ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ)-120 ਫੁੱਟੀ ਰੋਡ ’ਤੇ ਦਿਲਬਾਗ ਨਗਰ ਵੱਲ ਜਾਂਦੀ ਗਲੀ ਦੇ ਮੋੜ ’ਤੇ ਪੈਦਲ ਜਾ ਰਹੀ ਇਕ 70 ਸਾਲਾ ਬਜ਼ੁਰਗ ਔਰਤ ਦੇ ਹੱਥਾਂ ’ਚ ਪਾਏ ਕਰੀਬ ਸਾਢੇ ਚਾਰ ਤੋਲੇ ਸੋਨੇ ਦੇ ਕੰਗਨ ਲਾਹ ਕੇ 2 ਨੌਸਰਬਾਜ਼ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗੁਰਦੀਪ ਚੰਦ ਨੇ ਜਾਣਕਾਰੀ ਦਿੱਤੀ ਕਿ ਅੰਜਨਾ ਸ਼ਰਮਾ ਵਾਸੀ ਦਿਲਬਾਗ ਨਗਰ ਐਕਸਟੈਂਸ਼ਨ ਅੱਜ ਦਿਨ ਦੇ ਸਮੇਂ ਗਊਸ਼ਾਲਾ ਵਿਖੇ ਰੋਟੀ ਪਾਉਣ ਲਈ ਪੈਦਲ ਜਾ ਰਹੀ ਸੀ। ਇਸ ਦੌਰਾਨ ਸਾਧੂ ਦੇ ਭੇਖ ’ਚ ਆਏ ਇਕ ਵਿਅਕਤੀ ਨੇ ਉਸ ਕੋਲੋਂ ਰੋਟੀ ਖਾਣ ਦੀ ਮੰਗ ਕੀਤੀ, ਤਾਂ ਮਾਤਾ ਉਸ ਨੂੰ 50 ਰੁਪਏ ਦੇਣ ਲੱਗੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਇਕ ਹੋਰ ਵਿਅਕਤੀ ਆਇਆ, ਦੋਵਾਂ ਨੇ ਅੰਜਨਾ ਸ਼ਰਮਾ ਨੂੰ ਭਰਮਾਉਂਦੇ ਹੋਏ ਕਿਹਾ ਕਿ ਪੈਸੇ ਉਨ੍ਹਾਂ ਦੇ ਰੁਮਾਲ ’ਚ ਰੱਖ ਦੇਵੇ, ਰੁਮਾਲ ’ਚ ਪਹਿਲਾਂ ਤੋਂ ਹੀ ਕੁਝ ਪੱਤੇ ਸਨ। ਉਨ੍ਹਾਂ ਦੋਵਾਂ ਨੇ ਅੰਜਨਾ ਸ਼ਰਮਾ ਨੂੰ ਗੱਲਾਂ ’ਚ ਲਗਾਇਆ ਅਤੇ ਉਸ ਦੇ ਦੇਖਦੇ ਹੀ ਦੇਖਦੇ ਦੋਵਾਂ ਹੱਥਾਂ ’ਚ ਪਾਏ ਸੋਨੇ ਦੇ ਕੰਗਨ ਉਤਾਰ ਲਏ ਅਤੇ ਮੌਕੇ ’ਤੋਂ ਫ਼ਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਮਿਲੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।