11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

2 ਮਹੀਨੇ ਤੋਂ ਨਕਸ਼ੇ ਪਾਸ ਨਾ ਹੋਣ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨੂੰ ਮਿਲਣਗੇ ਇੰਜੀਨੀਅਰ ਐਮ. ਸੇਵਾ ਪੋਰਟਲ ਦੀਆਂ ਤਕਨੀਕੀ ਖਾਮੀਆਂ ਕਾਰਨ ਇੰਜੀਨੀਅਰ ਤੇ ਆਮ ਲੋਕ ਹੋ ਰਹੇ ਪ੍ਰੇਸ਼ਾਨ

ਜਲੰਧਰ, 10 ਨਵੰਬਰ (ਸ਼ਿਵ)- ਨਗਰ ਨਿਗਮਾਂ ’ਚ ਨਵੇਂ ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣ ਤੇ ਐਨ. ਓ.

ਅਜੀਤ ਡੈਸਕ 11-11-2026
ਜਲੰਧਰ, 10 ਨਵੰਬਰ (ਸ਼ਿਵ)- ਨਗਰ ਨਿਗਮਾਂ ’ਚ ਨਵੇਂ ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣ ਤੇ ਐਨ.ਓ.ਸੀ. ਜਾਰੀ ਕਰਵਾਉਣ ਦਾ ਕੰਮ ਪਿਛਲੇ ਲਗਭਗ 2 ਮਹੀਨਿਆਂ ਤੋਂ ਪ੍ਰਭਾਵਿਤ ਹੋਣ ਕਾਰਨ ਇੰਜੀਨੀਅਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਇੰਜੀਨੀਅਰ ਸੁਨੀਲ ਕਤਿਆਲ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਦੋਆਬਾ ਜ਼ੋਨ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਇੰਜੀਨੀਅਰਾਂ ਨੇ ਪੋਰਟਲ ’ਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਲਾਹਕਾਰ ਇੰਜੀਨੀਅਰ ਰਣਜੀਤ ਸਿੰਘ ਬੇਦੀ ਤੇ ਜਨਰਲ ਸਕੱਤਰ ਇੰਜੀਨੀਅਰ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਨਗਰ ਨਿਗਮ ਵਿੱਚ ਕਿਸੇ ਵੀ ਅਧਿਕਾਰੀ ਦੀ ਆਈ.ਡੀ. ਰਾਹੀਂ ਨਕਸ਼ੇ ਤੇ ਐਨ.ਓ.ਸੀ. ਪਾਸ ਨਹੀਂ ਹੋ ਰਹੇ। ਜਾਣਕਾਰੀ ਅਨੁਸਾਰ ਜਲੰਧਰ ’ਚ ਅਧਿਕਾਰੀਆਂ ਦੀਆਂ ਆਈ.ਡੀ. ਤਾਂ ਬਣਾਈਆਂ ਜਾ ਚੁੱਕੀਆਂ ਹਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਈ.ਡੀ. ਵਿਚ ਕੋਈ ਵੀ ਫਾਈਲ ਦਿਖਾਈ ਨਹੀਂ ਦੇ ਰਹੀ। ਇਸ ਤੋਂ ਇਲਾਵਾ ਫਾਈਲਾਂ ਆਪਣੇ ਆਪ ਹੀ ਇੱਕ ਅਧਿਕਾਰੀ ਦੀ ਆਈ.ਡੀ. ਤੋਂ ਦੂਜੇ ਅਧਿਕਾਰੀ ਦੀ ਆਈ.ਡੀ. ਵਿਚ ਜੰਪ ਹੋ ਰਹੀਆਂ ਹਨ, ਜਿਸ ਕਾਰਨ ਕੰਮਕਾਜ ’ਚ ਰੁਕਾਵਟ ਪੈਦਾ ਹੋ ਰਹੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਪੁਰਾਣੇ ਈ-ਨਕਸ਼ਾ ਪੋਰਟਲ ‘ਤੇ ਨਵੀਆਂ ਫਾਈਲਾਂ ਅਪਲੋਡ ਨਹੀਂ ਹੋ ਰਹੀਆਂ। ਦੂਜੇ ਪਾਸੇ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਵੇਂ ਐਮ. ਸੇਵਾ ਪੋਰਟਲ ‘ਤੇ ਨਵੀਂ ਫਾਈਲ ਅਪਲੋਡ ਤਾਂ ਹੋ ਜਾਂਦੀ ਹੈ ਤੇ ਬਿਲਡਿੰਗ ਇੰਸਪੈਕਟਰ ਤੱਕ ਵੀ ਪਹੁੰਚ ਜਾਂਦੀ ਹੈ, ਪਰ ਬਿਲਡਿੰਗ ਬ੍ਰਾਂਚ ਦੇ ਸਰਕਾਰੀ ਅਧਿਕਾਰੀ ਆਪਣੀਆਂ ਆਈ.ਡੀ. ਰਾਹੀਂ ਅਗਲੀ ਕਾਰਵਾਈ ਕਰਨ ’ਚ ਅਸਮਰੱਥ ਹਨ। ਇਸ ਕਾਰਨ ਨਕਸ਼ੇ ਪਾਸ ਕਰਨ ਅਤੇ ਐਨ.ਓ.ਸੀ. ਜਾਰੀ ਕਰਨ ਦਾ ਕੰਮ ਲਗਭਗ ਰੁਕਿਆ ਹੋਇਆ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਨਕਸ਼ੇ ਪਾਸ ਨਾ ਹੋਣ ਕਾਰਨ ਸਰਕਾਰ ਨੂੰ ਮਿਲਣ ਵਾਲੇ ਮਾਲੀਏ ’ਚ ਵੀ ਕਮੀ ਆ ਰਹੀ ਹੈ। ਜਦੋਂ ਨਵੇਂ ਨਕਸ਼ੇ ਪਾਸ ਨਹੀਂ ਹੋਣਗੇ ਤਾਂ ਨਗਰ ਨਿਗਮਾਂ ਨੂੰ ਨਕਸ਼ਾ ਫੀਸ ਅਤੇ ਹੋਰ ਸਬੰਧਤ ਫੀਸਾਂ ਤੋਂ ਮਿਲਣ ਵਾਲੀ ਆਮਦਨ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਜਲੰਧਰ ਤੱਕ ਸੀਮਤ ਨਹੀਂ ਹੈ, ਸਗੋਂ ਪੰਜਾਬ ਦੀਆਂ ਹੋਰ ਨਗਰ ਨਿਗਮਾਂ ਵਿਚ ਵੀ ਨਵੇਂ ਨਕਸ਼ੇ ਪਾਸ ਕਰਨ ਅਤੇ ਐਨ.ਓ.ਸੀ. ਜਾਰੀ ਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਨਕਸ਼ੇ ਪਾਸ ਨਾ ਹੋਣ ਕਾਰਨ ਹੁਣ ਤੱਕ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਮੀਟਿੰਗ ਵਿਚ ਇੰਜੀਨੀਅਰਾਂ ਨੇ ਕਿਹਾ ਕਿ ਪੋਰਟਲ ਦੀਆਂ ਤਕਨੀਕੀ ਖਾਮੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਨਵੇਂ ਘਰ ਬਣਾਉਣੇ ਹਨ, ਉਨ੍ਹਾਂ ਦੀਆਂ ਫਾਈਲਾਂ ਅੱਗੇ ਨਹੀਂ ਵਧ ਰਹੀਆਂ। ਇਸ ਤੋਂ ਇਲਾਵਾ ਬੈਂਕਾਂ ਵਲੋਂ ਵੀ ਆਮ ਤੌਰ ‘ਤੇ ਮਕਾਨ ਬਣਾਉਣ ਲਈ ਕਰਜ਼ਾ ਦੇਣ ਸਮੇਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲੋੜੀਂਦੇ ਦਸਤਾਵੇਜ਼ ਮੰਗੇ ਜਾਂਦੇ ਹਨ। ਅਜਿਹੇ ’ਚ ਨਕਸ਼ੇ ਪਾਸ ਨਾ ਹੋਣ ਕਾਰਨ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ ਵੀ ਅਧੂਰੇ ਰਹਿ ਰਹੇ ਹਨ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਐਮ. ਸੇਵਾ ਪੋਰਟਲ ਨੂੰ ਪੂਰੀ ਤਰ੍ਹਾਂ ਸੁਚਾਰੂ ਬਣਾਇਆ ਜਾਵੇ ਜਾਂ ਫਿਰ ਪੁਰਾਣੇ ਈ-ਨਕਸ਼ਾ ਪੋਰਟਲ ਨੂੰ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਨਕਸ਼ੇ ਪਾਸ ਕਰਨ ਅਤੇ ਐਨ.ਓ.ਸੀ. ਜਾਰੀ ਕਰਨ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇ। ਉਨ੍ਹਾਂ ਕਿਹਾ ਕਿ ਤਕਨੀਕੀ ਸਮੱਸਿਆਵਾਂ ਦਾ ਹੱਲ ਕੀਤੇ ਬਿਨਾਂ ਨਵੇਂ ਪੋਰਟਲ ਨੂੰ ਲਾਗੂ ਰੱਖਣ ਨਾਲ ਇੰਜੀਨੀਅਰਾਂ, ਅਧਿਕਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਅਗਲੇ ਹਫ਼ਤੇ ਤੱਕ ਐਮ. ਸੇਵਾ ਪੋਰਟਲ ਸੁਚਾਰੂ ਢੰਗ ਨਾਲ ਕੰਮ ਨਹੀਂ ਕਰਦਾ ਜਾਂ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਇਸ ਪ੍ਰਕਿਰਿਆ ਤਹਿਤ ਕੰਮ ਕਰਨ ਤੋਂ ਅਸਮਰੱਥਾ ਪ੍ਰਗਟਾਉਂਦਾ ਹੈ ਤਾਂ ਐਸੋਸੀਏਸ਼ਨ ਵਲੋਂ ਜਲੰਧਰ, ਫਗਵਾੜਾ, ਨਵਾਂਸ਼ਹਿਰ, ਬੰਗਾ, ਕਪੂਰਥਲਾ ਅਤੇ ਹੁਸ਼ਿਆਰਪੁਰ ਸਮੇਤ ਦੋਆਬਾ ਖੇਤਰ ਦੇ ਸਮੂਹ ਇੰਜੀਨੀਅਰਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਾਰ ਦੀ ਚਾਬੀ ਨਾ ਦੇਣ ’ਤੇ ਜਵਾਈ ਨੇ ਸਹੁਰੇ ਘਰ ਚਲਾਈਆਂ ਗੋਲੀਆਂ, ਸਹੁਰਾ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।