ਭੁਲੱਥ ’ਚ ਦਿਨ-ਦਿਹਾੜੇ ਘਰ ਦੇ ਸਾਹਮਣੇ ਖੜ੍ਹਾ ਮੋਟਰਸਾਈਕਲ ਚੋਰੀ
ਭੁਲੱਥ, 4 ਸਤੰਬਰ (ਮਨਜੀਤ ਸਿੰਘ ਰਤਨ )-ਕਸਬਾ ਭੁਲੱਥ ਵਿਚ ਇੱਕ ਵਾਰ ਫਿਰ ਚੋਰੀ ਦੀ ਘਟਨਾ ਸਾਹਮਣੇ ਆਉਣ ਨਾਲ ਲੋਕਾਂ ’ਚ ਚਿੰਤਾ ਪਾਈ ਜਾ ਰਹੀ ਹੈ | ਗੁਰਦੁਆਰਾ ਸੰਤਸਰ ਸਾਹਿਬ ਦੇ ਨੇੜੇ ਗਲੀ ’ਚ ਘਰ ਦੇ ਸਾਹਮਣੇ ਬਣੀ ਪਾਰਕ/ਪਲਾਟ ’ਚ ਖੜ੍ਹਾ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਮੋਟਰਸਾਈਕਲ ਮਾਲਕ ਕੌਮਾਂਤਰੀ ਪਾਵਰ ਲਿਫਟਰ ਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਘਰ ਦੇ ਸਾਹਮਣੇ ਬਣੀ ਪਾਰਕ ਵਿਚ ਆਪਣਾ ਸਪਲੈਂਡਰ ਪਲੱਸ ਮੋਟਰਸਾਈਕਲ, ਰਜਿਸਟ੍ਰੇਸ਼ਨ ਨੰਬਰ ਪੀ ਬੀ 57ਸੀ 8181, ਸਿਲਵਰ ਰੰਗ ਖੜ੍ਹਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਗਏ ਸਨ ਅਤੇ ਮੋਟਰਸਾਈਕਲ ਪਾਰਕ ਵਿਚ ਖੜ੍ਹਾ ਕਰਕੇ ਘਰ ਚਲੇ ਗਏ | ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਆਪਣੀ ਜਗ੍ਹਾ ’ਤੇ ਮੌਜੂਦ ਨਹੀਂ ਸੀ | ਇਸ ਤੋਂ ਬਾਅਦ ਆਸ-ਪਾਸ ਪਤਾ ਕਰਨ ‘ਤੇ ਵੀ ਮੋਟਰਸਾਈਕਲ ਦਾ ਕੋਈ ਸੁਰਾਗ ਨਹੀਂ ਮਿਲਿਆ | ਅਜੈ ਗੋਗਨਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਭੁਲੱਥ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਮੋਟਰਸਾਈਕਲ ਦੀ ਭਾਲ ਕਰਨ ਦੀ ਮੰਗ ਕੀਤੀ ਗਈ ਹੈ | ਇਸ ਦੇ ਨਾਲ ਹੀ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਜਲਦ ਕਾਬੂ ਕੀਤਾ ਜਾਵੇ |