ਜਲੰਧਰ, 14 ਨਵੰਬਰ (ਅ.ਬ.)-ਕੌਸ਼ਲ ਸਿੱਖਿਆ ਵਿਅਕਤੀਆਂ ਨੂੰ ਵਿਹਾਰਕ ਗਿਆਨ ਅਤੇ ਸਿੱਧੀਆਂ ਯੋਗਤਾਵਾਂ ਨਾਲ ਸਸ਼ਕਤ ਬਣਾਉਂਦੀ ਹੈ, ਜਿਸ ਨਾਲ ਉਹ ਆਤਮ-ਨਿਰਭਰ, ਰੁਜ਼ਗਾਰ ਦੇ ਯੋਗ ਅਤੇ ਭਵਿੱਖ ਲਈ ਤਿਆਰ ਬਣਦੇ ਹਨ। ਵਿਹਾਰਕ ਸਿੱਖਿਆ ਅਤੇ ਕੌਸ਼ਲ ਵਿਕਾਸ ਰਾਹੀਂ ਨੌਜਵਾਨ ਮਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਨੇ ਪ੍ਰਿੰਸੀਪਲ ਡਾ. ਆਰ. ਐਸ. ਕੰਗ ਦੀ ਦੂਰਦਰਸ਼ੀ ਅਗਵਾਈ ਹੇਠ ਸਹੋਦਯਾ ਇੰਟਰ ਸਕੂਲ ਕੌਸ਼ਲ ਮੇਲੇ ਦਾ ਆਯੋਜਨ ਕੀਤਾ। ਇਸ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਆਤਮ-ਵਿਸ਼ਵਾਸ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਅਤੇ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਸੀ । ਇਸ ਮੇਲੇ ਵਿੱਚ 23 ਸਕੂਲਾਂ ਦੇ ਛੇਵੀਂ ਤੋਂ ਨੌਵੀਂ ਜਮਾਤ ਦੇ 150 ਭਾਗੀਦਾਰਾਂ ਨੇ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ । ਕੌਸ਼ਲ-ਅਧਾਰਿਤ ਪ੍ਰੋਜੈਕਟਾਂ ਵਿਚ ਟਾਈ ਐਂਡ ਡਾਈ, ਬਲਾਕ ਪ੍ਰਿੰਟਿੰਗ, ਵਰਮੀ ਕੰਪੋਸਟ, ਅਜਾਇਬ ਘਰ (ਮਿਊਜ਼ੀਅਮ), ਹਾਈਡ੍ਰੋਪੋਨਿਕਸ ਪ੍ਰੋਜੈਕਟ, ਕਿਚਨ ਗਾਰਡਨ, ਕਠਪੁਤਲੀ ਸ਼ੋਅ, ਜੈਵ ਵਿਭਿੰਨਤਾ (ਬਾਇਓਡਾਇਵਰਸਿਟੀ), ਮੀਂਹ ਦੇ ਪਾਣੀ ਦੀ ਸੰਭਾਲ (ਰੇਨ ਹਾਰਵੈਸਟਿੰਗ), ਰੋਟੀ ਬੈਂਕ, ਇਸ਼ਤਿਹਾਰਬਾਜ਼ੀ ਅਤੇ ਹੋਰ ਕਈ ਮਾਡਲ ਸ਼ਾਮਲ ਸਨ। ਇਸ ਦੌਰਾਨ ਇਕ ਕਠਪੁਤਲੀ ਸ਼ੋਅ (ਪਪੇਟ ਸ਼ੋਅ) ਵੀ ਪੇਸ਼ ਕੀਤਾ ਗਿਆ। ਪ੍ਰਿੰਸ ੀਪਲ ਡਾ. ਆਰ. ਐਸ.ਕੰਗ ਨੇ ਭਾਗੀਦਾਰਾਂ ਵੱਲੋਂ ਪ੍ਰਦਰਸ਼ਿਤ ਸ਼ਾਨਦਾਰ ਰਚਨਾਤਮਕਤਾ ਅਤੇ ਅਥਾਹ ਪ੍ਰਤਿਭਾ ਦੀ ਸ਼ਲਾਘਾ ਕੀਤੀ। ਸੀਨੀਅਰ ਸੈਕੰਡਰੀ ਵਿੰਗ ਦੇ ਸੁਪਰਵਾਈਜ਼ਰ ਸ੍ਰੀ ਰਾਜ ਕੁਮਾਰ ਨੇ ਵੀ ਇਸ ਮੌਕੇ ’ਤੇ ਆਪਣੀ ਹਾਜ਼ਰੀ ਲਗਵਾਈ । ਇਸ ਪ੍ਰੋਗਰਾਮ ਦਾ ਤਾਲਮੇਲ ਸ੍ਰੀਮਤੀ ਨੀਤੂ ਗੁਪਤਾ, ਸ੍ਰੀਮਤੀ ਸੋਨੀਆ ਕੁਕਰੇਜਾ ਅਤੇ ਸ੍ਰੀਮਤੀ ਅਮਿਤਾ ਰਾਠੌਰ ਵਲੋਂ ਕੀਤਾ ਗਿਆ।