ਹਰਭਜਨ ਬਾਜਵਾ ਦੀ ਸ਼ਖ਼ਸੀਅਤ ਇਕ ਅਦਭੁਤ ਵਹੀਰ ਵਰਗੀ ਸੀ | ਨਿਰੰਤਰ ਗਤੀਸ਼ੀਲਤਾ ਦੇ ਸੁਭਾਅ ਵਾਲੀ ਉਹ ਇਕ ਅਜਿਹੀ ਕਲਾਤਮਿਕ ਪਰਛਾਈ ਸੀ, ਜਿਸ ਨੂੰ ਪਕੜਣਾ ਬੇਹੱਦ ਮੁਸ਼ਕਿਲ ਸੀ | ਉਸ ਦੇ ਪੈਰਾਂ ਦਾ ਚੱਕਰ ਉਹਦੀ ਦਿਮਾਗ਼ੀ ਘੁੰਮੇਰ ਦੇ ਨਾਲ-ਨਾਲ ਘੁੰਮਦਾ ਹੋਇਆ ਦੁਨਿਆਵੀ ਸਰਗਰਮੀਆਂ ਨੂੰ ਅਜਿਹੀ ਪਾਰਦਰਸ਼ੀ ਨਜ਼ਰ ਨਾਲ ਵੇਖਦਾ ਸੀ ਕਿ ਤੇਜ਼ ਰਫ਼ਤਾਰੀ ਨਾਲ ਵਾਪਰਦੀਆਂ ਘਟਨਾਵਾਂ ਨੂੰ ਵੀ ਕੈਮਰੇ ਦੀ ਇੱਕ ਕਲਿੱਕ ਨਾਲ ਸਦੀਵੀ ਇਤਿਹਾਸ ਬਣਾ ਦਿੰਦਾ ਸੀ |...
ਉਸ ਦੇ ਸਾਹਮਣੇ ਵਿਚਰਦੇ-ਵਾਪਰਦੇ ਵਿਅਕਤੀ ਪਲ-ਛਿਣ ਵਿਚ ਹੀ ਉਸਦੇ ਕੈਮਰੇ ਵਿਚ ਠਹਿਰ ਜਾਂਦੇ ਸਨ | ਪੰਜਾਬ ਦੀ ਧਰਤੀ 'ਤੇ ਜੰਮਿਆ ਅਤੇ ਵਿਸ਼ਵ ਭਰ ਵਿਚ ਵਿਚਰਿਆ ਸ਼ਾਇਦ ਹੀ ਕੋਈ ਅਜਿਹਾ ਸਾਹਿਤਕਾਰ ਜਾਂ ਕਲਾਕਾਰ ਹੋਵੇਗਾ ਜੋ ਉਸਦੇ ਕੈਮਰੇ ਦੀ ਕਲਿਕ ਤੋਂ ਬਚ ਸਕਿਆ ਹੋਵੇ |
ਸਾਹਿਤਕਾਰਾਂ ਦੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦੇ ਸੂਖ਼ਮ ਤੋਂ ਸੂਖ਼ਮ ਪਲਾਂ ਨੂੰ ਵੀ ਉਹ ਬਹੁਤ ਸਖ਼ਤੀ ਨਾਲ ਫੋਟੋ-ਫਰੇਮ ਵਿਚ ਬੰਨ੍ਹ ਲੈਂਦਾ ਸੀ | ਉਸ ਦੀ ਉਂਗਲ, ਉਸ ਦੀ ਅੱਖ ਦੀ ਫਰਕਣ ਤੋਂ ਵੀ ਵਧੇਰੇ ਤੇਜ਼ੀ ਨਾਲ ਕੈਮਰੇ ਦੀ ਕਲਿੱਕ ਨੂੰ ਟਿੱਕ ਦੀ ਆਵਾਜ਼ ਵਿਚ ਬਦਲ ਦਿੰਦੀ ਸੀ |
ਗੁਸੈਲੇ ਸੁਭਾਅ ਵਾਲਾ ਹਰਭਜਨ ਬਾਜਵਾ ਕੌੜਾ ਬੋਲ ਕੇ ਵੀ ਮਿੱਠਾ ਬਣੇ ਰਹਿਣ ਦਾ ਹੁਨਰ ਜਾਣਦਾ ਸੀ | ਉਸ ਦੀ ਕੈਹਰੀ ਜਿਹੀ ਤੱਕਣੀ ਜਦੋਂ ਇਕ ਅੱਖ ਮੀਚ ਕੇ ਹਲਕਾ ਜਿਹਾ ਮੁਸਕਰਾਉਂਦੀ ਤਾਂ ਸਾਹਮਣੇ ਖੜ੍ਹੇ ਵਿਅਕਤੀ ਨੂੰ ਪਹਿਲਾਂ ਡਰਾਉਂਦੀ, ਫਿਰ ਹਸਾਉਂਦੀ ਤੇ ਫਿਰ ਫੋਟੋਗ੍ਰਾਫ਼ੀ ਦੇ ਸਦੀਵੀ ਇਤਿਹਾਸ ਦਾ ਹਿੱਸਾ ਬਣਾ ਦਿੰਦੀ ਸੀ |
ਵਿਸ਼ਵ ਭਰ ਵਿਚ ਕਿਤੇ ਵੀ ਵਸਣ ਵਾਲਾ ਪੰਜਾਬੀ ਦਾ ਹਰ ਸਾਹਿਤਕਾਰ ਉਸ ਦੇ ਕੈਮਰੇ ਵਿਚ ਕੈਦ ਹੋਣ ਲਈ ਤਰਸਦਾ ਸੀ | ਹਰ ਕਿਸੇ ਦੀ ਤਮੰਨਾ ਹੁੰਦੀ ਸੀ ਕਿ ਉਹ ਉਸ ਦੇ ਕੈਮਰੇ ਵਿਚ ਕੈਦ ਹੋ ਕੇ ਅਮਰ ਹੋ ਜਾਵੇ | ਵਿਸ਼ਵ ਪੰਜਾਬੀ ਕਾਨਫ਼ਰੰਸਾਂ, ਸਾਹਿਤ ਅਕਾਡਮੀ, ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਅਤੇ ਜਨਰਲ ਇਜਲਾਸ, ਯੂਨੀਵਰਸਿਟੀਆਂ ਦੇ ਵੱਡੇ ਸਮਾਗਮ, ਪ੍ਰੋਫ਼ੈਸਰ ਮੋਹਣ ਸਿੰਘ ਮੇਲੇ, ਕਿਲ੍ਹਾ ਰਾਏਪੁਰ ਦੀਆਂ ਖੇਡਾਂ ਸਮੇਤ ਵੱਖ-ਵੱਖ ਸਾਹਿਤਕ- ਸੱਭਿਆਚਾਰਕ ਸਮਾਗਮਾਂ ਸਮੇਂ ਉਸ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਪੰਜਾਬੀ ਸਾਹਿਤ-ਸੱਭਿਆਚਾਰ ਦੀ ਤਸਵੀਰ-ਕਸ਼ੀ ਦਾ ਵਡਮੁੱਲਾ ਦਸਤਾਵੇਜ਼ੀ ਸਰਮਾਇਆ ਹਨ |...
ਚਿੱਤਰਕਾਰੀ ਤੋਂ ਫੋਟੋਗ੍ਰਾਫ਼ੀ ਵੱਲ ਪਰਤਿਆ ਬਾਜਵਾ ਸੋਭਾ ਸਿੰਘ ਆਰਟਿਸਟ ਦਾ ਸ਼ਾਗਿਰਦ ਸੀ | ਇਥੋਂ ਤੱਕ ਕਿ ਉਹ ਉਸੇ ਵਾਂਗ ਵਿਚਰਨਾ ਚਾਹੁੰਦਾ, ਉਸੇ ਵਰਗੀ ਦਿਖ ਬਣਾ ਕੇ ਰੱਖਦਾ | ਉਸੇ ਵਾਂਗ ਹੀ ਉਸ ਨੇ ਆਪਣੇ ਵਾਲ ਅਤੇ ਦਾੜ੍ਹੀ ਵਧਾ ਰੱਖੇ ਸਨ | ਲਗਪਗ 85 ਵਰਿ੍ਹਆਂ ਦੀ ਉਮਰ ਭੋਗ ਕੇ ਉਸ ਨੇ 12 ਸਤੰਬਰ, 2026 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤੀ |
ਉਸ ਦੀ ਸ਼ਖ਼ਸੀਅਤ ਦੀ ਤਸਵੀਰਕਸ਼ੀ ਕਰੀਏ ਤਾਂ ਇਸ ਦੇ ਕਈ ਪਾਸਾਰ ਖੁਲ੍ਹਦੇ ਹਨ | ਉਸ ਨੇ ਸੋਭਾ ਸਿੰਘ ਕੋਲੋਂ ਅੰਦਰੇਟੇ ਜਾ ਕੇ ਚਿੱਤਰਕਾਰੀ ਸਿੱਖੀ ਅਤੇ ਸੋਭਾ ਸਿੰਘ ਦੀ ਪ੍ਰੇਰਨਾ ਨਾਲ ਹੀ ਬਟਾਲਾ ਵਿਖੇ ਹੰਸਲੀ ਨੇੜੇ ਆਪਣਾ ਫੋਟੋ ਸਟੂਡੀਓ ਬਣਾਇਆ | ਉਮਰ ਦੇ ਆਖ਼ਰੀ ਸਾਲਾਂ ਵਿਚ ਉਹ ਕਾਹਨੂੰਵਾਨ ਰੋਡ 'ਤੇ ਆਪਣੇ ਖੇਤਾਂ ਵਿਚ ਹੀ ਘਰ ਬਣਾ ਕੇ ਰਹਿ ਰਿਹਾ ਸੀ ਅਤੇ ਸਟੂਡੀਓ ਚਲਾ ਰਿਹਾ ਸੀ | ਉਸ ਨੇ ਆਪਣੀਆਂ ਖਿੱਚੀਆਂ ਤਸਵੀਰਾਂ, ਸਲਾਈਡਾਂ ਤੇ ਹੋਰ ਸਮਗਰੀ ਪੰਜਾਬੀ ਸੱਥ ਲਾਂਬੜਾ ਨੂੰ ਭੇਟ ਕਰ ਦਿੱਤੀ ਸੀ ਅਤੇ ਆਪਣੀ ਲਾਇਬਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਨੂੰ ਦੇ ਦਿੱਤੀ ਸੀ |...
ਉਸ ਦੀ ਸ਼ਖ਼ਸੀਅਤ ਦਾ ਇਕ ਪਾਸਾਰ ਕਾਵਿਕਾਰੀ ਵੀ ਸੀ | ਉਸ ਦੇ ਤਿੰਨ ਕਾਵਿ ਸੰਗ੍ਰਹਿ 'ਸੁੱਕੇ ਕੱਖਾਂ ਥੱਲੇ ਅੱਗ' (1997), 'ਮੌਤ ਇੱਕ ਆਸ ਦੀ' (2001) 'ਤਰੇਲ ਦੀ ਇੱਕ ਬੂੰਦ' (2011) 'ਪਰਛਾਵੇਂ ਨਾ ਫੜ' (2018) ਵੀ ਛਪ ਚੁੱਕੇ ਹਨ | ਉਸ ਦੀ 'ਖਿੱਚ' ਸਿਰਲੇਖ ਵਾਲੀ ਇਕ ਕਵਿਤਾ ਇਸ ਤਰ੍ਹਾਂ ਹੈ :-
ਮੈਂ ਧੁਖਦੀ ਧੂਣੀ ਹਾਂ
ਮੈਨੂੰ ਕਿਸੇ ਨਾ ਸੇਕਿਆ
ਮੈਨੂੰ ਕਿਸੇ ਨਾ ਵੇਖਿਆ
ਬਲਦੀ ਨੂੰ ਸਾਰੇ ਵੇਖਦੇ
ਬਲਦੀ ਨੂੰ ਸਾਰੇ ਸੇਕਦੇ
ਬਲਦੀ ਵਿਚ ਨਿੱਘ ਹੁੰਦਾ ਏ
ਨਿੱਘ ਨੂੰ ਸਾਰੇ ਲੋਚਦੇ
ਧੁਖਦੀ ਨੂੰ ਕੋਈ ਨਾ ਵੇਖਦਾ!
ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ 14 ਅਪ੍ਰੈਲ, 2024 ਨੂੰ ਹਰਭਜਨ ਸਿੰਘ ਬਾਜਵਾ ਨੂੰ ਉੱਤਮ ਸਿੰਘ ਨਿੱਝਰ ਫਾਊਾਡੇਸ਼ਨ ਵਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ ਸੀ |
ਇਸ ਮੌਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗ਼ਲਵਾਲਾ ਵਲੋਂ ਪ੍ਰਕਾਸ਼ਿਤ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦਾ ਸੰਗ੍ਰਹਿ ਵੀ ਲੋਕ ਅਰਪਣ ਕੀਤਾ ਗਿਆ ਸੀ | ਇਹ ਸੰਗ੍ਰਹਿ ਡਾ. ਨਰੇਸ਼ ਕੁਮਾਰ (ਧਰਮਸ਼ਾਲਾ) ਅਤੇ ਗਗਨਦੀਪ ਸਿੰਘ ਵਿਰਕ ਦੇ ਉੱਦਮ ਨਾਲ ਹੋਂਦ ਵਿਚ ਆਇਆ | ਇਸ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਸਾਹਿਬ ਸਿੰਘ, ਸੋਭਾ ਸਿੰਘ ਆਰਟਿਸਟ, ਮਹਿੰਦਰ ਸਿੰਘ ਰੰਧਾਵਾ, ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਪਿ੍ੰਸੀਪਲ ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ, ਪ੍ਰਭਜੋਤ ਕੌਰ ਅਤੇ ਕਰਨਲ ਨਰਿੰਦਰਪਾਲ ਸਿੰਘ ਦੀ ਇੱਕ ਰੋਜ਼ਾ ਜ਼ਿੰਦਗੀ ਦੀ ਫੋਟੋਗਰਾਫ਼ੀ ਨੂੰ ਦਸਤਾਵੇਜ਼ੀ ਰੂਪ ਵਿਚ ਸੰਭਾਲਿਆ ਗਿਆ ਹੈ |
ਦਰਵੇਸ਼ੀ ਸੁਭਾਅ ਵਾਲੀ ਇਹ ਸੰਸਥਾਈ ਸ਼ਖ਼ਸੀਅਤ ਇੱਕ ਅਜਿਹੀ ਅਦਭੁਤ ਤਿਆਗ਼-ਮੂਰਤੀ ਸੀ, ਜਿਸ ਨੇ ਆਪਣੀ ਕਲਾ ਨੂੰ ਵਪਾਰ ਨਾ ਬਣਾ ਕੇ ਵੀ,ਆਪਣੀ ਰੋਟੀ-ਰੋਜ਼ੀ ਦਾ ਸਾਧਨ ਬਣਾ ਰੱਖਿਆ ਸੀ | ਇਸ ਮਿਸਾਲੀ ਮਾਨਵ ਨੂੰ ਸਤਿਕਾਰ ਅਤੇ ਸਿਜਦਾ ਪੇਸ਼ ਕਰਦਿਆਂ ਉਸ ਵਲੋਂ 'ਮੌਤ' ਸਿਰਲੇਖ ਹੇਠ ਲਿਖੀ ਗਈ ਕਵਿਤਾ ਦੀਆਂ ਕੁੱਝ ਸਤਰਾਂ ਹਾਜ਼ਰ ਹਨ :-
ਮੈਨੂੰ ਮੌਤ ਦਾ ਡਰ ਨਾ ਪਾ
ਮੌਤ ਤੇਰੀ ਵੀ ਹੈ
ਮੇਰੀ ਵੀ ਹੈ
ਤੂੰ ਅਜੇ ਮਰ ਕੇ ਨਹੀਂ ਵੇਖਿਆ ?
ਮੈਂ ਤਾਂ ਕਈ ਵਾਰ ਮਰ ਚੁੱਕਿਆ ਹਾਂ
ਜਿਸ ਮੌਤ ਦਾ ਡਰ
ਮੈਨੂੰ ਦੱਸਦਾ ਏ
ਉਹ ਮੌਤ ਮੇਰੇ ਨਾਲ ਜੰਮੀ ਸੀ.....
-ਮੋਬਾਈਲ: 94171-94812