ਸਾਦਿਕ, 16 ਅਕਤੂਬਰ (ਆਰ.ਐਸ.ਧੁੰਨਾ)-ਬੀਤੇ ਦਿਨੀਂ ਮਾਨਸਾ ਵਿਖੇ ਇਕ ਕੈਮਿਸਟ ਵਲੋਂ ਨਸ਼ਿਆਂ ਖਿਲਾਫ਼ ਅਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਵਿਰੋਧ ਵਿਚ ਇਕ ਲੋਕ ਅਵਾਜ਼ ਉੱਠ ਖੜ੍ਹੀ ਹੋਈ ਹੈ ਤੇ ਲੋਕਾਂ ਵਲੋਂ ਇਸ ਦਲੇਰਾਨਾ ਕਤਲ ਵਿਰੁੱਧ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮਿ੍ਰਤਕ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜ਼ਲੀ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਸਾਦਿਕ ਵਲੋਂ ਬਲਾਕ ਪ੍ਰਧਾਨ ਸ਼ਿਵਰਾਜ ਸਿੰਘ ਢਿੱਲੋਂ ਸਾਬਕਾ ਸਰਪੰਚ ਸਾਦਿਕ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸਾਦਿਕ ਦੇ ਮੁੱਖ ਚੌਂਕ ਵਿਚ ਮੋਮਬੱਤੀ ਮਾਰਚ ਕੱਢਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸ਼ਿਵਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਜਿਸ ਕਰਕੇ ਹਰ ਪਾਸੇ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਕੋਈ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਪੁਲਿਸ ਦਾ ਹੀ ਬੋਲਬਾਲਾ ਹੈ, ਜਿਸ ਤੇ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਅਮਨ ਚੈਨ ਨਾਲ ਰਹਿ ਸਕਣ। ਇਸ ਮੌਕੇ ਸ਼ਾਮ ਸੁੰਦਰ, ਰਾਜਵਿੰਦਰ ਸਿੰਘ ਢਿੱਲੋਂ, ਸੰਜੀਵ ਪਟਵਾਰੀ, ਗੁਰਦੇਵ ਸਿੰਘ, ਪੰਚ ਅੰਗਰੇਜ਼ ਸਿੰਘ, ਬਲਦੇਵ ਸਿੰਘ, ਸੋਨੂੰ ਸਿੰਘ ਸਾਦਿਕ, ਮੇਜਰ ਸਿੰਘ, ਨਾਨਕ ਸਿੰਘ ਆਦਿ ਵੀ ਹਾਜ਼ਰ ਸਨ।