ਸਿਹਤ ਵਿਭਾਗ ਦੀ ਅਚਨਚੇਤ ਛਾਪੇਮਾਰੀ ਨਾਲ ਨੂਰਮਹਿਲ ’ਚ ਮਚਿਆ ਹੜਕੰਪ, ਮਠਿਆਈਆਂ ਦੇ ਲਏ ਸੈਂਪਲ
ਨੂਰਮਹਿਲ, 23 ਅਕਤੂਬਰ (ਤਜਿੰਦਰ ਕੁਮਾਰ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅੱਜ ਨੂਰਮਹਿਲ ਸ਼ਹਿਰ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਵਿਭਾਗ ਦੀ ਇਸ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਵਿੱਚ ਹੜਕੰਪ ਮੱਚ ਗਿਆ ਅਤੇ ਕਈ ਦੁਕਾਨਦਾਰਾਂ ਵੱਲੋਂ ਘਬਰਾਹਟ ਵਿੱਚ ਮਠਿਆਈਆਂ ਨੂੰ ਖੁਰਦ-ਬੁਰਦ ਕੀਤੇ ਜਾਣ ਦੀ ਸੂਚਨਾ ਵੀ ਮਿਲੀ ਹੈ।
ਨੂਰਮਹਿਲ, 23 ਅਕਤੂਬਰ (ਤਜਿੰਦਰ ਕੁਮਾਰ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਅੱਜ ਨੂਰਮਹਿਲ ਸ਼ਹਿਰ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਵਿਭਾਗ ਦੀ ਇਸ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਵਿੱਚ ਹੜਕੰਪ ਮੱਚ ਗਿਆ ਅਤੇ ਕਈ ਦੁਕਾਨਦਾਰਾਂ ਵੱਲੋਂ ਘਬਰਾਹਟ ਵਿੱਚ ਮਠਿਆਈਆਂ ਨੂੰ ਖੁਰਦ-ਬੁਰਦ ਕੀਤੇ ਜਾਣ ਦੀ ਸੂਚਨਾ ਵੀ ਮਿਲੀ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਅਤੇ ਫੂਡ ਸੇਫਟੀ ਅਧਿਕਾਰੀ ਰਾਸੂ ਮਹਾਜਨ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਨੂਰਮਹਿਲ ਦੀਆਂ ਤਿੰਨ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਬਰਫ਼ੀ ਸਮੇਂਤ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੈਂਪਲਾਂ ਦੀ ਰਿਪੋਰਟ ਲਗਭਗ 14 ਦਿਨਾਂ ਬਾਅਦ ਪ੍ਰਾਪਤ ਹੋਵੇਗੀ, ਜਿਸ ਦੇ ਆਧਾਰ ‘ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਖ਼ੁਰਾਕੀ ਵਸਤਾਂ ਵਿੱਚ ਮਿਲਾਵਟ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਚੈਕਿੰਗ ਮੁਹਿੰਮ ਕੇਵਲ ਤਿਉਹਾਰਾਂ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਭਵਿੱਖ ਵਿੱਚ ਵੀ ਨਿਯਮਤ ਤੌਰ ‘ਤੇ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨੂਰਮਹਿਲ ਦੇ ਮਠਿਆਈ ਵਿਕਰੇਤਾਵਾਂ, ਫ਼ਾਸਟ ਫੂਡ ਦੀਆਂ ਰੇਹੜੀਆਂ ਅਤੇ ਰੈਸਟੋਰੈਂਟਾਂ ਵੱਲੋਂ ਗਾਹਕਾਂ ਨੂੰ ਘਟੀਆ ਦਰਜੇ ਦਾ ਖਾਣਾ ਪਰੋਸੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ, ਜਿਸ ਸਬੰਧੀ ਵੱਖ-ਵੱਖ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਸਨ। ਸਿਹਤ ਵਿਭਾਗ ਦੀ ਇਸ ਕਾਰਵਾਈ ਨਾਲ ਲੋਕਾਂ ਵਿੱਚ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਉਮੀਦ ਜਾਗੀ।