ਵੱਡੀ ਗਿਣਤੀ ਵੋਟਰਾਂ ਨੇ ਵੋਟ ਵਿਚਲੀਆਂ ਗਲਤੀਆਂ ਠੀਕ ਕਰਵਾਉਣ ਲਈ ਵਿਸ਼ੇਸ਼ ਕੈਂਪਾਂ ’ਚ ਕੀਤੀ ਸ਼ਿਰਕਤ
ਜਲੰਧਰ, 6 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਸਟੇਸ਼ਨਾਂ ‘ਤੇ ਐਤਵਾਰ ਨੂੰ ਲਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਵੱਡੀ ਗਿਣਤੀ ਵੋਟਰਾਂ ਨੇ ਵੋਟ ਵਿਚਲੀਆਂ ਗਲਤੀਆਂ ਠੀਕ ਕਰਵਾਉਣ ਲਈ ਬੀ. ਐੱਲ, ਓਜ਼ ਤੱਕ ਪਹੁੰਚ ਕੀਤੀ।
ਜਲੰਧਰ, 6 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਸਟੇਸ਼ਨਾਂ ‘ਤੇ ਐਤਵਾਰ ਨੂੰ ਲਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਵੱਡੀ ਗਿਣਤੀ ਵੋਟਰਾਂ ਨੇ ਵੋਟ ਵਿਚਲੀਆਂ ਗਲਤੀਆਂ ਠੀਕ ਕਰਵਾਉਣ ਲਈ ਬੀ. ਐੱਲ, ਓਜ਼ ਤੱਕ ਪਹੁੰਚ ਕੀਤੀ। ਲੋਕਾਂ ਨੇ ਵੋਟਾਂ ਸੰਬੰਧੀ ਨੋਟਿਸਾਂ ਦੇ ਜਵਾਬ ਵਿੱਚ ਆਪਣੇ ਦਾਅਵੇ ਤੇ ਇਤਰਾਜ਼ ਪੇਸ਼ ਕੀਤੇ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਵੋਟਰਾਂ ਪਾਸੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਦੌਰਾਨ ਕੈਂਪ ਵਿੱਚ ਪਹੁੰਚੇ ਨਾਗਰਿਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੈਂਪ ਯੋਗ ਨਾਗਰਿਕਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਵੋਟਰਾਂ ਨੂੰ ਨੋਟਿਸ ਫਾਰਮ, ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਸਬੰਧੀ ਸਹਿਯੋਗ ਪ੍ਰਦਾਨ ਕਰਨ ਲਈ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਆਪੋ-ਆਪਣੇ ਬੂਥਾਂ ‘ਤੇ ਮੌਜੂਦ ਰਹਿ ਕੇ ਨਾਗਰਿਕਾਂ ਦੀ ਲੋੜ ਮੁਤਾਬਕ ਫਾਰਮ ਨੰ.6, 6ਏ ਅਤੇ ਫਾਰਮ 8 ਭਰਨ ਵਿੱਚ ਸਹਾਇਤਾ ਕੀਤੀ ਗਈ। ਇਸ ਦੇ ਨਾਲ ਹੀ ਸਹਾਇਕ ਦਸਤਾਵੇਜ਼ ਵੀ ਪ੍ਰਾਪਤ ਕੀਤੇ ਗਏ ਤਾਂ ਜੋ ਵੋਟਰ ਸੂਚੀ ’ਚ ਨਾਮ ਦਰਜ ਕਰਨ, ਵੇਰਵਿਆਂ ‘ਚ ਸੋਧ ਆਦਿ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਦਿਵਿਆਂਗ (ਪੀ.ਡਬਲਯੂ.ਡੀ) ਵੋਟਰਾਂ ਦੀ ਪਛਾਣ ਵੀ ਕੀਤੀ ਗਈ ਅਤੇ ਲੋੜੀਂਦੀ ਮਾਰਕਿੰਗ ਲਈ ਫਾਰਮ ਨੰਬਰ 8 ਭਰਵਾਏ ਗਏ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਡੀ. ਸੀ. ਵਾਲੀਆ ਨੇ ਵਿਸ਼ੇਸ਼ ਕੈਂਪ ਵਿੱਚ ਸਹਿਯੋਗ ਦੇਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਦਾ ਵੀ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਐਸ.ਆਈ.ਆਰ.-2026 ਸਬੰਧੀ ਜਾਰੀ ਸ਼ਡਿਊਲ ਅਨੁਸਾਰ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ ਕੀਤੀ ਜਾ ਚੁੱਕੀ ਹੈ, ਜਿਸ ਸਬੰਧੀ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਨੋਟਿਸ ਪੜਾਅ/ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ। ਬੀ.ਐੱਲ.ਓ. ਕੋਲ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਦਿੱਕਤਾਂ ਦਾ ਸਾਹਮਣਾ : ਚੋਣ ਪ੍ਰਕਿਰਿਆ ਦੌਰਾਨ ਲੋਕਾਂ ਦੇ ਫਾਰਮਾਂ ਤੇ ਦਸਤਾਵੇਜ਼ਾਂ ਨਾਲ ਸਬੰਧਤ ਆਨਲਾਈਨ ਕੰਮ ਕਰਨ ਵਾਲੇ ਬੀ.ਐੱਲ.ਓ. ਕੋਲ ਸਹੂਲਤਾਂ ਦਾ ਘਾਟ ਕਾਰਨ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਬੀ, ਐੱਲ. ਓਜ਼ ਕੋਲ ਨਾ ਤਾਂ ਵਾਈ-ਫਾਈ ਦੀ ਸਹੂਲਤ ਹੈ ਅਤੇ ਨਾ ਹੀ ਮੋਬਾਈਲ ਲਈ ਲੋੜੀਂਦਾ ਬੈਟਰੀ ਬੈਕਅਪ, ਇਸ ਲਈ ਬਿਜਲੀ ਜਾਂ ਇੰਟਰਨੈੱਟ ਬੰਦ ਹੁੰਦੇ ਹੀ ਕੰਮ ਠੱਪ ਹੋ ਜਾਂਦਾ ਹੈ ਤੇ ਲੋਕਾਂ ਨੂੰ ਉਡੀਕ ਕਰਨੀ ਪੈਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ’ਤੇ ਬੀ. ਐੱਲ. ਓ. ਆਪਣੇ ਮੋਬਾਈਲ ਫੋਨ ਰਾਹੀਂ ਲੋਕਾਂ ਦੇ ਫਾਰਮ ਤੇ ਨਿੱਜੀ ਜਾਣਕਾਰੀ ਆਨਲਾਈਨ ਅਪਲੋਡ ਕਰਦੇ ਹਨ। ਲੋਕਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੀ. ਐੱਲ. ਓ. ਨੂੰ ਆਨਲਾਈਨ ਕੰਮ ਲਈ ਲੋੜੀਂਦੀ ਇੰਟਰਨੈੱਟ ਸਹੂਲਤ ਅਤੇ ਬਿਜਲੀ/ ਬੈਟਰੀ ਬੈਕਅਪ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਤਕਨੀਕੀ ਦਿੱਕਤਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੋਲ ਆਬਜ਼ਰਵਰ-ਕਮ-ਡਵੀਜ਼ਨਲ ਕਮਿਸ਼ਨਰ ਨੇ ਰਾਮਵੀਰ ਨੇ ਵੀ ਵਿਸ਼ੇਸ਼ ਕੈਂਪਾਂ ਦਾ ਲਿਆ ਜਾਇਜ਼ਾ : ਐਤਵਾਰ ਨੂੰ ਲੱਗੇ ਵਿਸ਼ੇਸ਼ ਕੈਂਪਾਂ ਦਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਗਏ ਰੋਲ ਆਬਜ਼ਰਵਰ-ਕਮ-ਡਵੀਜ਼ਨਲ ਕਮਿਸ਼ਨਰ ਰਾਮਵੀਰ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕੇਂਦਰੀ ਹਲਕੇ ਦੇ ਦਫ਼ਤਰ ਸਬ ਡਵੀਜ਼ਨਲ ਇੰਜੀਨੀਅਰ ਪੀ.ਡਬਲਯੂ.ਡੀ. (ਬੀ.ਐਂਡ ਆਰ) ਪੁਰਾਣੀ ਬਾਰਾਂਦਰੀ, ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਉੱਤਰੀ ਦੇ ਸਦਾ ਸੁਖ ਚੋਪੜਾ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ, ਹਲਕਾ ਆਦਮਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੰਗਣੀਵਾਲ ਵਿਖੇ ਬਣੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ। ਰੋਲ ਆਬਜ਼ਰਵਰ ਨੇ ਕੈਂਪਾਂ ਦੌਰਾਨ ਜਿਥੇ ਬੂਥ ਲੈਵਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਉਥੇ ਕੈਂਪਾਂ ਵਿੱਚ ਪਹੁੰਚੇ ਨਾਗਰਿਕਾਂ ਅਤੇ ਵੋਟਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਬੀ.ਐਲ.ਓਜ਼ ਨੂੰ ਐਸ. ਆਈ. ਆਰ. ਤਹਿਤ ਦੂਜੇ ਪੜਾਅ ਦੇ ਕੰਮ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਕੇਂਦਰੀ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸ਼ੁਭੀ ਆਂਗਰਾ ਤੇ ਹੋਰ ਸਬੰਧਤ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਅਤੇ ਹੋਰ ਚੋਣ ਸਟਾਫ਼ ਵੀ ਮੌਜੂਦ ਸੀ। ਬੀ.ਐੱਲ.ਓ. ਵਲੋਂ ਵਾਰ-ਵਾਰ ਦਸਤਾਵੇਜ਼ ਮੰਗਣ ਕਾਰਨ ਲੋਕ ਪ੍ਰੇਸ਼ਾਨ, ਵੋਟਰਾਂ ਵਲੋਂ ਨੋਟਿਸ ਘਰ ਦੇਣ ਦੀ ਬਜਾਏ ਸਕੂਲ ਬੁਲਾਉਣ ਦੇ ਦੋਸ਼ ਮੁਹੱਲਾ ਬਿਕਰਮਪੁਰਾ ਦੇ ਪੋਲਿੰਸ ਬੂਥ ਅਧੀਨ ਆਉਂਦੇ ਇਲਾਕੇ ਵਿੱਚ ਬੀ.ਐੱਲ.ਓ. ਦੀ ਕਾਰਜਪ੍ਰਣਾਲੀ ਨੂੰ ਲੈ ਕੇ ਲੋਕਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਹ ਪਹਿਲਾਂ ਹੀ ਚਾਰ ਤਰ੍ਹਾਂ ਦੇ ਪ੍ਰਮਾਣ/ਦਸਤਾਵੇਜ਼ ਜਮ੍ਹਾਂ ਕਰਵਾ ਚੁੱਕੇ ਹਨ, ਇਸ ਦੇ ਬਾਵਜੂਦ ਹੁਣ ਉਨ੍ਹਾਂ ਤੋਂ ਮੁੜ ਸਬੂਤ ਮੰਗੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਹੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਤਾਂ ਵਾਰ-ਵਾਰ ਉਹੀ ਪ੍ਰਮਾਣ ਕਿਉਂ ਮੰਗੇ ਜਾ ਰਹੇ ਹਨ? ਲੋਕਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਨੋਟਿਸ ਦਿੱਤੇ ਜਾਣੇ ਹਨ, ਉਨ੍ਹਾਂ ਨੂੰ ਨੋਟਿਸ ਘਰ ’ਤੇ ਦੇਣ ਦੀ ਬਜਾਏ ਸਕੂਲ ਬੁਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕ ਸਕੂਲ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਨੋਟਿਸ ਦੇ ਕੇ ਕਿਹਾ ਜਾਂਦਾ ਹੈ ਕਿ ਉਹ 15 ਤਰੀਕ ਨੂੰ ਮੁੜ ਆਉਣ। ਇਸ ਪ੍ਰਕਿਰਿਆ ਕਾਰਨ ਆਮ ਲੋਕਾਂ ਨੂੰ ਵਾਰ-ਵਾਰ ਸਕੂਲ ਦੇ ਚੱਕਰ ਲਗਾਉਣੇ ਪੈ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਲੋਕਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਸਪੱਸ਼ਟ ਕੀਤਾ ਜਾਵੇ ਕਿ ਮੁੜ ਦਸਤਾਵੇਜ਼ ਮੰਗਣ ਦੀ ਲੋੜ ਕਿਉਂ ਪੈ ਰਹੀ ਹੈ ਅਤੇ ਨੋਟਿਸ ਘਰ ’ਤੇ ਦੇਣ ਦੀ ਬਜਾਏ ਲੋਕਾਂ ਨੂੰ ਸਕੂਲ ਕਿਉਂ ਬੁਲਾਇਆ ਜਾ ਰਿਹਾ ਹੈ।