ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਸ਼ੋ੍ਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਗਜੀਤ ਸਿੰਘ ਸ਼ੰਮੀ ਦੀ ਅਗਵਾਈ ਹੇਠ ਅਕਾਲੀ ਆਗੂਆਂ ਤੇ ਹੋਰ ਪ੍ਰਮੁੱਖ ਵਿਅਕਤੀਆਂ ਦੇ ਇਕ ਵਫ਼ਦ ਨੇ ਐਸ.ਐਸ.ਪੀ. ਗੌਰਵ ਤੂਰਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਹਿਰ ਵਿਚ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਮੁੱਖ ਰੱਖਦਿਆਂ ਥਾਣਾ ਸਿਟੀ ਵਿਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਤੇ ਜੇ ਸੰਭਵ ਹੋ ਸਕੇ ਤਾਂ ਸ਼ਹਿਰ ਵਿਚ ਇਕ ਨਵਾਂ ਥਾਣਾ ਬਣਾਇਆ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਕਿਹਾ ਕਿ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਇਸ ਮੌਕੇ ਗੌਰਵ ਤੂਰਾ ਨੇ ਜਗਜੀਤ ਸਿੰਘ ਸ਼ੰਮੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਖ਼ਤੀ ਨਾਲ ਪੇਸ਼ ਆਵੇਗੀ | ਇਸ ਮੌਕੇ ਜਸਪਾਲ ਨਾਹਰ, ਮਨਮੀਤ ਸਿੰਘ, ਸਰਦਾਰੀ ਲਾਲ, ਅਰੁਣ ਕੁਮਾਰ, ਜਗਜੀਤ ਸਹਿਗਲ, ਗੋਪਾਲ ਸਿੰਘ, ਕਮਲ ਕਿਸ਼ੋਰ ਧੀਰ, ਸਾਹਿਬਪ੍ਰੀਤ ਸਿੰਘ ਆਦਿ ਹਾਜ਼ਰ ਸਨ |