ਡੀ - ਮਾਰਟ ਦੀ ਪਾਰਕਿੰਗ ’ ਚ ਨੌਜਵਾਨ ਦੀ ਕੁੱਟਮਾਰ ਨੌਜਵਾਨਾਂ ਵਲੋਂ ਕਾਰ ‘ ਚੋਂ ਬਾਹਰ ਕੱਢ ਕੇ ਹਮਲਾ ਕਰਨ ਦੇ ਦੋਸ਼ , ਕਾਰ ਦੀ ਵੀ ਕੀਤੀ ਭੰਨਤੋੜ
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਡੀ-ਮਾਰਟ ਦੀ ਪਾਰਕਿੰਗ ’ਚ ਇੱਕ ਨੌਜਵਾਨ ਦੀ ਕੁੱਝ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ ਦੌਰਾਨ ਨੌਜਵਾਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੇ ਕਰੀਬ 13 ਟਾਂਕੇ ਲੱਗਣ ਦੀ ਜਾਣਕਾਰੀ ਹੈ | ਇਸ ਦੌਰਾਨ ਹਮਲਾਵਰਾਂ ਵਲੋਂ ਉਸ ਦੀ ਕਾਰ ਦੀ ਵੀ ਭੰਨਤੋੜ ਕਰਨ ਦੇ ਦੋਸ਼ ਲਗਾਏ ਗਏ ਹਨ | ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਖਦੇਵ ਸਿੰਘ, ਜੋ ਫਗਵਾੜਾ ’ਚ ਪੜ੍ਹਾਈ ਕਰਦਾ ਹੈ, ਅੱਜ ਸਕੂਲ ਤੋਂ ਬਾਅਦ ਡੀ-ਮਾਰਟ ਗਿਆ ਸੀ | ਇਸ ਦੌਰਾਨ ਪਰਿਵਾਰ ਦਾ ਇੱਕ ਹੋਰ ਮੈਂਬਰ ਵੀ ਉੱਥੇ ਪਹੁੰਚ ਗਿਆ | ਪਰਿਵਾਰਕ ਮੈਂਬਰਾਂ ਮੁਤਾਬਿਕ ਜਦੋਂ ਉਹ ਖ਼ਰੀਦਦਾਰੀ ਕਰਨ ਉਪਰੰਤ ਬਾਹਰ ਆਏ ਤਾਂ ਸੁਖਦੇਵ ਸਿੰਘ ਆਪਣੀ ਕਾਰ ’ਚ ਬੈਠਾ ਹੋਇਆ ਸੀ | ਇਸੇ ਦੌਰਾਨ ਕੁੱਝ ਨੌਜਵਾਨ ਉੱਥੇ ਆਏ ਤੇ ਕਥਿਤ ਤੌਰ ’ਤੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜ਼ਖਮੀ ਸੁਖਦੇਵ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ | ਪਿੰਡ ਜਗਪਾਲਪੁਰ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਡੀ-ਮਾਰਟ ’ਚ ਮੌਜੂਦ ਹੋਣ ਦੌਰਾਨ ਕੁਝ ਨੌਜਵਾਨਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ | ਉਸ ਦੇ ਦੋਸ਼ ਮੁਤਾਬਿਕ ਜਦੋਂ ਉਹ ਆਪਣੀ ਕਾਰ ’ਚ ਬੈਠਣ ਲੱਗਾ ਤਾਂ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਕੜਿਆਂ ਨਾਲ ਉਸ ਦੇ ਸਿਰ ’ਤੇ ਵਾਰ ਕੀਤੇ | ਉਸ ਨੇ ਦੱਸਿਆ ਕਿ ਜਦੋਂ ਉਹ ਕਾਰ ਲੈ ਕੇ ਉੱਥੋਂ ਜਾਣ ਲੱਗਾ ਤਾਂ ਹਮਲਾਵਰਾਂ ਨੇ ਖੰਡਿਆਂ ਨਾਲ ਕਾਰ ’ਤੇ ਵੀ ਵਾਰ ਕੀਤੇ, ਜਿਸ ਕਾਰਨ ਕਾਰ ਦੇ ਸ਼ੀਸ਼ੇ ਟੁੱਟ ਗਏ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਤੇ ਹਮਲੇ ਨਾਲ ਸੰਬੰਧਿਤ ਹੋਰ ਤੱਥ ਸਪਸ਼ਟ ਹੋਣਗੇ |