24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ ਨਿਰੋਲ ਸੇਵਾ ਸੰਸਥਾ ਵਲੋਂ ਮੀਟਿੰਗ ਸਕੂਲ ਦੇ 1797 ਵਿਦਿਆਰਥੀ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਵਿਚ ਲੈਣਗੇ ਭਾਗ

ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬੱਚਿਆਂ ਨੂੰ ਸਿੱਖੀ ਵਿਰਸੇ, ਗੁਰਬਾਣੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਮੁੱਖ ਲੋੜ ਹੈ। ਅਜੋਕੇ ਸਮੇਂ ਵਿਚ ਬੱਚਿਆਂ ਨੂੰ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਉਨ੍ਹਾਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਲਈ ਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ। ਅਜੀਤ ਤਸਵੀਰ 24-10-2026
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬੱਚਿਆਂ ਨੂੰ ਸਿੱਖੀ ਵਿਰਸੇ, ਗੁਰਬਾਣੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਉਨ੍ਹਾਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਮੁੱਖ ਲੋੜ ਹੈ। ਅਜੋਕੇ ਸਮੇਂ ਵਿਚ ਬੱਚਿਆਂ ਨੂੰ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਉਨ੍ਹਾਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਲਈ ਅਜਿਹੇ ਉਪਰਾਲੇ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਨੇ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਦੀਆਂ ਤਿਆਰੀਆਂ ਸੰਬੰਧੀ ਕਰਵਾਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ 1797 ਵਿਦਿਆਰਥੀ ਭਾਗ ਲੈਣਗੇ, ਜਦਕਿ ਜ਼ਿਲ੍ਹੇ ਦੇ ਕਰੀਬ 125 ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਉਪਰਾਲੇ ਨਾਲ ਜੋੜਿਆ ਜਾ ਰਿਹਾ ਹੈ। ਸਾਰੇ ਸਕੂਲਾਂ ਦੇ ਕਰੀਬ 25 ਹਜ਼ਾਰ ਵਿਦਿਆਰਥੀ ਮੁਕਾਬਲਿਆਂ ਵਿਚ ਭਾਗ ਲੈਣਗੇ। ਮੁਕਾਬਲਿਆਂ ਦੇ ਪਹਿਲੇ ਪੜਾਅ ਲਈ ਵੱਖ-ਵੱਖ ਸਕੂਲਾਂ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਇਨ੍ਹਾਂ ਮੁਕਾਬਲਿਆਂ ਲਈ 13 ਜ਼ੋਨ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਡਾ. ਸੋਢੀ ਨੇ ਦੱਸਿਆ ਕਿ ਹਰੇਕ ਜ਼ੋਨ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ 13 ਜ਼ੋਨਾਂ ਦੇ ਕੁੱਲ 39 ਜੇਤੂਆਂ ਲਈ ਤਿੰਨ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਇਸ ਤੋਂ ਬਾਅਦ ਸਾਰੇ 13 ਜ਼ੋਨਾਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚਕਾਰ ਅਗਲਾ ਮੁਕਾਬਲਾ ਕਰਵਾਇਆ ਜਾਵੇਗਾ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਨੂੰ ਇਕ ਲੱਖ 25 ਹਜ਼ਾਰ ਰੁਪਏ, ਦੂਜਾ ਸਥਾਨ ਹਾਸਿਲ ਕਰਨ ਵਾਲੇ ਨੂੰ ਇਕ ਲੱਖ ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 75 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਮੀਫਾਈਨਲ ਤੱਕ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਹਰੇਕ ਬੱਚੇ ਦੀ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਤਿਆਰ ਕਰਨ ਅਤੇ ਇਸ ਉਪਰਾਲੇ ਵਿਚ ਸਹਿਯੋਗ ਦੇਣ ਵਾਲੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਡਾ. ਸੋਢੀ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਨਿਮਰਤਾ, ਸੇਵਾ, ਸੱਚਾਈ, ਬਰਾਬਰੀ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਜੇਕਰ ਬੱਚੇ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਤਾਂ ਉਹ ਚੰਗੇ ਨਾਗਰਿਕ ਬਣਨ ਦੇ ਨਾਲ-ਨਾਲ ਸਮਾਜ ਵਿਚ ਵੀ ਉਸਾਰੂ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਪਰਿਵਾਰਾਂ, ਸਕੂਲਾਂ, ਅਧਿਆਪਕਾਂ ਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਦਾ ਮੰਤਵ ਕੇਵਲ ਵਿਦਿਆਰਥੀਆਂ ਦੀ ਮੁਕਾਬਲੇਬਾਜ਼ੀ ਨਹੀਂ, ਸਗੋਂ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਨਾ, ਧਾਰਮਿਕ ਚੇਤਨਾ ਵਧਾਉਣਾ ਅਤੇ ਜੀਵਨ ਵਿਚ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕਰਨਾ ਵੀ ਹੈ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਮਹੰਤ ਕਸ਼ਮੀਰ ਸਿੰਘ, ਪ੍ਰਿੰਸੀਪਲ ਮੁਨੀਸ਼ ਚੋਪੜਾ, ਭਾਈ ਗਗਨਦੀਪ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਪਣੇ ਬਣਾਏ ਪੋਸਟਰ ਦਿਖਾਉਂਦੇ ਹੋਏ ਵਿਦਿਆਰਥੀ। ਵੱਖ-ਵੱਖ ਸਕੂਲਾਂ ਵਿਚ ਵੋਟਰ ਜਾਗਰੂਕਤਾ ਸੰਬੰਧੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਨੈਤਿਕ ਸਿੱਖਿਆ ਦਾ ਪੇਪਰ ਸੰਪੰਨ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।