ਦਿੱਵਿਆ ਜਯੋਤੀ ਜਾਗਿ੍ਤੀ ਸੰਸਥਾਨ ਦਾ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਸੇਵਾਵਾਂ ਲਈ ਡੀ.ਸੀ. ਵਲੋਂ ਪ੍ਰਸੰਸਾ ਪੁਰਸਕਾਰ ਨਾਲ ਸਨਮਾਨ ਸੰਸਥਾਨ ਵਲੋਂ ਸਮਾਜਿਕ ਤੇ ਅਧਿਆਤਮਿਕ ਕਾਰਜ ਸ਼ਲਾਘਾਯੋਗ-ਅਕਾਸ਼ ਬਾਂਸਲ
ਕਪੂਰਥਲਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਿੱਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀਆਂ ਸਮਾਜਿਕ ਤੇ ਅਧਿਆਤਮਿਕ ਖੇਤਰ ’ਚ ਸ਼ਾਨਦਾਰ ਸੇਵਾਵਾਂ ਤੇ ਰਾਸ਼ਟਰੀ ਨਿਰਮਾਣ ਵਿਚ ਸੰਸਥਾਨ ਵਲੋਂ ਪਾਏ ਜਾ ਰਹੇ ਯੋਗਦਾਨ ਲਈ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦਿੱਵਿਆ ਜਯੋਤੀ ਸੰਸਥਾਨ ਦੇ ਪ੍ਰਤੀਨਿਧ ਸਵਾਮੀ ਸੰਜਨਾਨੰਦ ਨੂੰ ਪ੍ਰਸੰਸਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ | ਡਿਪਟੀ ਕਮਿਸ਼ਨਰ ਨੇ ਸੰਸਥਾਨ ਵਲੋਂ ਕੀਤੇ ਜਾ ਰਹੇ ਸਮਾਜਿਕ ਤੇ ਅਧਿਆਤਮਿਕ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੰਸਥਾਨ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਵੱਖ-ਵੱਖ ਖੇਤਰਾਂ ਵਿਚ ਨਿਰੰਤਰ ਕਾਰਜਸ਼ੀਲ ਹੈ| ਸਵਾਮੀ ਸੰਜਨਾਨੰਦ ਨੇ ਪ੍ਰਸੰਸਾ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਇਹ ਸਨਮਾਨ ਆਸ਼ੂਤੋਸ਼ ਮਹਾਰਾਜ ਦੀ ਦਿੱਵਿਆ ਪ੍ਰੇਰਨਾ ਅਤੇ ਮਾਰਗ ਦਰਸ਼ਨ ਹੇਠ ਸੇਵਾ ਕਾਰਜਾਂ ਨੂੰ ਸਮਰਪਿਤ ਸਮੂਹ ਸਾਧਵੀ ਭੈਣਾਂ, ਸਵਾਮੀਆਂ, ਸੇਵਾਦਾਰਾਂ ਤੇ ਸਵੈ ਸੇਵਕਾਂ ਦੇ ਸਾਂਝੇ ਯਤਨਾਂ ਦਾ ਸਨਮਾਨ ਹੈ ਤੇ ਸੰਸਥਾਨ ਭਵਿੱਖ ਵਿਚ ਵੀ ਸਮਾਜ ਵਿਚ ਅਧਿਆਤਮਿਕ ਜਾਗਰੂਕਤਾ, ਮਨੁੱਖੀ ਕਦਰਾਂ ਕੀਮਤਾਂ, ਸੇਵਾ ਤੇ ਰਾਸ਼ਟਰ ਹਿੱਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨਸ਼ੀਲ ਰਹੇਗਾ | ਸੰਸਥਾਨ ਨਾਲ ਸਬੰਧਿਤ ਮੈਂਬਰਾਂ ਨੇ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਧੇਰੇ ਸਮਰਪਣ, ਉਤਸ਼ਾਹ ਤੇ ਹੋਰ ਵਚਨਬੱਧਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ |