ਪਾਸਵਰਡ
ਲੇਖਕ : ਸੁਰਜੀਤ ਮਜਾਰੀ
ਪ੍ਰਕਾਸ਼ਕ : ਸਾਗਰ ਪ੍ਰਕਾਸ਼ਨ ਬੰਗਾ
ਮੁੱਲ: 125 ਰੁਪਏ, ਸਫ਼ੇ : 120
ਸੰਪਰਕ : 9872193237

ਵੱਖ ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਨਿਰੰਤਰ ਤੌਰ 'ਤੇ ਪ੍ਰਕਾਸ਼ਿਤ ਹੋਣ ਵਾਲ਼ੇ ਲੇਖਕ ਸੁਰਜੀਤ ਮਜਾਰੀ ਦੀ ਹਥਲੀ ਪੁਸਤਕ 'ਪਾਸਵਰਡ' ਵਿਚ ਛੋਟੀਆਂ-ਛੋਟੀਆਂ ਕੁੱਲ 104 ਕਹਾਣੀਆਂ ਹਨ | ਸਾਹਿਤ ਦੇ ਖੇਤਰ ਵਿਚ ਸਥਾਪਿਤ ਲੇਖਕ ਸੁਰਜੀਤ ਮਜਾਰੀ ਭਾਵੇਂ ਨਾਵਲ, ਬੋਲੀਆਂ ਅਤੇ ਗ਼ਜ਼ਲ ਵਿਧਾਵਾਂ ਵਿਚ ਵੀ ਲਿਖਦਾ ਹੈ ਪਰ ਮਿੰਨੀ ਕਹਾਣੀਆਂ ਲਿਖਣ ਪੱਖੋਂ ਵਿਸ਼ਿਆਂ ਦੀ ਚੋਣ ਕਰਨ, ਸਮੇਂ ਦੀ ਨਬਜ਼ ਪਹਿਚਾਣਨ ਅਤੇ ਪਾਠਕਾਂ ਦੀ ਦਿਲਚਸਪੀ ਪੈਦਾ ਕਰਨ ਵਿਚ ਉਹ ਵਿਸ਼ੇਸ਼ ਮੁਹਾਰਤ ਰੱਖਦਾ ਹੈ | ਪੁਸਤਕ ਬਾਰੇ ਆਪਣੇ ਵਿਚਾਰ ਲਿਖਣ ਵਾਲੇ ਨਾਮਵਰ ਲੇਖਕਾਂ ਰਜਿੰਦਰ ਜੱਸਲ, ਅਜਮੇਰ ਸਿੱਧੂ ਅਤੇ ਦਵਿੰਦਰ ਸਕੋਹਪੁਰੀ ਨੇ ਸਟੀਕ ਸ਼ਬਦਾਂ ਰਾਹੀਂ ਲੇਖਕ ਦੇ ਸਾਹਿਤਕ, ਕਲਾਤਮਿਕ ਅਤੇ ਗੁਣਾਤਮਕ ਪੱਖਾਂ ਨੂੰ ਪ੍ਰਮਾਣਿਤ ਕੀਤਾ ਹੈ | ਲੇਖਕ ਨੇ ਆਪਣੀ ਇਹ ਪੁਸਤਕ ਸਾਗਰ ਮਜਾਰੀ ਨੂੰ ਸਮਰਪਿਤ ਕੀਤੀ ਹੈ | ਲੇਖਕ ਨੇ ਆਪਣੇ ਇਸ ਮਿੰਨੀ ਕਹਾਣੀ ਸੰਗ੍ਰਹਿ ਵਿਚ ਸਮਾਜਿਕ, ਰਾਜਨੀਤਕ, ਧਾਰਮਿਕ, ਨੈਤਿਕ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਬਹੁਤ ਹੀ ਮੁਸ਼ਤੈਦੀ ਨਾਲ ਟਕੋਰਾਂ ਕੀਤੀਆਂ ਹਨ | ਪੁਸਤਕ ਦਾ ਸਿਰਲੇਖ 'ਪਾਸਵਰਡ' ਮਨੁੱਖ ਦੀ ਆਧੁਨਿਕ ਮਾਨਸਿਕਤਾ ਨੂੰ ਉਜਾਗਰ ਕਰਦਾ ਹੋਇਆ ਵਿਆਹੁਤਾ ਜੋੜੇ ਨੂੰ ਆਪਸੀ ਵਿਸ਼ਵਾਸ ਦੇ ਬਦਲਦੇ ਹੋਏ ਅਰਥ ਪ੍ਰਤੀ ਸੁਚੇਤ ਕਰਦਾ ਹੈ | ਆਪਸੀ ਵਫ਼ਾਦਾਰੀ ਦੀ ਡੋਰ ਪਦਾਰਥਕ ਸਾਂਝ ਨਾਲੋਂ ਟੁੱਟ ਕੇ ਮੋਬਾਈਲ ਦੇ ਨਾਲ ਜੁੜ ਗਈ ਹੈ | ਲੇਖਕ ਨੇ ਆਪਣੇ ਵਿਅੰਗ ਰਾਹੀਂ ਅਜੋਕੇ ਮਨੁੱਖ ਦੀ ਦੋਹਰੀ ਮਾਨਸਿਕਤਾ ਨੂੰ ਉਜਾਗਰ ਕੀਤਾ ਹੈ | ਇਸੇ ਤਰ੍ਹਾਂ ਕਾਰੋਬਾਰ, ਰੰਗ, ਨਾਂਅ, ਮੋਹ, ਦਾਨ ਅਤੇ ਔਖ ਕਹਾਣੀਆਂ ਪਾਠਕਾਂ ਦੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ |
ਛੋਟੀਆਂ-ਛੋਟੀਆਂ ਕਹਾਣੀਆਂ ਜਿੱਥੇ ਵੱਡੇ ਸੁਨੇਹੇ ਦਿੰਦੀਆਂ ਹਨ, ਉੱਥੇ ਲੇਖਕ ਦੇ ਨਵੇਂ ਤਜਰਬੇ ਵੱਲ ਵੀ ਇਸ਼ਾਰਾ ਕਰਦੀਆਂ ਹਨ | ਕਹਾਣੀਆਂ ਦੀਆਂ ਘਟਨਾਵਾਂ ਅਤੇ ਪਾਤਰਾਂ ਦੇ ਅਨੁਸਾਰ ਸ਼ਬਦਾਂ ਦੀ ਚੋਣ, ਵਿਉਂਤਬੰਦੀ ਦਿਲਚਸਪ ਸ਼ੈਲੀ ਲੇਖਕ ਦੀ ਭਾਸ਼ਾ ਉੱਤੇ ਪਕੜ ਅਤੇ ਕਹਾਣੀ ਰਚਣ ਦੀ ਮੁਹਾਰਤ ਰੱਖਣ ਨੂੰ ਪ੍ਰਮਾਣਿਤ ਕਰਦੇ ਹਨ |
-ਪਿ੍ੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਜੀਵਨ ਅਨੰਦ
ਲੇਖਕ : ਰਾਜਿੰਦਰ ਕੌਰ ਜੀਤ
ਪ੍ਰਕਾਸ਼ਕ : ਆਰਿਫ਼ ਪਬਲੀਕੇਸ਼ਨਜ਼ ਐਂਡ ਲਿਟਰੇਚਰ ਹਾਊਸ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 111
ਸੰਪਰਕ : 99147-11191

ਪ੍ਰਾਚੀਨ ਧਰਮ-ਆਚਾਰੀਆ ਅਤੇ ਮਹਾਨ ਅਧਿਆਤਮਿਕ ਰਹਿਬਰ ਜੀਵਨ ਨੂੰ 'ਦੁੱਖਾਂ ਦਾ ਘਰ' ਮੰਨਦੇ ਰਹੇ ਹਨ | ਸਾਡੇ ਪ੍ਰਾਚੀਨ ਰਿਸ਼ੀ ਮੁਨੀ, ਬੋਧ ਅਤੇ ਜੈਨ ਧਰਮ ਦੇ ਸੰਚਾਲਕ ਮਹਾਤਮਾਵਾਂ ਲਈ ਵੀ ਜੀਵਨ ਅਨੰਦਮਈ ਨਹੀਂ ਸੀ ਬਲਕਿ ਉਹ ਅਜਿਹੇ ਲੋਕਾਂ ਨੂੰ ਪਥ-ਭ੍ਰਸ਼ਟ ਅਤੇ ਪਤਿਤ ਮੰਨਦੇ ਸਨ, ਜਿਨ੍ਹਾਂ ਦਾ ਉਦੇਸ਼ ਜੀਵਨ ਦਾ ਅਨੰਦ ਭੋਗਣਾ ਹੁੰਦਾ ਸੀ | ਪਰ ਸਿੱਖ ਧਰਮ ਵਿਚ ਜੀਵਨ ਅਨੰਦਮਈ ਹੈ | ਜਿਹੜਾ ਵਿਅਕਤੀ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਸਿੱਖ ਜਾਂਦਾ ਹੈ, ਉਹ ਪੁਕਾਰ ਉੱਠਦਾ ਹੈ : ਅਨੰਦ ਭਇਆ ਵਡਭਾਗੀਹੋ...¨ ਗੁਰੂ ਨਾਨਕ ਸਾਹਿਬ ਮਨੁੱਖੀ ਜੀਵਨ ਨੂੰ ਪਰਮਾਤਮਾ ਵਲੋਂ ਪ੍ਰਾਪਤ ਹੋਈ ਇਕ ਵਡਮੁੱਲੀ ਸੌਗਾਤ ਸਮਝਦੇ ਸਨ | ਇਸ ਪ੍ਰਕਾਰ ਮਨੁੱਖ ਹੋਣਾ ਅਤੇ ਜੀਵਨ ਨੂੰ ਦੁੱਖਣੀ ਮੰਨਣਾ ਇਕ ਪ੍ਰਕਾਰ ਦੀ ਅਕ੍ਰਿਤਘਣਤਾ ਹੈ |
ਬੀਬੀ ਰਾਜਿੰਦਰ ਕੌਰ ਜੀਤ ਗੁਰਬਾਣੀ ਵਿਚ ਮੁਕੰਮਲ ਆਸਥਾ ਰੱਖਣ ਵਾਲੀ ਇਕ ਗੁਰਮੁਖ-ਜਿਉੜੀ ਹੈ | ਇਸ ਕਾਰਨ ਉਹ ਮਨੁੱਖੀ ਜੀਵਨ ਦੇ ਦੁੱਖਾਂ ਦੇ ਨਿਵਾਰਨ ਲਈ ਗੁਰਬਾਣੀ ਦਾ ਆਸਰਾ ਲੈਣ ਦੀ ਸ਼ੁੱਭ ਸਲਾਹ ਦਿੰਦੀ ਹੈ | ਪੁਸਤਕ ਵਿਚਲੇ ਸਾਰੇ ਲੇਖ ਜੀਵਨ ਦੇ ਹਰ ਮਰਹਲੇ ਨੂੰ ਗੁਰਬਾਣੀ ਦੇ ਸਹਾਰੇ ਜੀਣ ਦੀ ਵਿਧੀ ਦੱਸਦੇ ਹਨ | ਕੁਝ ਲੇਖਾਂ ਦੇ ਟਾਈਟਲ ਦੇਖੋ : 1. ਕੰਮ ਸ਼ੁਰੂ ਕਿਵੇਂ ਕਰੀਏ?, 2 ਅਰਦਾਸ ਕਿਵੇਂ ਕਰੀਏ?, 3. ਅਵਗੁਣ ਕਿਵੇਂ ਤਿਆਗੀਏ?, 4. ਚੜ੍ਹਦੀ ਕਲਾ ਵਿਚ ਕਿਵੇਂ ਰਹੀਏ?, 5. ਸੰਗਤਿ ਕੈਸੀ ਕੀਜੀਐ?, 6. ਵਿਹਲੇ ਸਮੇਂ ਦੀ ਵਰਤੋਂ ਕਿਵੇਂ ਕਰੀਏ?... ਆਦਿ |
ਪੁਸਤਕ ਦੇ ਹੋਰ ਲੇਖਾਂ ਵਿਚ ਵੀ ਗੁਰਬਾਣੀ ਦਾ ਸਹਾਰਾ ਲੈਣ ਦੀ ਨਸੀਹਤ ਮਿਲਦੀ ਹੈ | ਇਉਂ ਲੇਖਿਕਾ ਨੇ ਗੁਰਬਾਣੀ ਪ੍ਰਤੀ ਆਪਣੀ ਆਸਥਾ ਦਾ ਬੜਾ ਸੁੰਦਰ ਅਤੇ ਕਲਿਆਣਕਾਰੀ ਸੰਦੇਸ਼ ਅੰਕਿਤ ਕੀਤਾ ਹੈ | ਭਾਵੇਂ ਅਜੋਕੇ ਪੂੰਜੀਵਾਦੀ ਯੁੱਗ ਵਿਚ ਆਮ ਆਦਮੀ ਨੂੰ ਇਹੋ ਜਿਹੇ ਸੰਦੇਸ਼ ਸੁਣਨ ਦੀ ਜਾਚ ਨਹੀਂ ਰਹੀ ਪਰ ਤਾਂ ਵੀ ਸਮੇਂ-ਸਮੇਂ ਅਸੀਂ ਆਪਣੇ ਆਲ਼ੇ-ਦੁਆਲ਼ੇ ਗੁਰਬਾਣੀ ਦੀ ਮਾਰਫ਼ਤ ਲੋਕਾਂ ਨੂੰ ਪ੍ਰਗਤੀ ਅਤੇ ਸੁਖਮਈ ਜੀਵਨ ਬਤੀਤ ਕਰਦਿਆਂ ਦੇਖਿਆ ਹੈ | ਮੈਂ ਲੇਖਿਕਾ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਾ ਹਾਂ | ਮੈਂ ਚਾਹੁੰਦਾ ਹਾਂ ਕਿ ਉਹ ਗੁਰਬਾਣੀ ਦੀ ਵੱਥ ਨੂੰ ਖ਼ੂਬ ਹੰਗਾਲੇ ਤਾਂ ਜੋ ਇਸ ਦੇ ਅੰਦਰੋਂ ਨਵਨੀਤ ਪ੍ਰਾਪਤ ਹੋ ਜਾਵੇ | ਰਾਜਿੰਦਰ ਜੀ ਨੂੰ ਬਹੁਤ-ਬਹੁਤ ਅਸੀਸਾਂ!
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਸੱਤਰਵਾਂ ਬਸੰਤ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਕੇ ਪਬਲੀਕੇਸ਼ਨ, ਬਰੇਟਾ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 98158-08506

“ਸੱਤਰਵਾਂ ਬਸੰਤ” ਡਾ. ਸ਼ਿਆਮ ਸੁੰਦਰ ਦੀਪਤੀ ਦਾ ਨਵਾਂ ਮਿੰਨੀ ਕਹਾਣੀ-ਸੰਗ੍ਰਹਿ ਹੈ | ਡਾ.ਸ਼ਿਆਮ ਸੁੰਦਰ ਦੀਪਤੀ ਮਿੰਨੀ ਕਹਾਣੀ ਦੇ ਖੇਤਰ ਵਿਚ ਇਕ ਸਥਾਪਿਤ ਨਾਂਅ ਹੈ | ਉਸ ਦੀਆਂ ਕਹਾਣੀਆਂ ਦੀ ਪੜ੍ਹਤ ਦੌਰਾਨ ਉਸ ਦੇ ਵਿਸ਼ਾਲ ਜੀਵਨ ਅਨੁਭਵ ਅਤੇ ਉੱਤਮ ਕਹਾਣੀ ਕਲਾ ਸਾਹਮਣੇ ਆਉਂਦੀ ਹੈ | ਉਹ ਆਪਣੀਆਂ ਕਹਾਣੀਆਂ ਵਿਚ ਰੋਜ਼ਾਨਾ ਜ਼ਿੰਦਗੀ ਵਿਚੋਂ ਪ੍ਰਤੀਕ ਵਰਤਦਾ ਹੈ ਅਤੇ ਮਨੋਵਿਗਿਆਨਕ ਢੰਗ ਨਾਲ ਸਮਕਾਲੀ ਹਾਲਤਾਂ ਨੂੰ ਪੇਸ਼ ਵੀ ਕਰਦਾ ਹੈ | ਇਸ ਸੰਗ੍ਰਹਿ ਦੀਆਂ ਕਹਾਣੀਆਂ ਇਕ ਵੱਖਰੇ ਜ਼ਾਵੀਏ ਤੋਂ ਲਿਖੀਆਂ ਗਈਆਂ ਹਨ | ਇਨ੍ਹਾਂ ਕਹਾਣੀਆਂ ਦੇ ਬੀਜ ਆਮ ਜਨ-ਜੀਵਨ ਦੇ ਵਰਤਾਰਿਆਂ ਅਤੇ ਵਿਅਕਤੀਗਤ ਦਿ੍ਸ਼ਟੀਕੋਣ ਤੋਂ ਉਭਰਦੇ ਹਨ | ਰਵਾਇਤੀ ਸੱਭਿਆਚਾਰ ਅਤੇ ਪੰਜਾਬੀ ਜੀਵਨ ਵਿਚ ਆਧੁਨਿਕਤਾ, ਵਿਸ਼ਵੀਕਰਨ ਅਤੇ ਕਾਰਪੋਰੇਟ ਜਗਤ ਦੇ ਵਧ ਰਹੇ ਪ੍ਰਭਾਵਾਂ ਕਾਰਨ ਆ ਰਹੇ ਬਦਲਾਵਾਂ ਨੂੰ ਵਿਸ਼ਾ ਬਣਾਉਂਦੀਆਂ ਇਹ ਕਹਾਣੀਆਂ ਡਾ. ਦੀਪਤੀ ਦੀ ਮਿੰਨੀ ਕਹਾਣੀ ਦੇ ਖੇਤਰ ਵਿਚ ਵਿਲੱਖਣ ਕਹਾਣੀ ਕਲਾ ਦੀ ਹਾਮੀ ਭਰਦੀਆਂ ਹਨ | ਉਸ ਦੀ ਸੋਚ, ਦਾਰਸ਼ਿਨਕਤਾ ਅਤੇ ਕਥਾ ਜੁਗਤਾਂ ਕਾਰਨ ਇਹ ਕਹਾਣੀਆਂ ਇਸ ਵਿਧਾ ਰੂਪ ਨੂੰ ਅਗਲੇ ਪੜਾਅ ਤਕ ਲੈ ਜਾਂਦੀਆਂ ਹਨ | ਇਕ ਇਕ ਕਹਾਣੀ ਪਾਠਕ ਦੇ ਜ਼ਿਹਨ ਵਿਚ ਕਈ ਕਈ ਪ੍ਰਸ਼ਨ ਖੜ੍ਹੇ ਕਰਦੀ ਹੈ ਅਤੇ ਇਹ ਕਹਾਣੀਆਂ ਸਮਾਜ ਦੇ ਮਸਲਿਆਂ ਨੂੰ ਰੇਖਾਂਕਿਤ ਕਰਦੀਆਂ ਖੁੱਲ੍ਹੇ ਅੰਤ 'ਤੇ ਖ਼ਤਮ ਹੁੰਦੀਆਂ ਹਨ, ਬਹੁਤ ਕੁਝ ਪਾਠਕ ਦੇ ਸੋਚ ਵਿਚਾਰ ਲਈ ਵੀ ਛੱਡ ਦਿੰਦੀਆਂ ਹਨ | ਇਨ੍ਹਾਂ ਕਹਾਣੀਆਂ ਵਿਚ ਉਹ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੀ ਗੱਲ ਕਰਦਾ ਹੈ, ਔਲਾਦ ਦੀ ਤਰਬੀਅਤ ਦੀ ਗੱਲ ਕਰਦਾ ਹੈ, ਰਾਜਨੀਤਕ ਚੋਣ ਪ੍ਰਣਾਲੀ 'ਤੇ ਚੋਟ ਮਾਰਦਾ ਹੈ, ਪਰਿਵਾਰਕ ਰਿਸ਼ਤਿਆਂ, ਕੋਰੋਨਾ ਕਾਲ ਦੀਆਂ ਮੁਸੀਬਤਾਂ ਆਦਿ ਨੂੰ ਵਿਸ਼ਾ ਬਣਾਉਂਦਾ ਹੈ | ਅਜਿਹੇ ਵਿਸ਼ੇ ਕਾਲਪਨਿਕ ਵੇਰਵਿਆਂ ਦੀ ਥਾਂ ਯਥਾਰਥਵਾਦੀ ਵੇਰਵਿਆਂ 'ਤੇ ਆਧਾਰਿਤ ਹਨ ਜਿਸ ਕਾਰਨ ਵਿਚਾਰਧਾਰਕ ਪੱਧਰ 'ਤੇ ਇਹ ਰਚਨਾਵਾਂ ਮਾਨਵਵਾਦੀ ਸਿੱਧ ਹੁੰਦੀਆਂ ਹਨ | ਪੁਸਤਕ ਦਾ ਸਿਰਲੇਖ “ਸੱਤਰਵਾਂ ਬਸੰਤ”ਵੀ ਇਨ੍ਹਾਂ ਵਿਸ਼ਿਆਂ ਅਤੇ ਕਹਾਣੀ ਕਲਾ ਦੀ ਪੁਖ਼ਤਗੀ ਦੀ ਗਵਾਹੀ ਭਰਦਾ ਹੈ | ਇਸ ਸੰਬੰਧ ਵਿਚ ਇਸ ਸੰਗ੍ਰਹਿ ਦੀਆਂ ਕਹਾਣੀਆਂ ਸੱਤਰਵਾਂ ਬਸੰਤ, ਸਵਾਲਾਂ ਦਾ ਘੇਰਾ, ਸੋਗ ਦਾ ਟਿਊਨ, ਜ਼ਿੰਦਗੀ ਦਾ ਸਿਹਰਾ, ਨਦੀਆਂ ਦੀ ਮੀਟਿੰਗ, ਡਰਨਾ, ਰੋਟੀ ਦਾ ਜੁਗਾੜ, ਮੁਰਦਾ ਘਰ ਤੋਂ ਅਤੇ ਚੁੱਪ ਦੀ ਇੱਕ ਵਾਰਤਾਲਾਪ ਜ਼ਿਕਰਯੋਗ ਹਨ | ਸ਼ੈਲੀ ਬਾਰੇ ਗੱਲ ਕੀਤਿਆਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਕਹਾਣੀ-ਸੰਗ੍ਰਹਿ ਵਿਚ ਕਹਾਣੀਕਾਰ ਡਾ. ਦੀਪਤੀ ਨੇ ਬਿਆਨੀਆ ਸ਼ੈਲੀ, ਪੱਤਰ ਸ਼ੈਲੀ, ਡਾਇਰੀ ਸ਼ੈਲੀ, ਸੰਵਾਦ ਸ਼ੈਲੀ ਅਤੇ ਮਨਬਚਨੀ ਸ਼ੈਲੀ ਆਦਿ ਦੀ ਵਰਤੋਂ ਕੀਤੀ ਹੈ | ਕਹਾਣੀਕਾਰ ਨੇ ਇਹਨਾਂ ਕਹਾਣੀਆਂ ਵਿਚ ਸੜਕ, ਨਦੀ, ਦਰਖ਼ਤ ਅਤੇ ਪੰਛੀ ਆਦਿ ਨੂੰ ਵੀ ਨਾਇਕ ਵਜੋਂ ਪੇਸ਼ ਕੀਤਾ ਹੈ | ਇਸ ਪੁਸਤਕ ਦੇ ਭਰਪੂਰ ਸਵਾਗ਼ਤ ਦੀ ਆਸ ਕੀਤੀ ਜਾਂਦੀ ਹੈ |
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਬਾਲਮ ਉਪਦੇਸ਼ ਸਾਖੀਆਂ
ਲੇਖਕ : ਅਮਰੀਕ ਸਿੰਘ ਸਰਾਂ
ਪ੍ਰਕਾਸ਼ਕ : ਗੁਰੂ ਨਾਨਕ ਬਾਣੀ ਡਿਵਾਈਨ ਨੌਲੇਜ
ਮੁੱਲ : 125 ਰੁਪਏ, ਸਫ਼ੇ : 55

ਇਸ ਪੁਸਤਕ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਜੀਵਨ ਨਾਲ ਸੰਬੰਧਿਤ ਛੋਟੀਆਂ-ਛੋਟੀਆਂ ਚੋਣਵੀਆਂ ਸਾਖੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਵੇਂ ਭਾਈ ਲਾਲੋ ਜੀ ਅਤੇ ਮਲਕ ਭਾਗੋ, ਸੱਜਣ ਠੱਗ, ਹਰਿਦੁਆਰ ਵਿਚ ਲਹਿੰਦੇ ਵੱਲ ਪਾਣੀ ਦੇਣਾ, ਵੈਸ਼ਨੋ ਸਾਧੂ ਨੂੰ ਉਪਦੇਸ਼, ਜਨੇਊ ਪਾਉਣ ਤੋਂ ਇਨਕਾਰ ਕਰਨਾ, ਪਾਂਡੇ ਦੇ ਪਾਖੰਡ ਦੂਰ ਕਰਨਾ, ਸੱਚੇ ਦੀ ਸੱਚੀ ਆਰਤੀ ਦਾ ਉਚਾਰਨਾ ਆਦਿ | ਗੁਰੂ ਜੀ ਦੇ ਮਹਾਨ ਜੀਵਨ ਦੀ ਝਾਤ ਦੇ ਨਾਲ-ਨਾਲ ਕੁਝ ਸਵਾਲ-ਜਵਾਬ ਵੀ ਦਿੱਤੇ ਗਏ ਹਨ, ਜੋ ਵਿਦਿਆਰਥੀਆਂ ਅਤੇ ਆਮ ਜਗਿਆਸੂਆਂ ਲਈ ਬਹੁਤ ਲਾਹੇਵੰਦ ਹਨ | ਗੁਰਬਾਣੀ ਦੇ ਪ੍ਰਮਾਣ ਦੇ ਕੇ ਸਫਲ ਜੀਵਨ ਜਾਚ ਬਾਰੇ ਚਾਨਣਾ ਪਾਇਆ ਗਿਆ ਹੈ | ਇਸ ਛੋਟੀ ਜਿਹੀ ਪੁਸਤਕ ਵਿਚ ਗੁਰਬਾਣੀ ਦਾ ਸਾਰ ਅਤੇ ਸਿਧਾਂਤ ਸਮਝਾਇਆ ਗਿਆ ਹੈ | ਸਦੀਵੀ ਸੱੁਖ ਅਤੇ ਸ਼ਾਂਤੀ ਬਖਸ਼ਣ ਵਾਲੀ ਗੁਰਬਾਣੀ ਦਾ ਆਸਰਾ ਲੈਣ ਦੀ ਪ੍ਰੇਰਨਾ ਦਿੱਤੀ ਗਈ ਹੈ | ਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਲਈ ਰਾਹਦਸੇਰੀ ਹੈ | ਇਸ ਮਹੱਤਵਪੂਰਨ ਪੁਸਤਕ ਦਾ ਭਰਪੂਰ ਸਵਾਗਤ ਹੈ |
-ਡਾ. ਸਰਬਜੀਤ ਕੌਰ ਸੰਧਾਵਾਲੀਆ
ਗੁਰ-ਜੀਵਨੀ : ਸਿੱਖ ਵਿਰਾਸਤ ਮੀਰੀ
(ਭਾਈ ਸੰਤੋਖ ਸਿੰਘ ਰਚਿਤ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦੀ ਕਥਾ 'ਤੇ ਆਧਾਰਿਤ ਹੈ)
ਮੀਰੀ-ਪੀਰੀ ਤੋਂ ਸ਼ਹਾਦਤ ਤੱਕ
(ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ) ਭਾਗ-2
ਲੇਖਕ : ਗੁਰਮੁਖ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 1095 ਰੁਪਏ, ਸਫ਼ੇ : 639
ਸੰਪਰਕ: 0172-5027427

ਹਥਲੀ ਵੱਡਅਕਾਰੀ ਕਿਤਾਬ ਦੇ ਸੁਹਿਰਦ ਲੇਖਕ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਰਚਿਤ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ' ਨੂੰ ਲਗਾਤਾਰਤਾ ਬਣਾ ਕੇ ਸਰਵਣ ਕੀਤਾ | ਲੇਖਕ ਨੇ ਸਰਕਾਰੀ ਸੇਵਾ ਦੀ ਮੁਕਤੀ ਤੋਂ ਬਾਅਦ ਮਨ ਬਣਾ ਲਿਆ ਕਿ ਕੋਈ ਸਾਰਥਿਕ ਕਾਰਜ ਕਰਨਾ ਹੈ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਕੋਈ ਲਾਹਾ ਤੇ ਪ੍ਰੇਰਨਾ ਲੈ ਸਕਣ | ਇਸ ਮਹਾਨ ਗ੍ਰੰਥ ਦੀ ਕਥਾ ਹਰ ਇਤਿਹਾਸਕ ਤੇ ਵੱਡੇ ਕਸਬੇ ਦੇ ਗੁਰੂ ਘਰਾਂ ਵਿਚ ਹੁੰਦੀ ਆ ਰਹੀ ਹੈ | ਇਤਿਹਾਸ ਨੂੰ ਪਿਆਰ ਕਰਨ ਵਾਲੇ ਸਰੋਤੇ ਬਿਨਾਂ ਨਾਗਾ ਸਿੱਖ ਇਤਿਹਾਸ ਨਾਲ ਸੰਗਤੀ-ਰੂਪ ਵਿਚ ਜੁੜਦੇ ਹਨ | ਇਸ ਵਾਰਤਕ ਕਿਤਾਬ ਵਿਚ ਆਮ ਪਾਠਕ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ ਸ਼ੈਲੀ ਵਿਚ ਪੁਸਤਕ ਦੇ ਇਸ ਦੂਜੇ ਭਾਗ ਵਿਚ ਛੇਵੇਂ ਪਾਤਿਸ਼ਾਹ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਤੱਕ ਦੇ ਜੀਵਨ ਨੂੰ ਪਾਠਕਾਂ ਗੋਚਰ ਕੀਤਾ ਗਿਆ ਹੈ | ਲੇਖਕ ਵਲੋਂ ਇਨ੍ਹਾਂ ਚਾਰ ਗੁਰੂ ਸਾਹਿਬਾਨ ਦੇ ਜੀਵਨ ਨੂੰ ਇਸ ਮਹਾਨ ਗ੍ਰੰਥ ਦੀ ਕਾਵਿ-ਸ਼ੈਲੀ ਮੁਤਾਬਿਕ ਵੱਡਾ ਉੱਦਮ ਕੀਤਾ ਹੈ | ਇਸ ਪੁਸਤਕ ਵਿਚ ਮੀਰੀ-ਪੀਰੀ ਦੇ ਮਾਲਕ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਕ, ਭਗਤੀ ਤੇ ਸ਼ਕਤੀ ਨੂੰ ਇਕ ਮੰਚ 'ਤੇ ਇਕੱਠਿਆਂ ਕਰਨ ਵਾਲੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੀਰੀ-ਪੀਰੀ ਦੇ ਵਿਲੱਖਣ ਸਿਧਾਂਤ ਦੀ ਸਥਾਪਨਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹੱਤਤਾ, ਮੁਗਲ ਹਕੂਮਤ ਨਾਲ ਹੋਏ ਯੁੱਧ, ਬੰਦੀ-ਛੋੜ ਪਾਤਿਸ਼ਾਹ ਬਣਨ ਤੱਕ ਦਾ ਸਫ਼ਰ, ਸਿੱਖ ਕੌਮ ਨੂੰ ਸੰਤ ਤੋਂ ਸਿਪਾਹੀ ਬਣਨ ਦਾ ਬੇਸ਼=ਕੀਮਤੀ ਵਿਚਾਰ ਤੇ ਸਿਧਾਂਤ ਨਾਲ ਜੋੜਨਾ ਪ੍ਰਮੁੱਖ ਵਿਚਾਰ ਹਨ | ਇਸ ਤੋਂ ਅੱਗੇ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਜੀਵਨ-ਜਾਚ ਵਿਚੋਂ ਦਇਆ, ਸੇਵਾ ਅਤੇ ਮਨੁੱਖੀ ਭਲਾਈ ਕੀਤੇ ਪਰਉਪਕਾਰ ਕਾਰਜਾਂ ਨੂੰ ਉਜਾਗਰ ਕਰਨਾ, ਲੇਖਕ ਦਾ ਸ਼ਲਾਘਾਯੋਗ ਕਾਜ ਹੈ | ਇਸ ਤੋਂ ਬਾਅਦ ਅੱਠਵੇਂ ਪਾਤਿਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਬਾਲ ਅਵਸਥਾ ਵਿਚ ਪ੍ਰੇਰਨਾਦਾਇਕ ਕਾਰਜਾਂ ਨੂੰ ਸੰਗਤ ਦੇ ਰੂਬਰੂ ਕਰਨਾ ਮਹੱਤਵਪੂਰਨ ਹੈ | ਅੱਠਵੇਂ ਪਾਤਿਸ਼ਾਹ ਜੀ ਦੇ ਗੁਰਗੱਦੀ ਸਮੇਂ ਦੇ ਕਾਰਜਾਂ ਵਿਚ ਦਿੱਲੀ ਵਿਚ ਫੈਲੀ ਮਹਾਂਮਾਰੀ ਦੌਰਾਨ ਲੋਕ-ਸੇਵਾ, ਦਇਆ-ਭਾਵਨਾ ਵਾਲੇ ਪਰਉਪਕਾਰੀ ਜੀਵਨ ਦੀਆਂ ਇਤਿਹਾਸਕ ਝਲਕਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ | ਇਸ ਪੁਸਤਕ ਦੇ ਅੰਤਿਮ ਹਿੱਸੇ ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੈਰਾਗ, ਤਿਆਗ ਅਤੇ ਮਨੁੱਖੀ ਧਾਰਮਿਕ ਆਜ਼ਾਦੀ ਦੀ ਖਾਤਰ ਜੀਵਨ ਬਲੀਦਾਨ ਦੀ ਗਾਥਾ ਬਿਆਨ ਕਰਦਿਆਂ ਸੁਹਿਰਦ ਲੇਖਕ ਵਲੋਂ ਗੁਰੂ ਸਾਹਿਬ ਵਲੋਂ ਕੀਤੇ ਕਾਰਜਾਂ ਨੂੰ ਪਾਠਕਾਂ ਸਨਮੁੱਖ ਕਰਨ ਦਾ ਸਾਰਥਿਕ ਉੱਦਮ ਹੈ | ਹਰ ਪਾਠਕ ਨੌਵੇਂ ਪਾਤਿਸ਼ਾਹ ਦੇ ਪਰਉਪਕਾਰੀ ਜੀਵਨ ਤੋਂ ਪ੍ਰੇਰਨਾ ਲੈ ਕੇ ਸੱਚ ਦੀ ਖਾਤਰ, ਧਰਮੀ ਤੇ ਇਨਸਾਨੀਅਤ ਦੇ ਰਾਹ 'ਤੇ ਚੱਲਣ ਲਈ ਪ੍ਰੇਰਨਾ ਲੈ ਸਕਦਾ ਹੈ | ਪੁਸਤਕ ਦੇ ਇਸ ਦੂਜੇ ਭਾਗ ਲਈ ਲੇਖਕ ਦੀ ਘਾਲਣਾ ਦੀ ਪ੍ਰਸੰਸਾ ਕਰਨੀ ਬਣਦੀ ਹੈ |
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅਣਕਹੀਆਂ ਕਹਾਣੀਆਂ
ਲੇਖਕ : ਗੁਰਚਰਨ ਸਿੰਘ ਹੰਸਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 175
ਸੰਪਰਕ : 95011-45039

ਅਣਕਹੀਆਂ ਕਹਾਣੀਆਂ ਦੇ ਇਸ ਕਹਾਣੀ-ਸੰਗ੍ਰਹਿ ਨੂੰ ਪੜ੍ਹਦਿਆਂ ਇੰਝ ਜਾਪਦਾ ਹੈ ਜਿਵੇਂ ਇਸ ਨੂੰ ਜੇਕਰ ਕਹਾਣੀਆਂ ਨਹੀਂ ਹੱਡ ਬੀਤੀਆਂ ਦਾ ਸੰਗ੍ਰਹਿ ਕਿਹਾ ਜਾਵੇ ਤਾਂ ਜ਼ਿਆਦਾ ਚੰਗਾ ਹੈ | ਛੋਟੀਆਂ ਕਹਾਣੀਆਂ ਦੇ ਰੂਪ ਵਿਚ ਛਪੀਆਂ ਇਹ ਹੱਡ ਬੀਤੀਆਂ ਕਿਤੇ-ਕਿਤੇ ਕਹਾਣੀ ਦਾ ਭੁਲੇਖਾ ਪਾਉਂਦੀਆਂ ਹਨ ਪਰ ਅਸਲ ਵਿਚ ਕਹਾਣੀਕਾਰ ਦੇ ਜੀਵਨ ਦੀਆਂ ਉਹ ਘਟਨਾਵਾਂ ਜਾਪਦੀਆਂ ਹਨ ਜਿਹੜੀਆਂ ਉਸ ਦੇ ਅੰਤਰ ਮਨ ਵਿਚ ਪਈਆਂ ਰਹੀਆਂ ਤੇ ਫਿਰ ਕਹਾਣੀ ਦੇ ਰੂਪ ਵਿਚ ਉਸ ਨੇ ਪੰਨਿਆਂ 'ਤੇ ਇਨ੍ਹਾਂ ਨੂੰ ਉਤਾਰ ਦਿੱਤਾ | ਬਹੁਤ ਸਾਰੀਆਂ ਕਹਾਣੀਆਂ ਵਿਚ ਕੁਦਰਤ ਨਾਲ ਜੁੜੇ ਵਰਤਾਰੇ, ਜ਼ਿੰਦਗੀ ਦੇ ਸੱਚ, ਇਨਸਾਨੀ ਫ਼ਿਤਰਤ ਦੇ ਰੰਗ, ਸਮਾਜਿਕ ਕੱਚ ਸੱਚ ਆਦਿ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ ਜਿਹੜੇ ਕਿ ਜੀਵਨ ਦਾ ਹਿੱਸਾ ਹਨ | ਜਿਵੇਂ ਕਿ ਕਹਾਣੀ ਵਡਮੁੱਲੀ ਘੜੀ ਵਿਚ ਕਹਾਣੀਕਾਰ ਥੋੜ੍ਹੇ ਸ਼ਬਦਾਂ ਵਿਚ ਵਕਤ ਦੀਆਂ ਅਣਮੁੱਲੀਆਂ ਘੜੀਆਂ ਦਾ ਅਹਿਸਾਸ ਕਰਵਾਉਂਦਾ ਹੈ ਜੋ ਸਹਿਜੇ ਹੀ ਹੱਥੋਂ ਕਿਰ ਜਾਂਦੀਆਂ ਹਨ | ਇਸੇ ਤਰ੍ਹਾਂ ਸਾਈਕਲ ਦਾ ਮਾਨਵੀਕਰਨ ਕਰਦਿਆਂ ਇਕ ਸਾਈਕਲ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਿਆਂ ਇੱਕ ਜੀਵਨ ਸੱਚ ਨੂੰ ਸਾਹਮਣੇ ਲਿਆਉਂਦਾ ਹੈ ਕਿ ਕਿ ਨਵੇਂ ਦੇ ਆਉਂਦਿਆਂ ਹੀ ਪੁਰਾਣਿਆਂ ਦੀ ਕਦਰ ਖ਼ਤਮ ਹੋ ਜਾਂਦੀ ਹੈ | ਉਦਾਸੀ ਤੋਂ ਉਡਾਨ ਤੱਕ ਕਹਾਣੀ ਜ਼ਿੰਦਗੀ ਵਿਚ ਆਸ਼ਾਵਾਦੀ ਰਹਿਣ ਦਾ ਸੁਨੇਹਾ ਦਿੰਦੀ ਹੈ ਅਤੇ ਆਕਾਸ਼ੀ ਜੀਵ ਕਹਾਣੀ ਹਰ ਵਰਤਾਰੇ ਨੂੰ ਪਰਮਾਤਮਾ ਦੀ ਰਜ਼ਾ ਮੰਨ ਉਸ ਵਿਚ ਰਾਜ਼ੀ ਰਹਿਣ ਦਾ ਵੱਲ ਸਿਖਾਉਂਦੀ ਹੈ | ਪੰਛੀਆਂ ਅਤੇ ਕੁਦਰਤ ਦੇ ਕਈ ਰੰਗ ਪੁਸਤਕ ਦੀਆਂ ਕਈ ਕਹਾਣੀਆਂ ਵਿਚ ਨਜ਼ਰ ਆਉਂਦੇ ਹਨ | ਜ਼ਿੰਦਗੀ ਦਾ ਸਕੂਲ ਕਹਾਣੀ ਜੀਵਨ ਵਿਚ ਮਿਲਣ ਵਾਲੇ ਰਿਸ਼ਤਿਆਂ ਦਾ ਸਾਰ ਪੇਸ਼ ਕਰਦੀ ਨਜ਼ਰ ਆਉਂਦੀ ਹੈ | ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਇਹ ਸਾਰੀਆਂ ਕਹਾਣੀਆਂ ਜ਼ਿੰਦਗੀ ਦੇ ਕਈ ਰੰਗ ਪੇਸ਼ ਕਰਦੀਆਂ ਹਨ |
-ਡਾ ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਸ਼ਿਲਾਲੇਖ
ਲੇਖਕ : ਹਰਦੇਵ ਹਮਦਰਦ
ਪ੍ਰਕਾਸ਼ਕ : ਜੇ ਪੀ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 196
ਸੰਪਰਕ :62838-93601

ਸ਼ਿਲਾਲੇਖ (ਕਾਵਿ-ਸੰਗ੍ਰਹਿ) ਵਿਚ ਹਰਦੇਵ ਹਮਦਰਦ ਦੀਆਂ ਰਚਨਾਵਾਂ ਕਬਿੱਤ, ਦੋਹਿੜਾ ਰੂਪ ਵਿਚ ਅੰਕਿਤ ਕੀਤੀਆਂ ਗਈਆਂ ਹਨ | ਸ਼ਿਲਾਲੇਖ ਦੇ ਅਰਥ - ਪੱਥਰ ਉੱਤੇ ਖੋਦਿਆ, ਉਕੇਰਿਆ ਹੋਇਆ ਪ੍ਰਾਚੀਨ ਲੇਖ, ਜਾਣਕਾਰੀ, ਹੁਕਮ, ਇਤਹਾਸਿਕ ਯਾਦਗਾਰਾਂ - ਵਰਗਾ ਵਿਖਾਉਣ ਲਈ ਇਨ੍ਹਾਂ ਰਚਨਾਵਾਂ ਨੂੰ ਉਸੇ ਹੱਥ ਲਿਖਤ ਰੂਪ ਵਿਚ ਛਾਪਿਆ ਗਿਆ ਹੈ, ਜੋ ਵੇਖਣ ਵਿਚ ਸੋਹਣਾ ਲਗਦਾ ਹੈ | ਇਹ ਇੱਕ ਤਰ੍ਹਾਂ ਨਾਲ ਨਿਵੇਕਲੀ ਕੋਸ਼ਿਸ਼ ਕੀਤੀ ਗਈ ਹੈ | ਸਭ ਰਚਨਾਵਾਂ ਕਵੀ ਦੀ ਸੋਚ, ਸਮਾਜਿਕ ਅਤੇ ਧਾਰਮਿਕ ਧਾਰਨਾਵਾਂ ਨੂੰ ਉਜਾਗਰ ਕਰਦੀ ਹੈ | ਬੁੱਲੇ ਸ਼ਾਹ ਦੀਆਂ ਕਾਫ਼ੀਆਂ, ਕਬੀਰ ਜੀ ਦੇ ਦੋਹੇ, ਇਸ਼ਕ ਹਕੀਕੀ, ਸਮਾਜ ਵਿਚਲੀਆਂ ਬੁਰਾਈਆਂ, ਕੁਦਰਤੀ ਵਾਤਾਵਰਨ, ਜੀਵਨ ਵਿਚ ਗੁਰੂ ਦੀ ਲੋੜ, ਨਿੰਦਿਆ, ਇਸ਼ਕ, ਪਿਆਰ, ਬੱਚਿਆਂ ਨੂੰ ਸੁਨੇਹੇ, ਵਰਗੇ ਵਿਸ਼ਿਆਂ ਉੱਤੇ ਲਿਖਾਰੀ ਨੇ ਆਪਣੀ ਕਾਵਿ ਵਿਧਾ ਦੇ ਕਈ ਰੂਪਾਂ ਨੂੰ ਸ਼ਬਦਾਂ ਰਾਹੀਂ ਕਲਮਬੰਦ ਕਰਨ ਵੇਲੇ ਕਾਫ਼ੀਆ ਰਦੀਫ਼ ਅਤੇ ਮਿਸ਼ਰਿਤ ਕਾਫ਼ੀਆ ਰਦੀਫ਼, ਲੈਅ, ਰਵਾਨੀ ਨੂੰ ਕਾਇਮ ਰੱਖਿਆ ਹੈ | ਸੁਨੇਹੇ ਸਪਸ਼ਟ ਹਨ | ਕਿਧਰੇ ਵੀ ਵਖਰੇਵੇਂਪਨ ਦਾ ਜ਼ਿਕਰ ਨਹੀਂ ਹੈ | ਆਪਸੀ ਮਿਲਵਰਤਨ, ਭਾਈਚਾਰਕ ਸਾਂਝ ਅਤੇ ਸ਼ਾਂਤੀ ਭਰੇ ਮਾਹੌਲ ਵੱਲ ਵਧਣ ਦੀ ਪ੍ਰੇਰਨਾ ਦਿੰਦੀਆਂ ਲਿਖਤਾਂ ਕਵੀ, ਲਿਖਾਰੀ ਦੀ ਵਧੀਆ ਸੋਚ ਦਾ ਪ੍ਰਦਰਸ਼ਨ ਕਰਦੀਆਂ ਹਨ | ਕੁੱਲ 63 ਰਚਨਾਵਾਂ ਨੂੰ 66 ਪੰਨਿਆਂ ਉੱਤੇ ਦਰਜ ਕੀਤਾ ਗਿਆ ਹੈ ਪਰ ਪੁਸਤਕ ਦੇ ਕੁੱਲ ਪੰਨੇ 181 ਹਨ | 4-5 ਰਚਨਾਵਾਂ ਨੂੰ ਛੱਡ ਕੇ ਬਾਕੀ ਹਰ ਇੱਕ ਵੱਧ ਤੋਂ ਵੱਧ 8-8 ਲਾਈਨਾਂ ਦੀਆਂ ਹਨ | ਇਸ ਪੁਸਤਕ ਦੇ ਲਿਖਾਰੀ ਨੇ ਹਰ ਰਚਨਾ ਦੇ ਨਾਲ ਲਗਭਗ ਡੇਢ ਤੋਂ ਦੋ ਪੰਨੇ ਉਸ ਰਚਨਾ ਦੇ ਸ਼ਬਦਾਂ ਦੀ ਵਿਆਖਿਆ, ਸ਼ਬਦਾਂ ਦੀ ਖ਼ੂਬਸੂਰਤੀ, ਭਾਵ ਅਰਥ ਸਮਝਾਉਣ, ਸੰਦਰਭ, ਸਾਰ ਅੰਸ਼ ਦਾ ਜ਼ਿਕਰ ਕਰਦੇ ਹੋਏ ਕਵੀ ਦੀ ਕਲਪਨਾ ਉਡਾਰੀ, ਉਸ ਦੀ ਵਧੀਆ ਅਤੇ ਉੱਚੀ ਸੋਚ ਦੀ ਪ੍ਰਸੰਸਾ ਰੂਪ ਵਿਚ ਲਿਖੇ ਹਨ | ਇੱਕ ਰਚਨਾ ਦੀ ਵਿਆਖਿਆ ਤਾਂ 5 ਪੰਨਿਆਂ 'ਤੇ ਲਿਖੀ ਗਈ ਹੈ | ਬਹੁਤੀਆਂ ਥਾਵਾਂ ਤੇ ਇੰਝ ਲਗਦਾ ਹੈ ਕਿ ਇਹ ਵਿਆਖਿਆ ਲਿਖਾਰੀ ਨੇ ਆਪ ਨਹੀਂ ਸਗੋਂ ਕਿਸੇ ਹੋਰ ਨੇ ਲਿਖੀ ਹੈ | ਪੁਸਤਕ ਵਿਚਲੀ ਹਰ ਰਚਨਾ, ਹਰ ਸ਼ਬਦ ਆਮ ਪਾਠਕ ਦੀ ਵੀ ਸਮਝ ਵਿਚ ਆਸਾਨੀ ਨਾਲ ਆ ਸਕਦੇ ਹਨ | ਫਿਰ ਵੀ ਇਹ ਵਿਆਖਿਆ ਰੂਪ ਦੇ ਕੇ ਤਕਰੀਬਨ 100 ਪੰਨੇ ਵਧਾਉਣ ਦਾ ਕਾਰਨ ਜੇ ਲਿਖਾਰੀ ਆਪਣੇ ਸ਼ੁਰੂਆਤੀ ਵਾਰਤਕ ਰੂਪ 'ਕਾਵਿ ਦਾ ਸੁਹਾਣ' ਵਿਚ ਸਪੱਸ਼ਟ ਕਰ ਦਿੰਦਾ ਤਾਂ ਵਧੀਆ ਲਗਦਾ | ਸ਼ਿਲਾਲੇਖ ਰੂਪ ਦਿੱਤੇ ਗਏ ਸ਼ਬਦਾਂ ਦੇ ਅੱਖਰਾਂ ਵਿਚ 'ਣ', 'ਟ' ਅਤੇ 'ਈੜੀ' ਦਾ ਰੂਪ ਸਹੀ ਨਾ ਹੋਣ ਕਰ ਕੇ ਪੜ੍ਹਨ ਵਿਚ ਰੁਕਾਵਟ ਪੈਦਾ ਕਰਦਾ ਹੈ | ਬਿੰਦੀ, ਪੈਰ ਬਿੰਦੀ, ਆਦਿ ਦੀ ਵਰਤੋਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਸੀ | ਇਹੀ ਆਸ਼ਾ ਹੈ ਕਿ ਹਰਦੇਵ ਹਮਦਰਦ ਦੀ ਸੋਚ ਅਗਲੀ ਪੁਸਤਕ ਰਾਹੀਂ ਹੋਰ ਨਿੱਖਰਵੇਂ ਰੂਪ ਵਿਚ ਸਾਹਮਣੇ ਆਵੇਗੀ |
-ਡਾ. ਇੰਦਰ ਪਾਲ ਸਿੰਘ
ਮੋਬਾਈਲ : 9779584235
ਸੇ ਸਚੜੇ ਪਾਸਾਰ
ਲੇਖਕ : ਡਾ. ਪਲਵਿੰਦਰ ਸਿੰਘ ਰੰਧਾਵਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 136
ਸੰਪਰਕ : 70855-25320

ਲੇਖਕ ਡਾ. ਪਲਵਿੰਦਰ ਸਿੰਘ ਰੰਧਾਵਾ ਹਥਲੇ ਕਾਵਿ-ਸੰਗ੍ਰਹਿ 'ਸੇ ਸਚੜੇ ਪਾਸਾਰ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿਆਂ 'ਗੂੰਜ ਦੇ ਬੋਲ' ਅਤੇ 'ਦਿਲ 'ਚੋਂ ਨਿਕਲੀ ਹੂਕ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੇ ਹਨ | ਸ਼ਾਇਰ ਕੇਂਦਰੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਕਾਫ਼ੀ ਚਿਰ ਤੋਂ ਜਨਰਲ ਸਕੱਤਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ | ਸ਼ਾਇਰ ਗੁਰਮਤਿ ਫ਼ਲਸਫ਼ੇ ਨਾਲ ਜਨੂੰਨ ਦੀ ਹੱਦ ਤੱਕ ਜੁੜਿਆ ਹੋਇਆ ਹੈ | ਹਥਲਾ ਕਾਵਿ-ਸੰਗ੍ਰਹਿ ਸਮਕਾਲ ਵਿਚ ਲਿਖੀ ਜਾ ਰਹੀ ਆਧੁਨਿਕ ਭਾਵ ਬੋਧ ਦੀ ਸ਼ਾਇਰੀ ਤੋਂ ਵਿੱਥ ਸਿਰਜ ਰਿਹਾ ਹੈ | ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਧਾਰਮਿਕ ਸੰਗਠਨਾਂ ਵਿਖੇ ਬੋਲੇ ਜਾਣ ਵਾਲੀਆਂ ਸਟੇਜੀ ਰੁਮਾਂਚਿਕਤਾ ਵਾਲੀਆਂ ਹਨ | ਹਥਲੇ ਕਾਵਿ ਸੰਗ੍ਰਹਿ 'ਸੇ ਸੱਚੜੇ ਪਾਸਾਰ' ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਦੇ ਸਲੋਕ ਦੇ ਨਾਂਅ ਤੋਂ ਨਾਂਅ ਲਿਆ ਗਿਆ ਹੈ | ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1426 'ਤੇ ਇਸ ਤਰ੍ਹਾਂ ਅੰਕਿਤ ਹੈ :
ਤਿਹਟੜੇ ਬਾਜ਼ਾਰ ਸਉਦਾ ਕਰਨਿ ਵਣਜਾਰਿਆ¨
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ¨27¨
ਭਾਵ ਇਹ ਸੰਸਾਰ ਮਾਇਆ ਦੇ ਤਿੰਨ ਗੁਣ ਰਜ ਗੁਣ, ਤਜ ਗੁਣ ਤੇ ਸਹਗੁਣ ਦੀਆਂ ਹੱਟੀਆਂ ਹਨ | ਅਸਲ ਪੰਸਾਰੀ (ਦੁਕਾਨਦਾਰ) ਉਹ ਹਨ ਜੋ ਸੱਚ ਨਾਮ ਦਾ ਸੌਦਾ ਕਰਦੇ ਤੇ ਵੇਚਦੇ ਹਨ | ਇੰਝ ਸਾਰੀਆਂ ਕਵਿਤਾਵਾਂ ਗੁਰਮਤਿ ਫਲਸਫ਼ੇ ਦੀਆਂ ਪੁਨਰ ਬਿਬੇਕੀ ਵਿਆਖਿਆ ਹਨ | ਹਰੇਕ ਕਵਿਤਾ ਤੋਂ ਪਹਿਲਾਂ ਉਸ ਕਵਿਤਾ ਨਾਲ ਸੰਬੰਧਿਤ ਇਤਿਹਾਸ ਅਤੇ ਤਸਦੀਕ ਕਰਦੀ ਗੁਰਬਾਣੀ ਦੇ ਢੁਕਵੇਂ ਅੰਗ ਦਾ ਹਵਾਲਾ ਦਿੱਤਾ ਗਿਆ ਹੈ | ਅਜਿਹੀ ਵਿਧੀ ਪੁਰਾਤਨ ਫਾਰਸੀ ਵਿਚ ਪਹਿਲਾਂ ਹੀ ਪ੍ਰਚਲਚਿਤ ਸੀ | ਸ਼ੇਖ ਸਾਅਦੀ ਨੇ ਆਪਣੀਆਂ ਦੋ ਪੁਸਤਕਾਂ ਗੁਲਿਸਤਾਂ ਅਤੇ ਬੋਸਤਾਂ ਵਿਚ ਆਪਣੀ ਗ਼ਜ਼ਲ ਤੋਂ ਪਹਿਲਾਂ ਕੋਈ ਨਾ ਕੋਈ ਢੁਕਵਾਂ ਬਿਰਤਾਂਤ ਸਿਰਜਿਆ ਹੈ | ਸ਼ਾਇਰ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ, ਪੰਜਵੇਂ ਪਾਤਿਸ਼ਾਹ ਦੀ ਸ਼ਹੀਦੀ, ਨੌਵੇਂ ਪਾਤਿਸ਼ਾਹ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਦੀ ਸਿਰਜਣਾ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਤੇ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਕਵਿਤਾਵਾਂ ਦਰਜ ਕੀਤੀਆਂ ਹਨ, ਜੋ ਇਕ ਚਿਤਰਪਟ ਵਾਂਗ ਸਾਡੀਆਂ ਨਜ਼ਰਾਂ ਸਾਹਮਣੇ ਆ ਜਾਂਦੀਆਂ ਹਨ | ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਦੇ ਪਾਠ ਤੋਂ ਬਾਅਦ ਇਕ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਕੀ ਅਸੀਂ 'ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ' 'ਤੇ ਪੂਰੇ ਉਤਰ ਰਹੇ ਹਾਂ? ਕੀ ਅਸੀਂ ਬਾਣੀ ਤੇ ਬਾਣੇ 'ਤੇ ਪੂਰੇ ਉਤਰ ਰਹੇ ਹਾਂ? ਅਸੀਂ ਦੇਸ਼ ਅਤੇ ਵਿਦੇਸ਼ ਦੇ ਗੁਰਦੁਆਰਿਆਂ ਵਿਚ ਪ੍ਰਧਾਨਗੀ ਅਤੇ ਗੋਲਕ ਦੀ ਖਾਤਰ ਪੱਗਾਂ ਕਿਉਂ ਉਛਾਲ ਰਹੇ ਹਾਂ? ਕੀ ਅਸੀਂ 'ਨਿਆਰਾ ਖ਼ਾਲਸਾ' ਦੀ ਥਾਂ 'ਬਿਪਰਨ ਕੀ ਰੀਤ' ਵੱਲ ਕਿਉਂ ਵੱਧ ਰਹੇ ਹਾਂ | ਇਹ ਕਿਤਾਬ ਸਾਨੂੰ ਸ਼ੀਸ਼ੇ ਸਾਹਮਣੇ ਖੜੋ ਕੇ ਆਪਣਾ-ਆਪ ਪਹਿਚਾਨਣ ਲਈ ਕਿੰਤੂ-ਪ੍ਰੰਤੂ ਦਾ ਜਵਾਬ ਮੰਗਦੀ ਹੈ |
-ਭਗਵਾਨ ਢਿੱਲੋਂ
ਮੋਬਾਈਲ : 98143-78254
ਵਿਛੜੇ ਵਤਨ ਦਾ ਮੋਹ
ਲੇਖਕ : ਰਣਬੀਰ ਸਿੰਘ ਜਖੇਪਲ
ਪ੍ਰਕਾਸ਼ਕ : ਨਵਰੰਗ ਪਬਲਿਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 72
ਸੰਪਰਕ : 98551-07500

ਪੰਜਾਬੀ ਸਾਹਿਤ ਵਿਚ ਸਫ਼ਰਨਾਮਾ ਇਕ ਬੜੀ ਹਰਮਨਪਿਆਰੀ ਤੇ ਬੇਹੱਦ ਦਿਲਚਸਪ ਸਾਹਿਤ ਵਿਧਾ ਹੈ | ਸਫ਼ਰਨਾਮਾਕਾਰ ਸ. ਰਣਬੀਰ ਸਿੰਘ ਜਖੇਪਲ ਨੇ ਵਿਛੜੇ ਵਤਨ ਪਾਕਿਸਤਾਨ ਵਿਚ ਸਥਿਤ ਸਿੱਖ ਧਰਮ ਦੇ ਇਤਿਹਾਸਕ ਗੁਰਦੁਆਰਿਆਂ ਦੀ ਪਵਿੱਤਰ ਯਾਤਰਾ ਅਤੇ ਇਨ੍ਹਾਂ ਗੁਰੂਘਰਾਂ ਦਾ ਸੰਖੇਪ ਵਿਚ ਇਤਿਹਾਸ ਵੀ ਦਰਜ ਕੀਤਾ ਹੈ | ਉਸ ਨੇ ਬੜੀ ਸਹਿਜਤਾ ਨਾਲ, ਸੌਖੀ ਪੰਜਾਬੀ ਵਿਚ ਅਤੇ ਦਿਲਚਸਪ ਤੇ ਸੁਆਦਲੀ ਸ਼ੈਲੀ ਵਿਚ ਆਪਣੇ ਅਨੁਭਵ ਪ੍ਰਗਟਾਏ ਹਨ | ਲੇਖਕ ਨੇ 14 ਨਵੰਬਰ, 2024 ਤੋਂ ਲੈ ਕੇ 23 ਨਵੰਬਰ, 2024, 10 ਦਿਨ ਤੱਕ ਸੱਚੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਕੀਤੀ ਇਸ ਯਾਤਰਾ ਨੂੰ ਇਸ ਸਫ਼ਰਨਾਮੇ ਵਿਚ ਦਸਤਾਵੇਜ਼ ਵਜੋਂ ਸਾਂਭਿਆ ਹੈ | ਉਸ ਨੇ ਇਸ ਸਫ਼ਰਨਾਮੇ ਵਿਚ ਪਾਕਿਸਤਾਨੀ ਸਰਕਾਰ ਦੀ ਭਲੀ ਪ੍ਰਾਹੁਣਚਾਰੀ, ਪ੍ਰਬੰਧਕੀ ਪ੍ਰਣਾਲੀ ਨੂੰ ਬੜੀ ਸਹਿਜਤਾ ਨਾਲ ਬਿਆਨ ਕੀਤਾ ਹੈ | ਪਾਕਿਸਤਾਨੀ ਪੁਲਿਸ ਜਾਂ ਜਥੇ ਦੀ ਰੱਖਿਆ ਲਈ ਤਾਇਨਾਤ ਕੀਤੇ ਰੱਖਿਆ ਕਰਮੀਆਂ ਦਾ ਪਿਆਰ ਅਤੇ ਅਪਣੱਤ ਭਰਿਆ ਵਿਹਾਰ ਬੜੇ ਪਿਆਰ ਭਰੇ ਅੰਦਾਜ਼ ਵਿਚ ਬਿਆਨ ਕੀਤਾ ਹੈ | ਲੇਖਕ ਨੇ ਗੁਰੂ ਘਰ ਦੇ ਲੰਗਰਾਂ ਵਿਚ ਮਹਿਸੂਸ ਕੀਤੀਆਂ ਘਾਟਾਂ 'ਤੇ ਵੀ ਉਂਗਲ ਧਰੀ ਹੈ | ਸੰਗਤਾਂ ਨੂੰ ਦਰਪੇਸ਼ ਮੁਸ਼ਕਿਲਾਂ, ਮੌਸਮ ਮੁਤਾਬਿਕ ਯਾਤਰਾ ਦੀ ਤਿਆਰੀ ਕਰਕੇ ਜਾਣਾ ਅਤੇ ਹੋਰ ਅਨੇਕਾਂ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਵੀ ਸੁਝਾਅ ਦਿੱਤੇ ਹਨ | ਪਾਕਿਸਤਾਨੀ ਸਿੱਖਿਆ ਪ੍ਰਣਾਲੀ, ਲਾਹੌਰ ਸ਼ਹਿਰ ਦੇ ਸਜੇ-ਸਜਾਏ ਬਜ਼ਾਰਾਂ ਬਾਰੇ ਇੰਝ ਲਿਖਿਆ ਕਿ ਪਾਠਕ ਪ੍ਰਤੱਖ ਰੂਪ ਵਿਚ ਬਜ਼ਾਰਾਂ ਦੀ ਝਲਕ ਮਹਿਸੂਸ ਕਰਦਾ ਹੈ | ਪਾਕਿਸਤਾਨ ਦੀ ਭੂਗੋਲਿਕ ਖ਼ੂਬਸੂਰਤੀ ਦਾ ਬਿਆਨ ਵੀ ਇਸ ਸਫ਼ਰਨਾਮੇ ਦਾ ਹਾਸਿਲ, ਲਾਹੌਰ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦੇ ਮਹਿਲ ਅਤੇ ਹੋਰ ਯਾਦਗਾਰੀ ਤੇ ਇਤਿਹਾਸਕ ਇਮਾਰਤਾਂ ਦਾ ਵੇਰਵਾ ਦੇ ਕੇ ਲੇਖਕ ਨੇ ਸਲਾਹੁਣਯੋਗ ਉੱਦਮ ਕੀਤਾ ਹੈ | ਪੁਸਤਕ ਦੀ ਸੁਹਾਵਣੀ ਦਿਖ ਅਤੇ ਯਾਤਰਾ ਦੌਰਾਨ ਲਈਆਂ ਢੁਕਵੀਆਂ ਤਸਵੀਰਾਂ ਛਾਪ ਕੇ ਉਸ ਨੇ ਬਿਹਤਰੀਨ ਕਾਰਜ ਕੀਤਾ ਹੈ |
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਜਿਨ੍ਹਾਂ ਕੀਤੀਆਂ ਨੇਕ ਕਮਾਈਆਂ
ਲੇਖਕ : ਡਾ. ਰਾਮ ਮੂਰਤੀ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ |
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94174-49665

ਡਾ. ਰਾਮ ਮੂਰਤੀ ਦੀ ਲਿਖੀ ਉਕਤ ਸਿਰਲੇਖ ਵਾਲੀ ਪੁਸਤਕ ਸਵ. ਨਿਰਮਲ ਸਿੰਘ ਸੰਘਾ ਹੁਰਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ | ਸੰਘਾ ਇਕ ਉਹ ਅਜ਼ੀਮ ਸ਼ਖ਼ਸੀਅਤ ਹਨ, ਜਿਨ੍ਹਾਂ ਦਾ ਰੇਖਾ ਚਿੱਤਰ, ਹਥਲੀ ਪੁਸਤਕ 'ਜਿਨ੍ਹਾਂ ਕੀਤੀਆਂ ਨੇਕ ਕਮਾਈਆਂ' ਵਿਚ ਸ਼ਾਮਿਲ ਕੀਤਾ ਗਿਆ ਹੈ | ਲੇਖਕ ਜਿੱਥੇ ਆਪ ਪੰਜਾਬ ਸਾਹਿਤ ਦੀਆਂ ਵੱਖ-ਵੱਖ ਸਿਨਫ਼ਾਂ ਦੀ ਡੂੰਘੀ ਸੂਝ ਰੱਖਦਾ ਹੈ, ਓਥੇ ਹੀ ਉਹ ਜਿਨ੍ਹਾਂ ਸ਼ਖ਼ਸੀਅਤਾਂ ਦੇ ਚਰਿੱਤਰ ਅਤੇ ਸ਼ਖ਼ਸੀਅਤ ਨੂੰ ਪਾਠਕ ਦੇ ਮੂਹਰੇ ਰੱਖਦਾ ਹੈ, ਉਹ ਵੀ ਆਪੋ-ਆਪਣੇ ਖੇਤਰਾਂ ਦੀਆਂ ਕੱਦਾਵਰ ਹਸਤੀਆਂ ਹਨ | ਇਕ ਸੂਝਵਾਨ ਪਾਠਕ ਜਦ ਇਸ ਪੁਸਤਕ ਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਮਨ ਵਿਚ ਦੂਜੀ ਸ਼ਖ਼ਸੀਅਤ ਦੇ ਜੀਵਨ, ਰਚਨਾ, ਸੁਭਾਅ ਵਗੈਰਾ ਬਾਰੇ ਜਾਨਣ ਦੀ ਖਿੱਚ ਪੈਦਾ ਹੋ ਜਾਂਦੀ ਹੈ | ਰਚਨਾਤਮਕ ਪੱਖੋਂ ਉਤਸੁਕਤਾ ਅਤੇ ਵਧੇਰੇ ਦਿਲਚਸਪ ਹੋਣ ਕਰਕੇ ਸਾਰੀ ਪੁਸਤਕ ਦੋ-ਤਿੰਨ ਬੈਠਕਾਂ 'ਚ ਆਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਹੈ | ਲੇਖਕ ਦੀ ਪੇਸ਼ਕਾਰੀ, ਰਚਨਾ ਦੀ ਗੋਂਦ, ਰਵਾਨਗੀ, ਦਿ੍ਸ਼ ਚਿਤਰਨ ਅਤੇ ਸ਼ੈਲੀ ਮੈਨੂੰ ਸਾਡੇ ਇਲਾਕੇ ਵਾਲੇ ਨਿੰੰਦਰ ਘੁਗਿਆਣਵੀ ਵਰਗੀ ਜਾਪ ਰਹੀ ਹੈ | ਲੇਖਕ ਨੇ ਪੁਸਤਕ 'ਚ ਸ਼ਾਮਿਲ ਸ਼ਖ਼ਸੀਅਤਾਂ ਦੀ ਚੋਣ ਬੜੀ ਸੂਝ-ਬੂਝ ਨਾਲ ਕੀਤੀ ਹੋਈ ਜਾਪਦੀ ਹੈ | ਉਹ ਜਿਸ ਵੀ ਸ਼ਖ਼ਸ ਬਾਰੇ ਦੱਸਣਾ ਚਾਹੁੰਦਾ ਹੈ, ਉਹ ਉਸ ਨਾਲ ਆਪਣੀ ਪਹਿਲੀ ਮਿਲਣੀ ਦਾ ਜ਼ਿਕਰ ਬਾਖ਼ੂਬੀ ਕਰਦਾ ਹੈ ਅਤੇ ਫ਼ਿਰ ਉਸ ਬਾਰੇ ਗਲੋਟੇ ਵਾਂਗ ਲਗਾਤਾਰ ਉਧੜੀ ਜਾਂਦਾ ਹੈ | ਡਾ. ਜਗਤਾਰ, ਡਾ. ਆਤਮਜੀਤ, ਮੋਤਾ ਸਿੰਘ ਸਰਾਏ, ਡਾ. ਟੀ.ਆਰ. ਸ਼ੰਗਾਰੀ, ਕੰਵਰ ਇਮਤਿਆਜ਼, ਇੰਜ. ਸੀਤਲ ਸਿੰਘ ਸੰਘਾ, ਨਿਰਮਲ ਸਿੰਘ ਸੰਘਾ, ਸੁਰਿੰਦਰ ਸਿੰਘ ਸੁੰਨੜ, ਕਰਨੈਲ ਸਿੰਘ ਨਿੱਝਰ, ਪਿੰ੍ਰਸੀਪਲ ਕੁਲਵਿੰਦਰ ਸਿੰਘ ਸਰਾਏ, ਡਾ. ਦਵਿੰਦਰ ਮੰਡ, ਸੁਰਿੰਦਰ ਖੀਵਾ, ਤਿਲਕ ਰਾਜ ਸ਼ਰਮਾ, ਬਖ਼ਸ਼ੀ ਲੱਲ੍ਹੀਆਂ ਅਤੇ ਅਸ਼ੋਕ ਚਰਨ ਆਲਮਗੀਰ, ਸਾਰੀਆਂ ਆਪੋ-ਆਪਣੇ ਖੇਤਰਾਂ ਦੀਆਂ ਵਿਲੱਖਣ ਅਤੇ ਸਨਮਾਨਯੋਗ ਸ਼ਖ਼ਸੀਅਤਾਂ ਹਨ | ਲੇਖਕ ਨੇ ਇਨ੍ਹਾਂ ਦੇ ਸੁਚੱਜੇ ਜੀਵਨ ਸੰਬੰਧੀ ਬਹੁਤ ਸਾਰੇ ਅਣਛੂਹੇ ਪੱਖਾਂ ਨੂੰ ਪਾਠਕਾਂ ਸਾਹਵੇਂ ਰੱਖਿਆ ਹੈ | ਇਹ ਕਾਰਜ ਡਾ. ਮੂਰਤੀ ਹੋਰਾਂ ਨੇ ਕਾਫ਼ੀ ਮੁਸ਼ੱਕਤ, ਸਹਿਜਤਾ ਅਤੇ ਸੰਜੀਦਗੀ ਨਾਲ ਸਿਰੇ ਚਾੜਿ੍ਹਆ ਹੈ | ਸ਼ੁਰੂ ਤੋਂ ਹੀ ਮਨੁੱਖ ਦੀ ਆਪਣੇ ਆਲ਼ੇ ਦੁਆਲ਼ੇ ਅਤੇ ਕੁਝ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਨਣ ਦੀ ਖਿੱਚ ਸਦਾ ਹੀ ਰਹੀ ਹੈ | ਅਜਿਹੇ ਵਿਅਕਤੀਆਂ ਦੀ ਚਾਹਤ ਨੂੰ ਇਹ ਪੁਸਤਕ ਪੂਰਾ ਕਰਦੀ ਹੈ |
-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110
ਆਓ ਲਿਖੀਏ ਤਕਦੀਰ ਦੇਸ਼ ਦੀ
ਲੇਖਕ : ਪਿ੍ੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 48
ਸੰਪਰਕ : 98764-52223

ਇਸ ਕਾਵਿ-ਬਾਲ ਪੁਸਤਕ ਦੇ ਲੇਖਕ ਪ੍ਰਸਿੱਧ ਸਾਹਿਤਕਾਰ ਪਿ੍ੰ. ਬਹਾਦਰ ਸਿੰਘ ਗੋਸਲ ਹਨ ਜਿਹੜੇ ਕਿ ਹੁਣ ਤੱਕ 125 ਤੋਂ ਵੱਧ ਪੁਸਤਕਾਂ ਲਿਖ ਚੁੱਕੇ ਹਨ | ਸਾਰੀ ਉਮਰ ਬੱਚਿਆਂ ਵਿਚ ਰਹਿਣ ਸਦਕਾ ਉਹ ਬੱਚਿਆਂ ਦੀਆਂ ਮਨੋਵਿਗਿਆਨਕ ਭਾਵਨਾਵਾਂ ਨੂੰ ਬਾਖੂਬੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ, ਸ਼ਰਾਰਤਾਂ, ਖੇਡਾਂ ਅਤੇ ਦਿਲਚਸਪੀਆਂ ਨੂੰ ਆਪਣੀ ਕਲਮ ਰਾਹੀਂ ਕਾਗਜ਼ਾਂ ਉਪਰ ਉਤਾਰਨ ਦੇ ਮਾਹਿਰ ਹਨ | ਉਹ ਇੱਕ ਚੰਗਾ ਅਧਿਆਪਕ ਹੋਣ ਦੇ ਨਾਤੇ ਬੱਚਿਆਂ ਨੂੰ ਸਦਾ ਖੁਸ਼ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਲਈ ਸਿੱਖਿਆ ਭਰੀਆਂ ਬਾਲ ਕਹਾਣੀਆਂ ਤੇ ਬਾਲ ਕਵਿਤਾਵਾਂ ਲਿਖਣ ਵਿਚ ਚੰਗੀ ਰੁਚੀ ਰੱਖਦੇ ਹਨ | ਉਨ੍ਹਾਂ ਦੇ ਮਨ ਵਿਚ ਸਦਾ ਹੀ ਇਹ ਗੱਲ ਬਣੀ ਰਹਿੰਦੀ ਹੈ ਕਿ ਬੱਚੇ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ ਨੂੰ ਗੁਣਗੁਣਾਉਂਦੇ ਫਿਰਨ | ਇਸ ਪੁਸਤਕ “ਆਓ ਲਿਖੀਏ ਤਕਦੀਰ ਦੇਸ਼ ਦੀ” ਰਾਂਹੀ ਬੱਚਿਆਂ ਨੂੰ ਦੇਸ਼ ਪਿਆਰ ਨਾਲ ਜੋੜਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਵਾਤਾਵਰਨ ਅਤੇ ਸੱਭਿਆਚਾਰ ਨਾਲ ਜੋੜਨ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ | ਪੁਸਤਕ ਦਾ ਟਾਇਟਲ ਪੰਨਾ ਬਹੁਤ ਹੀ ਭਾਵੁਕਤਾ ਅਤੇ ਸੰਦਰ ਕਲਾ ਨਾਲ ਬਣਾਇਆ ਗਿਆ ਹੈ | ਇਸ ਪੁਸਤਕ ਵਿਚ ਪਿ੍ੰ. ਗੋਸਲ ਨੇ ਤਕਰੀਬਨ 30 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਬੱਚਿਆਂ ਦੀ ਰੁਚੀ ਨਾਲ ਮੇਲ ਖਾਂਦੀਆ ਹਨ ਅਤੇ ਬਹੁਤ ਹੀ ਸਰਲ ਅਤੇ ਪੇਂਡੂ ਪੰਜਾਬੀ ਵਿਚ ਲਿਖੀਆਂ ਗਈਆਂ ਹਨ | ਇਨ੍ਹਾਂ ਕਵਿਤਾਵਾਂ ਵਿਚ “ ਦਾਦੀ ਮੇਰੀ ਸਾਗ ਬਣਾਇਆ, “ ਚਿੜੀ ਇੱਕ ਆਈ, ਬਜ਼ੁਰਗਾਂ ਦੀ ਸੇਵਾ, ਰੁੱਖ ਲਗਾਉਣ ਦਾ ਚਾਅ, ਸੋਹਣਾ ਪਿਆਰਾ ਮੋਰ ਅਤੇ ਖੇਤੀ ਖਰਬੂਜ਼ਿਆਂ ਦੀ ਸ਼ਾਮਿਲ ਹਨ | ਜਿੱਥੇ ਲੇਖਕ ਪਸ਼ੂ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਮਾਧਿਅਮ ਬਣਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦਾ ਹੈ ਉੱਥੇ ਹੀ ਉਹ ਵਿਗਿਆਨ ਦੀ ਨਵੀਂ ਬਾਤ ਵੀ ਪਾ ਦਿੰਦਾ ਹੈ ਤਾਂ ਕਿ ਬੱਚਿਆਂ ਦੇ ਮਨਾਂ ਵਿਚ ਵਿਗਿਆਨਕ ਰੁਚੀ ਦਾ ਵਾਧਾ ਕੀਤਾ ਜਾ ਸਕੇ | ਬਹੁਤ ਹੀ ਸਾਧਾਰਨ ਅਤੇ ਸੌਖੀ ਭਾਸ਼ਾ ਵਿਚ ਲਿਖੀ ਇਸ ਪੁਸਤਕ ਦੀਆਂ ਕਵਿਤਾਵਾਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦੇਣ ਲਈ ਆਪਣਾ ਮਨੋਰਥ ਸਫਲ ਕਰਦੀਆਂ ਨਜ਼ਰ ਆਉਂਦੀਆਂ ਹਨ | ਇਸ ਪੁਸਤਕ ਨੂੰ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਵੱਲੋਂ ਛਾਪਿਆ ਗਿਆ ਹੈ ਅਤੇ ਸੁੰਦਰ ਤਸਵੀਰਾਂ ਨਾਲ ਵਧੀਆ ਦਿੱਖ ਦਿੱਤੀ ਗਈ ਹੈ | ਸ਼੍ਰੋਮਣੀ ਅਵਾਰਡੀ ਡਾ. ਪੰਨਾ ਲਾਲ ਮੁਸਤਫਾਬਾਦੀ ਵੀ ਪਿ੍ੰ. ਬਹਾਦਰ ਸਿੰਘ ਗੋਸਲ ਨੂੰ ਬਹੁਪੱਖੀ ਸੇਵਾਦਾਰ “ ਕਰਮਯੋਗੀ ” ਦੱਸਦੇ ਹੋਏ ਪੁਸਤਕ ਦੀ ਖ਼ੂਬ ਪ੍ਰਸੰਸਾ ਕਰਦੇ ਹਨ | ਉਮੀਦ ਕੀਤੀ ਜਾਂਦੀ ਹੈ ਕਿ ਇਹ ਪੁਸਤਕ ਬਾਲ ਮਨਾਂ ਨੂੰ ਨਵਾਂ ਹੁੰਗਾਰਾ ਦੇਵੇਗੀ ਅਤੇ ਬੱਚੇ ਕਵਿਤਾਵਾਂ ਦਾ ਅਨੰਦ ਲੈ ਕੇ ਕੋਈ ਨਵੀਂ ਸਿੱਖਿਆ ਸੇਧ ਦੇਣਗੇ | ਇਸ ਪੁਸਤਕ ਦੇ ਲੇਖਕ ਤੇ ਪਬਲੀਜ਼ਰ ਦੋਵੇਂ ਵਧਾਈ ਦੇ ਪਾਤਰ ਹਨ |
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਜ਼ਿੰਦਗੀ ਦੇ ਹਨੇਰੇ ਦੀਆਂ
ਰੌਸ਼ਨ ਬੱਤੀਆਂ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 146
ਸੰਪਰਕ : 98142-45911

ਦੇਵਿੰਦਰ ਦੀਦਾਰ ਦਾ ਪਹਿਲਾ ਇਸ਼ਕ ਪੰਜਾਬੀ ਕਹਾਣੀ ਨਾਲ ਸੀ | ਥੋੜ੍ਹੇ ਜਿਹੇ ਸਮੇਂ ਵਿਚ ਹੀ ਉਸ ਦੀਆਂ ਕਹਾਣੀਆਂ 'ਨਾਗਮਣੀ' ਤੇ ਕਈ ਹੋਰ ਪ੍ਰਸਿੱਧ ਪੰਜਾਬੀ ਪੱਤਿ੍ਕਾਵਾਂ ਵਿਚ ਛਪਣ ਲੱਗੀਆਂ ਸਨ | ਉਹ ਕਈ ਵਰ੍ਹੇ ਕਬੀਲਦਾਰੀ ਦੇ ਘੀਚ-ਘਚੋਲੇ ਵਿਚ ਗੁਆਚਿਆ ਰਿਹਾ, ਪਰ ਫਿਰ ਆਪਣੇ ਦੋਸਤਾਂ-ਮਿੱਤਰਾਂ ਦੀ ਹੱਲਾਸ਼ੇਰੀ ਨਾਲ ਉਹ ਵਾਰਤਕ ਲਿਖਣ ਵੱਲ ਰੁਚਿਤ ਹੋ ਗਿਆ ਤੇ ਉਸ ਨੂੰ ਪੰਜਾਬੀ ਟਿ੍ਬਿਊਨ ਜਿਹੇ ਅਦਾਰੇ ਵਲੋਂ ਯੋਗ ਹੌਸਲਾ ਮਿਲਣ 'ਤੇ ਵਾਰਤਕ ਦੇ ਖੇਤਰ ਵਿਚ ਚੰਗਾ ਨਾਮਣਾ ਖੱਟਿਆ | ਜ਼ਿੰਦਗੀ ਦੇ ਹਨੇਰੇ ਦੀਆਂ ਰੌਸ਼ਨ ਬੱਤੀਆਂ ਉਸੇ ਮਿਹਨਤ ਦਾ ਸਿੱਟਾ ਹੈ | ਪਾਠਕਾਂ ਦੇ ਉਤਸ਼ਾਹ ਦਾ ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਥੋੜ੍ਹੇ ਸਮੇਂ ਵਿਚ ਹੀ ਇਸ ਪੁਸਤਕ ਦੇ ਪੰਜ ਐਡੀਸ਼ਨ ਛਪ ਕੇ ਮਾਰਕੀਟ ਵਿਚ ਆ ਚੁੱਕੇ ਹਨ | ਲੇਖਕ ਦਾ ਚਿੰਤਨ ਫ਼ਿਕਰਮੰਦੀ ਵਾਲਾ ਹੈ | ਉਸ ਨੂੰ ਬਦਲ ਰਹੇ ਸਮਾਜ ਪ੍ਰਤੀ ਫ਼ਿਕਰ ਹੈ, ਚਿੰਤਾ ਹੈ | ਲੇਖਕ ਨੂੰ ਚਿੰਤਾ ਹੈ ਕਿ ਦਿਨ-ਪ੍ਰਤੀ ਦਿਨ ਸ਼ਹਿਰ ਤੇ ਸਮਾਜ ਰਹਿਣਯੋਗ ਨਹੀਂ ਰਿਹਾ | ਮਨੁੱਖ ਬਦਲ ਰਿਹਾ ਹੈ, ਚੰਗੇ ਪਾਸੇ ਵੱਲ ਨਹੀਂ, ਸਗੋਂ ਨਿਮਾਣ ਵੱਲ ਜਾ ਰਿਹਾ ਹੈ | ਮਨੁੱਖ ਭੀੜ 'ਚ ਹੋਣ ਦੇ ਬਾਵਜੂਦ ਇਕੱਲਾ ਹੁੰਦਾ ਜਾ ਰਿਹਾ ਹੈ | ਇਸ ਸਾਰੀ ਚਿੰਤਾ ਨੂੰ ਉਹ ਆਪਣੀ ਬਿਰਤਾਂਤਕ ਵਾਰਤਕ ਰਾਹੀਂ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ | ਆਪਣੇ ਲੇਖਾਂ ਨੂੰ ਰੌਚਕ ਬਣਾਉਣ ਲਈ ਉਹ ਸੰਦਰਭਾਂ ਵਜੋਂ ਛੋਟੀਆਂ ਕਹਾਣੀਆਂ ਦੀ ਵਰਤੋਂ ਕਰਦਾ ਹੈ | ਡੂੰਘੀ ਸੁਰ ਵਾਲੀਆਂ ਟੂਕਾਂ ਉਸ ਦੇ ਗੰਭੀਰ ਚਿੰਤਨ ਦੀ ਗਵਾਹੀ ਤੇ ਸ਼ਾਅਦੀ ਭਰਦੀਆਂ ਹਨ |
ਉਹ ਸੁਚੱਜੇ ਲੇਖਕ ਵਜੋਂ ਸਮਾਜ ਨੂੰ ਘੁਣ ਵਾਂਗ ਖਾ ਰਹੀ ਬਿਮਾਰੀ ਹੀ ਨਹੀਂ ਦੱਸਦਾ, ਸਗੋਂ ਉਸ ਦਾ ਇਲਾਜ ਵੀ ਦੱਸਦਾ ਹੈ | ਉਹ ਸਮਾਜ ਨੂੰ ਸਿਹਤਮੰਦ ਤੇ ਮਨੁੱਖ ਦੇ ਕਹਿਣਯੋਗ ਬਣਾਉਣਾ ਲੋਚਦਾ ਹੈ ਤੇ ਇਹੋ ਤਾਂ ਚੰਗੇ ਤੇ ਸੁਹਿਰਦ ਲੇਖਕ ਦਾ ਕਰੱਤਵ ਤੇ ਵਰਤਾਰਾ ਹੁੰਦਾ ਹੈ | ਉਸ ਦੀ ਲਿਖਤ ਪਾਠਕ ਨੂੰ ਜਾਗਰੂਕ ਕਰਦੀ ਹੈ |
-ਕੇ. ਐਲ. ਗਰਗ (ਸਵ.)
ਆਪਣੇ ਹਿੱਸੇ ਦੀ ਜ਼ਿੰਦਗੀ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 480 ਰੁਪਏ, ਸਫ਼ੇ : 240
ਸੰਪਰਕ : 94179-49079

ਅਮਰਜੀਤ ਬਰਾੜ ਇਕ ਜਾਣਿਆ-ਪਛਾਣਿਆ ਵਾਰਤਕ ਲੇਖਕ ਤੇ ਕਾਲਮ ਨਵੀਸ ਹੈ | ਉਸ ਦੀਆਂ ਇਕ ਦਰਜਨ ਤੋਂ ਵੱਧ ਨਿਬੰਧ-ਪੁਸਤਕਾਂ ਅਤੇ ਕਰੀਬ ਡੇਢ ਕੁ ਦਰਜਨ ਸਮੁੱਚੇ ਤੌਰ 'ਤੇ ਵਾਰਤਕ-ਪੁਸਤਕਾਂ ਛਪ ਚੁੱਕੀਆਂ ਹਨ | 'ਆਪਣੇ ਹਿੱਸੇ ਦੀ ਜ਼ਿੰਦਗੀ' (2026), ਇਸ ਅਨੁਭਵੀ ਲੇਖਕ ਦਾ ਨਵਾਂ ਛਪਿਆ ਨਿਬੰਧ ਸੰਗ੍ਰਹਿ ਹੈ | ਇਸ ਵਿਚ 'ਜ਼ਿੰਦਗੀ ਜ਼ਿੰਦਾਬਾਦ' ਦੇ ਮੂਲ ਵਿਚਾਰਕ ਸੂਤਰ ਨੂੰ ਦਿ੍ੜ੍ਹਾਉਂਦੇ, ਮਾਨਵੀ ਚੜ੍ਹਦੀ ਕਲਾ ਦੇ ਪ੍ਰਤੀਕ ਉਸ ਦੇ 38 ਨਿਬੰਧ ਸ਼ਾਮਿਲ ਹਨ | ਉਸ ਦੀ ਨਿਬੰਧ ਰਚਨਾ ਜਾਂ ਨਿਬੰਧ ਸ਼ੈਲੀ ਬਾਰੇ ਸਭ ਤੋਂ ਪਹਿਲਾਂ ਦੋ ਪੱਖ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ | ਪਹਿਲਾ, ਉਸ ਦੇ ਇਨ੍ਹਾਂ ਨਿਬੰਧਾਂ ਨੂੰ ਆਮ ਜਾਣਕਾਰੀ ਦੇਣ ਵਾਲੇ ਸਾਧਾਰਨ ਲੇਖਾਂ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ ਬਲਕਿ ਇਹ ਬੇਹੱਦ ਸੁਗਠਿਤ ਸਾਹਿਤਕ ਨਿਬੰਧਾਂ ਦੇ ਉਤਮ ਨਮੂਨੇ ਦੇ ਰੂਪ ਵਿਚ ਉੱਭਰਦੇ ਹਨ | ਸਾਧਾਰਨ ਲੇਖ ਕੇਵਲ ਜਾਣਕਾਰੀ ਦੇਣ ਦੇ ਇਕਹਿਰੇ ਮਨੋਰਥ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ ਜਦ ਕਿ ਸਾਹਿਤਕ ਨਿਬੰਧਾਂ ਵਿਚ ਕਲਾ, ਵਿਅਕਤੀਗਤ ਅਨੁਭਵ ਤੇ ਸ਼ਖ਼ਸੀਅਤ ਅਤੇ ਸਾਹਿਤਕ ਰਸ ਇਕ ਸਾਰ ਘੁਲਿਆ-ਮਿਲਿਆ ਹੁੰਦਾ ਹੈ | ਨਿਰੋਲ ਭਾਵਨਾਵਾਂ ਦੀ ਥਾਂ ਡੂੰਘੇ ਬੌਧਿਕ ਚਿੰਤਨ ਤੇ ਤਰਕ ਦੀ ਪ੍ਰਧਾਨਤਾ ਹੁੰਦੀ ਹੈ | ਲਿਖਤ ਵਿਚ ਤਰਕ-ਲੜੀ ਸਰਲਤਾ, ਸਾਦਗੀ ਤੇ ਸਹਿਜਤਾ ਰਾਹੀਂ ਸੁਭਾਵਿਕ ਰੂਪ ਵਿਚ ਉਸਰਦੀ ਹੈ | ਦੂਜਾ, ਵਿਚਾਰ-ਦਿ੍ਸ਼ਟੀ ਦੇ ਪੱਖੋਂ ਇਨ੍ਹਾਂ ਨਿਬੰਧਾਂ ਨੂੰ ਪ੍ਰੇਰਨਾਦਾਇਕ ਵਾਰਤਕ ਦੀ ਸ਼੍ਰੇਣੀ ਵਿਚ ਵੀ ਸਹਿਜੇ ਹੀ ਰੱਖਿਆ ਜਾ ਸਕਦਾ ਹੈ | ਇੰਝ ਅਜਿਹੀਆਂ ਲਿਖਤਾਂ ਦਾ ਸਾਹਿਤਕ ਮੁੱਲ ਦੇ ਨਾਲ-ਨਾਲ ਸਮਾਜਿਕ ਮੁੱਲ ਵੀ ਬਹੁਤ ਵੱਧ ਜਾਂਦਾ ਹੈ | ਸਮੇਂ ਦੇ ਹਰ ਦੌਰ ਵਿਚ ਅਜਿਹੇ ਸਾਹਿਤ ਦੀ ਲੋੜ ਹਮੇਸ਼ਾ ਬਣੀ ਰਹੀ ਹੈ, ਅਤੇ ਹੁਣ ਵੀ ਹੈ | ਇਹ ਨਿਬੰਧ ਮਨੁੱਖ ਨੂੰ ਸਹੀ ਰਸਤਾ ਚੁਣਨ, ਨਕਾਰਾਤਮਿਕ ਦੀ ਥਾਂ ਸਾਕਾਰਤਮਿਕ ਸੋਚ ਅਤੇ ਜੀਵਨ ਦੇ ਮਕਸਦ ਨੂੰ ਸਮਝਣ ਲਈ, ਖ਼ੂਬਸੂਰਤ ਰੂਪ ਵਿਚ ਪ੍ਰੇਰਿਤ ਤੇ ਉਤਸ਼ਾਹਿਤ ਕਰਦੇ ਹਨ | 'ਮਨੁ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ' ਦੀ ਦਾਰਸ਼ਨਿਕ-ਅਧਿਆਤਮਿਕ ਗਹਿਰੀ ਧੁਨੀ ਇਸ ਪਾਠ ਦੀ ਮੂਲ ਅਰਥ ਧੁਨੀ ਵਿਚ ਨਿਰੰਤਰ ਗੂੰਜਦੀ ਸੁਣਾਈ ਦੇ ਰਹੀ ਹੈ | ਲੰਮਾ ਸਮਾਂ ਉੱਚ ਸਿਖਿਅਕ ਅਦਾਰਿਆਂ ਵਿਚ ਅਧਿਆਪਨ ਅਤੇ ਪ੍ਰਬੰਧਕੀ ਰੁਤਬੇ ਉੱਤੇ ਰਹਿਣ ਕਾਰਨ ਮੈਂ ਜਾਣਦਾ ਹਾਂ ਕਿ ਅਜਿਹਾ ਸਾਹਿਤ ਮਨੁੱਖੀ ਸ਼ਖ਼ਸੀਅਤ ਦੀ ਘਾੜਤ ਤੇ ਵਿਕਾਸ ਅਤੇ ਮਾਨਸਿਕਤਾ ਨੂੰ ਤਕੜਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਇਸ ਪੁਸਤਕ ਵਿਚ ਜ਼ਿੰਦਗੀ ਦੇ ਹਰ ਛੋਟੇ-ਵੱਡੇ ਪਹਿਲੂ ਦਾ ਬਹੁਤ ਬਾਰੀਕੀ ਨਾਲ ਸਾਦਗੀ ਭਰਪੂਰ ਰਸਿਕ ਵਿਸ਼ਲੇਸ਼ਣ ਕੀਤਾ ਗਿਆ ਹੈ |
ਜੇ ਹਰ ਵਿਅਕਤੀ ਆਪਣੇ-ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜਿਊਣਯੋਗੀ ਬਣਾਉਣ, ਸੰਵਾਰਨ ਤੇ ਮਾਨਣ ਦਾ ਤਹੱਈਆ ਕਰ ਲਵੇ ਤਾਂ ਧਰਤੀ ਉੱਤੇ ਸਵਰਗ ਆਪੇ ਬਣ ਜਾਵੇਗਾ | ਸੰਸਾਰ ਭਰ ਦਾ ਇਤਿਹਾਸ ਅਜਿਹੀਆਂ ਪ੍ਰੇਰਕੀ ਉਦਾਰਰਨਾਂ ਨਾਲ ਭਰਿਆ ਪਿਆ ਹੈ | ਇਸ ਪੁਸਤਕ ਦਾ ਪਾਠ ਵੀ ਅਜਿਹੀਆਂ ਪ੍ਰੇਰਦੀ ਸ਼ਖ਼ਸੀਅਤਾਂ, ਘਟਨਾਵਾਂ, ਸਥਿਤੀਆਂ ਤੇ ਵੇਰਵਿਆਂ ਦੇ ਹਵਾਲੇ ਨਾਲ ਭਰਿਆ ਪਿਆ ਹੈ | ਅਜਿਹੀਆਂ ਪੁਸਤਕਾਂ ਨੂੰ ਸਰਕਾਰ ਵਲੋਂ ਆਪਣੇ ਖ਼ਰਚੇ 'ਤੇ ਖ਼ਰੀਦ ਕੇ ਵਿੱਦਿਅਕ ਅਦਾਰਿਆਂ ਤੇ ਹੋਰ ਲਾਇਬ੍ਰੇਰੀਆਂ ਲਈ ਭੇਜਿਆ ਜਾਣਾ ਚਾਹੀਦਾ ਹੈ | ਇਹ ਵਾਰਤਕ ਸਹੀ ਅਰਥਾਂ ਵਿਚ ਜ਼ਿੰਦਗੀ ਦੇ ਜਸ਼ਨ ਦੀ ਵਾਰਤਕ ਹੈ |
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666