ਨੌਜਵਾਨ ਦੀ ਵੇਈ ’ਚ ਲਾਸ਼ ਮਿਲਣ ਦੇ ਮਾਮਲੇ ਸੰਬੰਧੀ ਚਾਰ ਵਿਰੁੱਧ ਕਤਲ ਦਾ ਕੇਸ ਦਰਜ ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ
ਫਗਵਾੜਾ, 29 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਇਕ ਨੌਜਵਾਨ ਦੀ ਵੇਈਾ ਵਿਚੋਂ ਲਾਸ਼ ਮਿਲਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਕਤਲ ਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੱਖਣ ਦੀਨ ਵਾਸੀ ਪਿੰਡ ਕੋਟਲੀ ਥਾਨ ਸਿੰਘ ਪਤਾਰਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਬੀਤੀ 24 ਸਤੰਬਰ ਨੂੰ ਉਸ ਦੇ ਲੜਕੇ ਸ਼ਾਹਰੂਖ ਖ਼ਾਨ ਨੂੰ ਉਸ ਦਾ ਦੋਸਤ ਸ਼ੌਕਤ ਅਲੀ ਉਰਫ਼ ਨੋਨੀ ਫ਼ੋਨ ਕਰਕੇ ਬਾਜ਼ਾਰ ਆਪਣੇ ਨਾਲ ਲੈ ਗਿਆ ਤੇ ਮੇਰਾ ਲੜਕਾ ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਘਰੋਂ ਚਲਾ ਗਿਆ ਤੇ ਮੇਰੇ ਪੁੱਛਣ ‘ਤੇ ਸ਼ਾਹਰੂਖ ਖ਼ਾਨ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ | ਸ਼ਿਕਾਇਤਕਰਤਾ ਅਨੁਸਾਰ ਅਗਲੇ ਦਿਨ ਸਵੇਰੇ ਕਰੀਬ ਸਾਢੇ 3 ਵਜੇ ਉਸ ਨੂੰ ਇਕ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ, ਜਿਸ ਨੇ ਕਿਹਾ ਕਿ ਉਸ ਦੇ ਲੜਕੇ ਸ਼ਾਹਰੂਖ ਖ਼ਾਨ ਨੂੰ ਉਨ੍ਹਾਂ ਨੇ ਪੁੱਛਗਿੱਛ ਲਈ ਬੁਲਾਇਆ ਹੈ, ਜੋ ਅਸੀਂ ਪਿੰਡ ਬੋਹਾਨੀ ਵਿਖੇ ਕਿਸੇ ਮੁਕੱਦਮੇ ਦੀ ਤਫ਼ਤੀਸ਼ ਸਬੰਧੀ ਆਏ ਸੀ ਅਤੇ ਤੇਗ ਅਲੀ ਬਾਰੇ ਪਤਾ ਕਰ ਰਹੇ ਸੀ ਤੇ ਸ਼ੌਕਤ ਅਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਭਰਾ ਬਾਰੇ ਸ਼ਾਹਰੂਖ ਖ਼ਾਨ ਨੂੰ ਜ਼ਿਆਦਾ ਪਤਾ ਹੈ, ਇਹ ਦੋਵੇਂ ਇਕੱਠੇ ਰਹਿੰਦੇ ਹਨ | ਸ਼ਿਕਾਇਤਕਰਤਾ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਾਹਰੂਖ ਖ਼ਾਨ ਦੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਪੁੱਛਗਿੱਛ ਦੌਰਾਨ ਸਾਹਮਣੇ ਨਹੀਂ ਆਈ | ਮੱਖਣ ਦੀਨ ਨੇ ਦੱਸਿਆ ਕਿ ਜਦੋਂ ਉਸ ਨੇ ਦੁਬਾਰਾ ਸ਼ੌਕਤ ਅਲੀ ਉਰਫ਼ ਨੋਨੀ ਨੂੰ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਤੇ ਸਾਨੂੰ 27 ਸਤੰਬਰ ਨੂੰ ਪਤਾ ਲੱਗਾ ਕਿ ਵੇਈਾ ਵਿਚ ਇਕ ਲਾਸ਼ ਤੈਰ ਰਹੀ ਹੈ, ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹ ਲਾਸ਼ ਉਸ ਦੇ ਲੜਕੇ ਸ਼ਾਹਰੂਖ ਖ਼ਾਨ ਦੀ ਸੀ | ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਲੜਕਾ ਦਾ ਕਥਿਤ ਤੌਰ ‘ਤੇ ਕਤਲ ਕਰਕੇ ਸ਼ੌਕਤ ਅਲੀ ਉਰਫ਼ ਨੋਨੀ, ਉਸ ਦੇ ਭਰਾ ਤੇਗ ਅਲੀ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸੈਫੂ ਤੇ ਲਿਆਕਤ ਅਲੀ ਨੇ ਉਨ੍ਹਾਂ ਦੇ ਲੜਕੇ ਦਾ ਕਥਿਤ ਤੌਰ ‘ਤੇ ਕਤਲ ਕੀਤਾ ਹੈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਚਾਰਾਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਸ਼ੌਕਤ ਅਲੀ ਉਰਫ਼ ਨੋਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਹੇਠ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |