ਅਜੀਤ, ਜਲੰਧਰ
ਸਰਟੀਫਿਕੇਟ ਨਾ ਮਿਲਣ ਕਾਰਨ ਨਿਰਾਸ਼ ਬਿਨੈਕਾਰਾਂ ਨੇ ਤਹਿਸੀਲਦਾਰ-1 ਦੇ ਦਫ਼ਤਰ ਬਾਹਰ ਪ੍ਰਗਟਾਇਆ ਰੋਸ
8 ਕਿਹਾ , ਇਨਕਮ , ਰਿਹਾਇਸ਼ ਤੇ ਜਾਤੀ ਸਰਟੀਫਿਕੇਟ ਨਾ ਮਿਲਣ ਕਾਰਨ ਫੀਸਾਂ ਮੰਗਣ ਲੱਗੇ ਹਨ ਕਾਲਜ 8 ਈ - ਸੇਵਾਵਾਂ ਦੀ ਪੈਂਡੈਂਸੀ ਦੇ ਮਾਮਲੇ ’ ਚ ਸੂਬੇ ’ ਚੋਂ ਦੂਜੇ ਸਥਾਨ ’ ਤੇ ਪੁੱਜਾ ਜ਼ਿਲ੍ਹਾ , 1,21,212 ਅਰਜ਼ੀਆਂ ਪੈਂਡਿੰਗ
ਜਲੰਧਰ, 3 ਸਤੰਬਰ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੀਆਂ ਈ-ਸੇਵਾਵਾਂ ਤਹਿਤ ਲੋਕਾਂ ਵਲੋਂ ਜਾਤੀ, ਰਿਹਾਇਸ਼ ਤੇ ਇਨਕਮ ਸਰਟੀਫਿਕੇਟ ਬਣਵਾਉਣ ਲਈ ਦਿੱਤੀਆਂ ਗਈਆਂ ਅਰਜ਼ੀਆਂ ’ਤੇ ਪ੍ਰਕਿਰਿਆ ਨਾ ਚੱਲਣ ਕਰਕੇ ਸਰਟੀਫਿਕੇਟਾਂ ਦੀ ਲੰਮੇਂ ਸਮੇਂ ਤੋਂ ਉਡੀਕ ਕਰ ਰਹੇ ਬਿਨੈਕਾਰਾਂ ਦਾ ਸਬਰ ਟੁੱਟਣ ਲੱਗਾ ਹੈ। ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਕਾਰਨ ਨਿਰਾਸ਼ ਬਿਨੈਕਾਰਾਂ ਨੇ ਵੀਰਵਾਰ ਨੂੰ ਤਹਿਸੀਲਦਾਰ-1 ਦੇ ਦਫ਼ਤਰ ਬਾਹਰ ਫਰਸ਼ ’ਤੇ ਬੈਠ ਕੇ ਰੋਸ ਪ੍ਰਗਟਾਇਆ।
ਈ
ਈ-ਸੇਵਾਵਾਂ ਤਹਿਤ ਅਪਲਾਈ ਕੀਤੇ ਗਏ ਸਰਟੀਫਿਕੇਟ ਨਿਰਧਾਰਤ ਸਮੇਂ ਤੋਂ ਬਾਅਦ ਵੀ ਨਾ ਮਿਲਣ ਕਾਰਨ ਤਹਿਸੀਲਦਾਰ-1 ਦੇ ਦਫ਼ਤਰ ਬਾਹਰ ਰੋਸ ਜ਼ਾਹਿਰ ਕਰਦੇ ਹੋਏ ਬਿਨੈਕਾਰ। ਤਸਵੀਰ-ਜੀਪੀ ਸਿੰਘ
04-09-2026
ਜਲੰਧਰ, 3 ਸਤੰਬਰ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੀਆਂ ਈ-ਸੇਵਾਵਾਂ ਤਹਿਤ ਲੋਕਾਂ ਵਲੋਂ ਜਾਤੀ, ਰਿਹਾਇਸ਼ ਤੇ ਇਨਕਮ ਸਰਟੀਫਿਕੇਟ ਬਣਵਾਉਣ ਲਈ ਦਿੱਤੀਆਂ ਗਈਆਂ ਅਰਜ਼ੀਆਂ ’ਤੇ ਪ੍ਰਕਿਰਿਆ ਨਾ ਚੱਲਣ ਕਰਕੇ ਸਰਟੀਫਿਕੇਟਾਂ ਦੀ ਲੰਮੇਂ ਸਮੇਂ ਤੋਂ ਉਡੀਕ ਕਰ ਰਹੇ ਬਿਨੈਕਾਰਾਂ ਦਾ ਸਬਰ ਟੁੱਟਣ ਲੱਗਾ ਹੈ। ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਕਾਰਨ ਨਿਰਾਸ਼ ਬਿਨੈਕਾਰਾਂ ਨੇ ਵੀਰਵਾਰ ਨੂੰ ਤਹਿਸੀਲਦਾਰ-1 ਦੇ ਦਫ਼ਤਰ ਬਾਹਰ ਫਰਸ਼ ’ਤੇ ਬੈਠ ਕੇ ਰੋਸ ਪ੍ਰਗਟਾਇਆ। ਬਿਨੈਕਾਰਾਂ ਨੇ ਕਿਹਾ ਕਿ ਉਹ ਸਰਟੀਫਿਕੇਟ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਗੇੜੇ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਹਾਲੇ ਹੋਰ ਸਮਾਂ ਲੱਗੇਗਾ। ਓਧਰ ਈ-ਸੇਵਾਵਾਂ ਦਾ ਜ਼ਿਲ੍ਹੇ ਅੰਦਰ ਏਨਾ ਮੰਦਾ ਹਾਲ ਹੋ ਚੁੱਕਾ ਹੈ ਕਿ ਜ਼ਿਲ੍ਹਾ ਪੂਰੇ ਸੂਬੇ ’ਚੋਂ ਪੈਂਡੈਂਸੀ ਦੇ ਮਾਮਲੇ ’ਚ 2 ਦੂਜੇ ਨੰਬਰ ਪੁੱਜਾ ਚੁੱਕਾ ਹੈ। ਵੀਰਵਾਰ ਨੂੰ ਈ-ਸੇਵਾਵਾਂ ਕੰਨਕੈਟ ਪੋਰਟਲ ਉਪਰ ਪਾਈ ਗਈ ਪੈਂਡੈਂਸੀ ਸੂਚੀ ਮੁਤਾਬਕ ਜਲੰਧਰ ਜ਼ਿਲ੍ਹੇ ’ਚ ਕੁੱਲ ਅਰਜ਼ੀਆਂ ਦੀ ਗਿਣਤੀ 6,88,337 ਦਰਸਾਈ ਜਾ ਰਹੀ ਹੈ ਜਦੋਂਕਿ ਪੈਂਡਿੰਗ ਅਰਜ਼ੀਆਂ ਦੀ ਸੰਖਿਆ 1,21,212 ਹੈ। ਤਹਿਸੀਲਦਾਰ-1 ਦਫਤਰ ਦੇ ਬਾਹਰ ਬੈਠੇ ਬਿਨੈਕਾਰਾਂ ’ਚ ਅਵਤਾਰ ਨਗਰ ਵਾਸੀ ਮੀਨਾਕਸ਼ੀ ਪੁੱਤਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 3 ਜੁਲਾਈ ਨੂੰ ਆਮਦਨ ਸਰਟੀਫਿਕੇਟ ਬਣਵਾਉਣ ਲਈ ਅਰਜ਼ੀ ਦਿੱਤੀ ਸੀ, ਜਿਸ ਦੇ ਮਿਲਣ ਦੀ ਤਰੀਕ 24 ਜੁਲਾਈ ਪਾਈ ਗਈ ਸੀ। 24 ਜੁਲਾਈ ਨੂੰ ਸਰਟੀਫਿਕੇਟ ਨਾ ਮਿਲਣ ਕਾਰਨ ਉਨ੍ਹਾਂ ਨੇ ਫਿਰ ਉਸੇ ਦਿਨ ਕੈਫੇ ਵਿੱਚ ਜਾ ਕੇ ਮੁੜ ਅਪਲਾਈ ਕੀਤਾ ਪਰ ਹਾਲੇ ਤੱਕ ਵੀ ਉਨ੍ਹਾਂ ਦਾ ਸਰਟੀਫਿਕੇਟ ਨਹੀਂ ਮਿਲਿਆ। ਮੀਨਾਕਸ਼ੀ ਨੇ ਦੱਸਿਆ ਕਿ ਉਹ ਐੱਸ. ਸੀ. ਵਰਗ ਨਾਲ ਸੰਬੰਧਤ ਹੈ ਅਤੇ ਆਮਦਨ ਸਰਟੀਫਿਕੇਟ ਨਾ ਮਿਲਣ ਕਾਰਨ ਕਾਲਜ ਵਾਲੇ ਉਸ ਨੂੰ 10 ਸਤੰਬਰ ਤੱਕ 45,000 ਰੁਪਏ ਫੀਸ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ ਪਰ ਉਸ ਦੇ ਪਿਤਾ ਦਿਹਾੜੀਦਾਰ ਹਨ ਜੋ ਕਿ ਏਨੀ ਜ਼ਿਆਦਾ ਫੀਸ ਨਹੀਂ ਦੇ ਸਕਦੇ। ਜੇਕਰ ਉਸ ਨੂੰ ਸਮੇਂ ਸਿਰ ਆਮਦਨ ਸਰਟੀਫਿਕੇਟ ਨਾ ਮਿਲਿਆ ਤਾਂ ਮਜਬੂਰਨ ਪੜ੍ਹਾਈ ਛੱਡਣੀ ਪਵੇਗੀ। ਇਸੇ ਤਰ੍ਹਾਂ ਬਖਸ਼ੋ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਦੱਸਿਆ ਕਿ ਉਸ ਨੇ ਬੱਚੇ ਨੂੰ ਦਾਖਲ ਕਰਵਾਉਣ ਲਈ ਜਾਤੀ ਸਰਟੀਫਿਕੇਟ ਅਪਲਾਈ ਕੀਤਾ ਸੀ ਪਰ ਹਾਲੇ ਤਕ ਸਰਟੀਫਿਕੇਟ ਨਾ ਮਿਲਣ ਕਾਰਨ ਕਾਲਜ ਦੀ ਪੜ੍ਹਾਈ ਵਿਚਾਲੇ ਛੱਡਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਤੋਂ ਇਲਾਵਾ ਸੋਨੂੰ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ, ਮੀਨਾ ਤੇ ਹੋਰ ਲੋਕ ਵੀ ਆਪਣੇ ਸਰਟੀਫਿਕੇਟ ਨਾ ਮਿਲਣ ਕਾਰਨ ਚਿੰਤਤ ਸਨ। ਮੀਨਾਕਸ਼ੀ ਦੇ ਨਾਲ ਆਈ ਸਮਾਜ ਸੇਵਿਕਾ ਰੋਜ਼ੀ ਸ਼ਰਮਾ ਨੇ ਦੱਸਿਆ ਕਿ ਤਹਿਸੀਲਦਾਰ ਦਫ਼ਤਰ ’ਚ ਮੌਜੂਦ ਮਹਿਲਾ ਮੁਲਾਜ਼ਮ ਨੇ ਭਰੋਸਾ ਦਿਵਾਇਆ ਕਿ ਸ਼ਾਮ ਤਕ ਸਰਟੀਫਿਕੇਟ ਪਾਸ ਕਰਵਾ ਦਿੱਤੇ ਜਾਣਗੇ, ਜਿਸ ਦਾ ਉਨ੍ਹਾਂ ਨੂੰ ਫੋਨ ’ਤੇ ਮੈਸੇਜ ਆ ਜਾਵੇਗਾ ਪਰ ਦੇਰ ਸ਼ਾਮ ਤੱਕ ਬਿਨੈਕਾਰਾਂ ਨੂੰ ਕੋਈ ਵੀ ਮੈਸੇਜ ਨਹੀਂ ਆਇਆ। ਉਸ ਨੇ ਕਿਹਾ ਕਿ ਜੇਕਰ ਬਿਨੈਕਾਰਾਂ ਨੂੰ 10 ਸਤੰਬਰ ਤੋਂ ਪਹਿਲਾਂ ਸਰਟੀਫਿਕੇਟ ਨਾ ਮਿਲੇ ਤਾਂ ਉਨ੍ਹਾਂ ਦਾ ਭਵਿੱਖ ਖਰਾਬ ਹੋ ਜਾਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨੈਕਾਰਾਂ ਦੇ ਸੰਬੰਧਤ ਸਰਟੀਫਿਕੇਟ ਜਲਦ ਤੋਂ ਜਲਦ ਬਣਾ ਕੇ ਦਿੱਤੇ ਜਾਣ।