16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਰਸਰੀ ਵੋਟਰ ਸੁਧਾਈ : ਲੰਬੀ ਦੇ ਸਿਆਸੀ ਪਿੜ ’ਚੋਂ 10,374 ਵੋਟਾਂ ਖੁਰੀਆਂ ‘ਬਾਬਾ ਬੋਹੜ’ ਦੇ ਪੁਰਾਣੇ ਕਿਲੇ ’ਚ ਹੁਣ ਫਸਵੀਂ ਚਹੁੰਕੋਨੀ ਟੱਕਰ ਦੇ ਆਸਾਰ

ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਵੋਟਰ ਸੂਚੀ ਦੀ ਸਰਸਰੀ ਸੁਧਾਈ ਵਿਚ ਸਿਆਸੀ ਹਲਕਾ ਲੰਬੀ ਵਿਚੋਂ ਇਕੋ ਝਟਕੇ 10,374 ਵੋਟਰ ਮਨਫ਼ੀ ਹੋ ਗਏ ਹਨ, ਜੋ 2022 ਦੀਆਂ ਆਮ ਚੋਣਾਂ ਦੇ ਮੁਕਾਬਲੇ 6. 25 ਫ਼ੀਸਦੀ ਦੀ ਵੱਡੀ ਕਟੌਤੀ ਹੈ।

ਅਜੀਤ ਡੈਸਕ 16-10-2026
ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਵੋਟਰ ਸੂਚੀ ਦੀ ਸਰਸਰੀ ਸੁਧਾਈ ਵਿਚ ਸਿਆਸੀ ਹਲਕਾ ਲੰਬੀ ਵਿਚੋਂ ਇਕੋ ਝਟਕੇ 10,374 ਵੋਟਰ ਮਨਫ਼ੀ ਹੋ ਗਏ ਹਨ, ਜੋ 2022 ਦੀਆਂ ਆਮ ਚੋਣਾਂ ਦੇ ਮੁਕਾਬਲੇ 6.25 ਫ਼ੀਸਦੀ ਦੀ ਵੱਡੀ ਕਟੌਤੀ ਹੈ। ਐਸ.ਆਈ.ਆਰ. ਤਹਿਤ ਪੜਤਾਲੀਆ ਕੈਂਚੀ ਫਿਰਨ ਮਗਰੋਂ ਹਲਕੇ ਦੀ ਵੋਟ ਗਿਣਤੀ ਖਿਸਕ ਕੇ ਮਹਿਜ਼ 1,55,453 ’ਤੇ ਸਿਮਟ ਗਈ ਹੈ। ਇਹ ਅੰਕੜਾ 2017 ਚੋਣਾਂ ਵੇਲੇ ਦਰਜ 1,56,334 ਵੋਟਰਾਂ ਨਾਲੋਂ ਵੀ 881 ਘੱਟ ਹੈ। 2022 ਵਿਚ ਹਲਕੇ ਵਿਚ 1,65,827 ਵੋਟਰ ਸਨ। ਸਿਆਸੀ ਮਾਹਿਰਾਂ ਮੁਤਾਬਕ ਇਸ ਕਟੌਤੀ ਨੇ ਸਾਰੇ ਪੁਰਾਣੇ ਗੁਣਾ-ਜੋੜ ਨੂੰ ਇਕੋ ਝਟਕੇ ਉਲਟਾ ਕੇ ਰੱਖ ਦਿੱਤਾ ਹੈ। ਹੁਣ ਜਿੱਤ-ਹਾਰ ਬੇਹੱਦ ਬਾਰੀਕ ਤੇ ਫਸਵਾਂ ਹੋਣ ਦੀ ਸੰਭਾਵਨਾ ਬਣ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਤਾਜ਼ਾ ਵੋਟਰ ਸੁਧਾਈ ਸੂਚੀ ਜਾਰੀ ਕੀਤੀ ਹੈ। ਚੋਣ ਇਤਿਹਾਸ ਮੁਤਾਬਕ 1997 ਤੋਂ 2022 ਤੱਕ 25 ਸਾਲਾਂ ਦੌਰਾਨ ਹਲਕੇ ਵਿਚ ਕੁੱਲ 42,308 ਵੋਟਰਾਂ ਦਾ ਭਾਰੀ ਵਾਧਾ ਦਰਜ ਕੀਤਾ ਗਿਆ। 1992 ਵਿਚ ਇੱਥੇ 1,03,6 98 ਵੋਟਰ ਸਨ, ਜੋ 1997 ’ਚ ਵਧ ਕੇ 1,23,519 ਅਤੇ 2002 ਵਿਚ 1,30,612 ਵੋਟਰ ਹੋ ਗਏ। 2012 ਵਿਚ ਵੋਟਰ ਗਿਣਤੀ ਬੰਪਰ ਵਾਧੇ ਨਾਲ 1,39,675 ਹੋ ਗਈ ਅਤੇ 2017 ਵਿਚ 1,56,334 ਤੱਕ ਅੱਪੜ ਗਈ ਸੀ। ਚੋਣ ਅੰਕੜੇ ਦੱਸਦੇ ਹਨ ਕਿ ਜਦੋਂ ਵੀ ਲੰਬੀ ਵਿਚ ਵੋਟਾਂ ਘਟੀਆਂ ਮੁਕਾਬਲਾ ਹਮੇਸ਼ਾਂ ਫਸਵਾਂ ਰਿਹਾ। ਸਾਲ 2007 ਵਿਚ ਵੀ 5006 ਵੋਟਰ ਘਟਣ ਕਰਕੇ ਕੁੱਲ ਗਿਣਤੀ 1,25,606 ਰਹਿ ਗਈ ਸੀ। ਉਦੋਂ ਮਹੇਸ਼ਇੰਦਰ ਸਿੰਘ ਬਾਦਲ (ਕਾਂਗਰਸ) ਵਲੋਂ ਮਿਲੀ ਤਕੜੀ ਟੱਕਰ ਕਾਰਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਿੱਤ ਅੰਤਰ ਸਿਮਟ ਕੇ 9187 ਵੋਟਾਂ ਰਹਿ ਗਿਆ ਸੀ, ਜੋ ਉਨ੍ਹਾਂ ਦੀਆਂ ਲਗਾਤਾਰ ਪੰਜ ਜਿੱਤਾਂ ਵਿਚੋਂ ਸਭ ਤੋਂ ਘੱਟ ਸੀ। ਵੇਖਣ ਵਾਲੀ ਗੱਲ ਹੈ ਕਿ ਉਸ ਮਗਰੋਂ ਸਾਲ 2012 ਵਿਚ ਇਥੇ 14,069 ਵੋਟਰਾਂ ਦਾ ਬੰਪਰ ਵਾਧਾ ਹੋ ਗਿਆ ਤੇ ਵੋਟਰ ਗਿਣਤੀ 1,39,675 ਪੁੱਜ ਗਈ। 2012 ਵਿਚ ਤਿੰਨ ਬਾਦਲ ਭਰਾਵਾਂ ਪ੍ਰਕਾਸ਼ ਸਿੰਘ ਬਾਦਲ, ਗੁਰਦਾਸ ਸਿੰਘ ਬਾਦਲ ਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਮੁਕਾਬਲੇ ਦੌਰਾਨ ਵੱਡੇ ਬਾਦਲ ਨੇ 24ਠ739 ਵੋਟਾਂ ਨਾਲ ਸ਼ਾਨਦਾਰ ਵਾਪਸੀ ਕੀਤੀ। 2017 ’ਚ ਕੈਪਟਨ ਅਮਰਿੰਦਰ ਸਿੰਘ ਨੂੰ 22,770 ਵੋਟਾਂ ਨਾਲ ਪਛਾੜ ਕੇ ਆਪਣੀ ਆਖ਼ਰੀ ਵਿਧਾਨ ਸਭਾ ਜਿੱਤ ਦਰਜ ਕੀਤੀ। 2022 ਵਿਚ ਵੱਡੇ ਬਾਦਲ ਬਦਲਾਅ ਦੀ ਹਨ੍ਹੇਰੀ ’ਚ 11,396 ਵੋਟਾਂ ਨਾਲ ਹਾਰ ਗਏ ਸਨ। ਤਾਜ਼ਾ ਸੂਚੀ ਮੁਤਾਬਕ ਹੁਣ ਜਦੋਂ 10 ਹਜ਼ਾਰ ਤੋਂ ਵੱਧ ਵੋਟਰ ਮੈਦਾਨ ’ਚੋਂ ਬਾਹਰ ਹੋ ਚੁੱਕੇ ਹਨ। ਵੱਡਾ ਸਵਾਲ ਹੈ ਕਿ ਇਹ ਕਟੌਤੀ ਕਿਸ ਧਿਰ ਦੇ ਪੈਰ ਪੁੱਟੇਗੀ। ਕਿਆਸ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਖ਼ੁਦ ਇਸ ਸੀਟ ਤੋਂ ਤਾਲ ਠੋਕ ਸਕਦੇ ਹਨ। ਕਾਂਗਰਸ ਵਲੋਂ ਫ਼ਤਹਿ ਬਾਦਲ ਅਤੇ ਭਾਜਪਾ ਵਲੋਂ ਮੇਜਰ ਭੁਪਿੰਦਰ ਸਿੰਘ ਬਾਦਲ ਦੇ ਮੈਦਾਨ ਵਿਚ ਉਤਰਨ ਦੀਆਂ ਤਿਆਰੀਆਂ ਹਨ। ਦੂਜੇ ਪਾਸੇ ਸੱਤਾਧਾਰੀ ‘ਆਪ’ ਵਲੋਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਣ ਦੀਆਂ ਕਨਸੋਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਇਨ੍ਹਾਂ ਹਾਲਾਤਾਂ ’ਚ ‘ਬਾਦਲ ਬਨਾਮ ਬਾਦਲ ਬਨਾਮ ਬਾਦਲ’ ਵਿਚਕਾਰ ਮੁਕਾਬਲੇ ਦੀ ਸੂਰਤ ’ਚ ਹਰੇਕ ਪਿੰਡ ਤੇ ਬੂਥ ਦਾ ਜੋੜ-ਤੋੜ ਆਰ-ਪਾਰ ਦੀ ਜੰਗ ਸਾਬਤ ਹੋਵੇਗਾ। 8700 ਵੋਟਾਂ ਘਰ-ਘਰ ਸਰਵੇਖਣ ’ਚ ਕੱਟੀਆਂ ਜਾਣਕਾਰੀ ਅਨੁਸਾਰ ਲੰਬੀ ਹਲਕੇ ਵਿਚ 10,334 ਵੋਟਾਂ ਵਿਚੋਂ ਏ.ਐਸ.ਡੀ. ਵਰਗ ਅਧੀਨ ਗ਼ੈਰ-ਹਾਜ਼ਰੀ, ਪਤਾ ਬਦਲਣ ਅਤੇ ਮੌਤ ਹੋਣ ਕਾਰਨ ਬੀ.ਐਲ.ਓਜ਼. ਵਲੋਂ ਘਰ-ਘਰ ਸਰਵੇਖਣ ਦੌਰਾਨ ਪਹਿਲਾਂ ਹੀ 8700 ਵੋਟਾਂ ਕੱਟ ਦਿੱਤੀਆਂ ਗਈਆਂ ਸਨ। ਬਾਕੀ ਰਹਿੰਦੀਆਂ ਵੋਟਾਂ ਵਿਚੋਂ ਸੁਣਵਾਈ ਮੌਕੇ ਵੋਟਰਾਂ ਦੇ ਗ਼ੈਰ-ਹਾਜ਼ਰ ਰਹਿਣ ਕਾਰਨ 1232 ਵੋਟਾਂ ਕੱਟੀਆਂ ਗਈਆਂ। ਨਾਲ ਹੀ ਕੁਝ ਦੋਹਰੀਆਂ ਵੋਟਾਂ ਵੀ ਰੱਦ ਕੀਤੇ ਜਾਣ ਦੀ ਸੂਚਨਾ ਹੈ।
ਪਿਛਲੀ ਖ਼ਬਰ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਵਾਸਤੇ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ’ਚ ਆਈ ਤੇਜ਼ੀ- ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।