂ ਦਾ ਦਰਸ਼ਕ ਆਨੰਦ ਵੀ ਲੈਣਗੇ |