ਰਿਸ਼ਤੇਦਾਰਾਂ ਨੂੰ ਮਿਲਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ’ ਚ ਮੌਤ
ਨਡਾਲਾ, 19 ਸਤੰਬਰ (ਰਘਬਿੰਦਰ ਸਿੰਘ)-ਨੇੜਲੇ ਪਿੰਡ ਜੱਗਾ ’ਚ ਰਿਸ਼ਤੇਦਾਰਾਂ ਨੂੰ ਮਿਲਣ ਆਏ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ | ਸੂਚਨਾ ਮਿਲਣ ’ਤੇ ਨਡਾਲਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਮਿ੍ਤਕ ਦੀ ਪਛਾਣ 28 ਸਾਲਾ ਕਰਨ ਕੁਮਾਰ ਵਜੋਂ ਹੋਈ ਹੈ, ਜੋ ਕਿ ਵਾਰਡ ਨੰਬਰ 9, ਬੇਗੋਵਾਲ ਦੇ ਰਹਿਣ ਵਾਲੇ ਕੁਲਵਿੰਦਰ ਦਾ ਪੁੱਤਰ ਹੈ | ਮਿ੍ਤਕ ਦੀ ਮਾਂ ਬਲਵਿੰਦਰ ਕੌਰ ਨੇ ਨਡਾਲਾ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸਦਾ ਪੁੱਤਰ ਕਰਨ ਕੁਮਾਰ ਕੁਆਰਾ ਸੀ ਅਤੇ 17 ਸਤੰਬਰ ਨੂੰ ਆਪਣੀ ਭਤੀਜੀ ਜੋਤੀ, ਜੋ ਕਿ ਜੱਗਾ ਪਿੰਡ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਪਤਨੀ ਹੈ, ਨੂੰ ਮਿਲਣ ਗਿਆ ਸੀ | ਉਸ ਸ਼ਾਮ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੇ ਨੱਕ ’ਚੋਂ ਖ਼ੂਨ ਵਹਿਣ ਲੱਗ ਪਿਆ | ਉਸ ਦੀ ਭਤੀਜੀ ਉਸ ਨੂੰ ਇਲਾਜ ਲਈ ਸੁਭਾਨਪੁਰ ਚੈਰੀਟੇਬਲ ਹਸਪਤਾਲ ਲੈ ਗਈ | ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ, ਤੇ ਜਲੰਧਰ ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਕਿ ਰਸਤੇ ਵਿਚ ਹੀ ਉਸ ਦੇ ਪੁੱਤਰ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪੁੱਤਰ ਦੀ ਮੌਤ ਦਾ ਕਾਰਨ ਕੀ ਸੀ | ਮਾਮਲੇ ਦੀ ਜਾਂਚ ਕਰ ਰਹੇ ਨਡਾਲਾ ਚੌਕੀ ਦੇ ਹੈੱਡ ਕਾਂਸਟੇਬਲ ਨਵਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਮਿ੍ਤਕ ਦੀ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ | ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦਾ ਕਾਰਨ ਸਾਹਮਣੇ ਆਵੇਗਾ |