ਸ਼ਾਹਕੋਟ ਨਜ਼ਦੀਕ ਸੰਘਣੀ ਧੁੰਦ ਕਾਰਨ ਕੌਮੀ ਮਾਰਗ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਜਲੰਧਰ-ਮੋਗਾ ਕੌਮੀ ਮਾਰਗ ’ਤੇ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਸ਼ਾਹਕੋਟ ਨਜ਼ਦੀਕ ਫਲਾਈਓਵਰ ਕੋਲ ਅੱਧੀ ਦਰਜਨ ਤੋਂ ਵੱਧ ਵਾਹਨ ਆਪਸ ’ਚ ਟਕਰਾਉਣ ਕਾਰਨ ਇੱਕ ਕਾਰ ਦੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੱਖ-ਵੱਖ ਵਾਹਨਾਂ ’ਚ ਸਵਾਰ ਕਰੀਬ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6.
ਸ਼
ਸ਼ਾਹਕੋਟ ਨਜ਼ਦੀਕ ਕੌਮੀ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਨੁਕਸਾਨੇ ਗਏ ਵਾਹਨ। ਤਸਵੀਰਾਂ : ਸੁਖਦੀਪ ਸਿੰਘ
11-11-2026
ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ)- ਜਲੰਧਰ-ਮੋਗਾ ਕੌਮੀ ਮਾਰਗ ’ਤੇ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਸ਼ਾਹਕੋਟ ਨਜ਼ਦੀਕ ਫਲਾਈਓਵਰ ਕੋਲ ਅੱਧੀ ਦਰਜਨ ਤੋਂ ਵੱਧ ਵਾਹਨ ਆਪਸ ’ਚ ਟਕਰਾਉਣ ਕਾਰਨ ਇੱਕ ਕਾਰ ਦੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੱਖ-ਵੱਖ ਵਾਹਨਾਂ ’ਚ ਸਵਾਰ ਕਰੀਬ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6.30 ਵਜੇ ਸੰਘਣੀ ਧੁੰਦ ਪੈਣ ਕਾਰਨ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਟਿੱਪਰ (ਪੀ.ਬੀ.06 ਬੀ.ਜੇ.7333) ਸ਼ਾਹਕੋਟ ਦੇ ਪਹਿਲੇ ਫਲਾਈਓਵਰ ਤੋਂ ਉੱਤਰਦੇ ਸਾਰ ਹੀ ਕਿਸੇ ਵੱਡੇ ਵਾਹਨ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਕੇ ਸੜਕ ’ਤੇ ਖੜ੍ਹਾ ਹੋ ਗਿਆ। ਇਸੇ ਦੌਰਾਨ ਬਠਿੰਡਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਨਿਸਾਨ ਟੈਰਾਨੋ ਕਾਰ (ਐਚ.ਆਰ.26 ਸੀ.ਡੀ. 0453) ਧੁੰਦ ਕਾਰਨ ਸੜਕ ਦੇ ਵਿਚਾਲੇ ਖੜ੍ਹੇ ਟਿੱਪਰ ਦੇ ਪਿਛਲੇ ਪਾਸੇ ਬੁਰੀ ਤਰ੍ਹਾਂ ਟਰਕਾ ਕੇ ਘੁੰਮ ਗਈ। ਇਸ ਕਾਰ ਨੂੰ ਪ੍ਰਗਟ ਸਿੰਘ ਵਾਸੀ ਡੱਬਵਾਲੀ ਚਲਾ ਰਿਹਾ ਸੀ। ਕਾਰ ’ਚ ਮਨੋਜ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਡੱਬਵਾਲੀ, ਕਾਜਲ ਮਿੱਤਲ ਪੁੱਤਰੀ ਹਰੀਸ਼ ਮਿੱਤਲ ਵਾਸੀ ਬਠਿੰਡਾ, ਸੰਜੇ ਪੁੱਤਰ ਹੋਲਾ ਰਾਮ ਵਾਸੀ ਬਠਿੰਡਾ ਅਤੇ ਹਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਠਿੰਡਾ ਸਵਾਰ ਸਨ। ਇਹ ਸਾਰੇ ਬੈਂਕ ਅਤੇ ਡਾਕਖਾਨੇ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ। ਨਿਸ਼ਾਨ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਕਾਰ ਚਾਲਕ ਪ੍ਰਗਟ ਸਿੰਘ ਬੁਰੀ ਤਰ੍ਹਾਂ ਫਸ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਬਾਕੀ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਲਖਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਾਘਾ ਪੁਰਾਣਾ (ਮੋਗਾ) ਆਪਣੀ ਪਤਨੀ ਕਿਰਨਜੀਤ ਕੌਰ, ਧੀਆਂ ਕੋਮਲਪ੍ਰੀਤ ਕੌਰ ਤੇ ਅਮਨਦੀਪ ਕੌਰ ਅਤੇ ਪੁੱਤਰ ਸਾਹਿਲਪ੍ਰੀਤ ਸਿੰਘ ਸਮੇਤ ਆਪਣੀ ਆਲਟੋ ਕਾਰ ਰਾਹੀਂ ਬਾਘਾ ਪੁਰਾਣਾ ਤੋਂ ਪ੍ਰਤਾਪਪੁਰਾ (ਜਲੰਧਰ) ਜਾ ਰਹੇ ਸਨ। ਉਨ੍ਹਾਂ ਦੀ ਕਾਰ ਵੀ ਅੱਗੇ ਖੜ੍ਹੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਪਰਿਵਾਰ ਦੇ ਪੰਜੇ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇੱਕ ਹੋਰ ਆਲਟੋ ਕਾਰ ’ਚ ਸਵਾਰ ਬੱਚਾ ਅਰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਲੰਗੇਵਾਲ (ਸ਼ਾਹਕੋਟ) ਸਵਾਰ ਸੀ, ਵੀ ਹਾਦਸਾਗ੍ਰਸਤ ਵਾਹਨਾਂ ਨਾਲ ਜਾ ਟਕਰਾਈ। ਟੱਕਰ ਕਾਰਨ ਕਾਰ ਪਲਟ ਗਈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਕਾਰ ਨੂੰ ਸਿੱਧਾ ਕਰਕੇ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਨਿਸਾਨ ਟੈਰਾਨੋ ਕਾਰ (ਐਚ.ਆਰ. 26 ਸੀ.ਡੀ. 0453), ਆਲਟੋ ਕਾਰ (ਪੀ.ਬੀ. 29 ਐਨ. 1008), ਟੋਇਟਾ ਕੋਰੋਲਾ ਆਲਟਿਸ ਕਾਰ (ਪੀ.ਬੀ.05 ਏ.ਐਨ. 0780), ਆਲਟੋ ਕੇ-10 ਕਾਰ (ਪੀ.ਬੀ.03 ਏ.ਡਬਲਯੂ.0339) ਅਤੇ ਆਲਟੋ ਕਾਰ (ਪੀ.ਬੀ.25 ਡੀ. 4404) ਸਮੇਤ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਡਾਇਲ 108 ਐਂਬੂਲੈਂਸ ਦੇ ਚਾਲਕ ਰਾਹੁਲ ਵਿੱਗ ਤੇ ਈ.ਐਮ.ਟੀ. ਗੁਰਜਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਇਸ ਦੌਰਾਨ ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਕੋਈ ਡਾਕਟਰ ਮੌਜੂਦ ਨਾ ਹੋਣ ਕਾਰਨ ਜ਼ਖ਼ਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਸਟਾਫ਼ ਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸੇ ਤੋਂ ਡੇਢ ਘੰਟੇ ਬਾਅਦ ਸਵੇਰੇ ਕਰੀਬ 8 ਵਜੇ ਨਵੀਂ ਡਿਊਟੀ ’ਤੇ ਪਹੁੰਚੇ ਡਾਕਟਰ ਨੇ ਜ਼ਖ਼ਮੀਆਂ ਦਾ ਇਲਾਜ ਕੀਤਾ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਕੁੱਝ ਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸਬ-ਇੰਸਪੈਕਟਰ ਸੁਖਵਿੰਦਰ ਪਾਲ ਸੋਢੀ, ਏ.ਐਸ.ਆਈ. ਸਰਵਨ ਸਿੰਘ, ਪੁਲਿਸ ਹੈਲਪਲਾਈਨ ਨੰਬਰ-112 ਦੇ ਏ.ਐਸ.ਆਈ. ਸੁਖਦੇਵ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਮ੍ਰਿਤਕ ਕਾਰ ਚਾਲਕ ਪ੍ਰਗਟ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ। ਇਸ ਸਬੰਧੀ ਐਸ.ਐਚ.ਓ. ਸੁਖਵਿੰਦਰ ਪਾਲ ਸੋਢੀ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਮਾਮੂਲੀ ਸੱਟਾਂ ਲੱਗਣ ਵਾਲੇ ਵਿਅਕਤੀਆਂ ਨੂੰ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਟਿੱਪਰ ਚਾਲਕ ਬਾਰੇ ਵੀ ਕੁੱਝ ਪਤਾ ਨਹੀਂ ਲੱਗਾ, ਜਿਸਦੀ ਭਾਲ ਕੀਤੀ ਜਾ ਰਹੀ ਹੈ।