05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਟਰੈਫਿਕ ਲਾਈਟਾਂ ਬੰਦ ਹੋਣ ਕਾਰਨ ਲੰਮਾ ਪਿੰਡ ਚੌਕ ਬਣਿਆ ਜਾਮ ਦਾ ਕੇਂਦਰ ਰੋਜ਼ਾਨਾ ਵਾਹਨ ਚਾਲਕਾਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

ਜਲੰਧਰ, 4 ਨਵੰਬਰ (ਮੋਹਿਤ ਸਿੰਘ)- ਸਥਾਨਕ ਪੀ. ਏ.

ਲੰਮਾ ਪਿੰਡ ਚੌਕ ’ਚ ਲੱਗੇ ਜਾਮ ਦਾ ਦ੍ਰਿਸ਼। ਅਜੀਤ ਤਸਵੀਰ 05-11-2026
ਜਲੰਧਰ, 4 ਨਵੰਬਰ (ਮੋਹਿਤ ਸਿੰਘ)- ਸਥਾਨਕ ਪੀ.ਏ.ਪੀ. ਚੌਂਕ ਤੋਂ ਅੰਮ੍ਰਿਤਸਰ ਹਾਈਵੇ ’ਤੇ ਸਥਿਤ ਲੰਮਾ ਪਿੰਡ ਚੌਕ ਜੋ ਸ਼ਹਿਰ ਦੇ ਮੁੱਖ ਚੌਕਾਂ ’ਚੋਂ ਇਕ ਹੈ, ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਲਗਾਈਆਂ ਗਈਆਂ ਟਰੈਫਿਕ ਲਾਈਟਾਂ ਬੰਦ ਪਈਆਂ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੈਫਿਕ ਲਾਈਟਾਂ ਬੰਦ ਹੋਣ ਕਾਰਨ ਇਸ ਚੌਕ ’ਚ ਹਰ ਰੋਜ਼ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਸਮਾਂ ਆਵਾਜਾਈ ਜਾਮ ’ਚ ਫਸ ਕੇ ਗੁਜ਼ਾਰਨਾ ਪੈਂਦਾ ਹੈ। ਖ਼ਾਸ ਕਰਕੇ ਦਫ਼ਤਰਾਂ, ਸਕੂਲਾਂ ਤੇ ਹੋਰ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਦਿੱਕਤ ਆਉਂਦੀ ਹੈ। ਇਸ ਚੌਂਕ ਦੇ ਉਪਰ ਸਥਿਤ ਫਲਾਈਓਵਰ ’ਤੇ ਕਿਸੇ ਵਾਹਨ ਦੇ ਖਰਾਬ ਹੋਣ ਦੀ ਸੂਰਤ ’ਚ ਰਾਸ਼ਟਰੀ ਮਾਰਗ ਦੀ ਆਵਾਜਾਈ ਥੱਲਿਓ ਗੁਜ਼ਰਨ ਦੀ ਸਥਿਤੀ ’ਚ ਹਾਲਾਤ ਬਹੁਤ ਨਾਜ਼ੁਕ ਹੋ ਜਾਂਦੇ ਹਨ। ਚੌਕ ’ਚ ਹਰ ਸਮੇਂ ਕਾਰਾਂ, ਬੱਸਾਂ, ਟਰੱਕਾਂ, ਆਟੋ ਰਿਕਸ਼ਿਆਂ, ਈ-ਰਿਕਸ਼ਿਆਂ ਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਟਰੈਫਿਕ ਲਾਈਟਾਂ ਬੰਦ ਹੋਣ ਕਾਰਨ ਵੱਖ-ਵੱਖ ਪਾਸਿਆਂ ਤੋਂ ਆਉਣ ਵਾਲੇ ਵਾਹਨ ਇਕੱਠੇ ਹੀ ਚੌਕ ਪਾਰ ਕਰਨ ਦੀ ਕੋਸ਼ਿਸ ਕਰਦੇ ਹਨ, ਜਿਸ ਕਾਰਨ ਸੜਕ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਕਈ ਵਾਰ ਵਾਹਨ ਚਾਲਕਾਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਕਾਰਨ ਨਾ ਸਿਰਫ਼ ਆਮ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਪੈਦਲ ਲੰਘਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਚੌਕ ਤੋਂ ਹੁਸ਼ਿਆਰਪੁਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਸ਼ਹਿਰ ’ਚ ਦਾਖ਼ਲ ਹੋਣ, ਅੰਮ੍ਰਿਤਸਰ ਜਾਂ ਪੀ.ਏ.ਪੀ. ਵੱਲ ਜਾਣ ਸਮੇਂ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੌਂਕ ਦੇ ਨੇੜਲੇ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਬਾਹਰ ਕੱਢ ਕੇ ਰੱਖਣ ਤੇ ਚੌਂਕ ਦੇ ਜੰਡੂਸਿੰਘਾ ਵੱਲ ਦੇ ਪਾਸੇ ਰੇਤਾ, ਬੱਜਰੀ, ਇੱਟਾਂ ਤੇ ਮਲਬੇ ਦੀਆਂ ਟਰਾਲੀਆਂ ਹਰ ਵਕਤ ਖੜ੍ਹੀਆਂ ਹੋਣ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ। ਇਥੇ ਖੜੇ ਵੱਡੇ ਵਾਹਨਾਂ ਕਾਰਨ ਲੋਕਾਂ ਨੂੰ ਸਾਹਮਣੇ ਤੋਂ ਆਉਦੇ ਵਾਹਨ ਦੇਖਣ ਵਿਚ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ ਤੇ ਉਠ ਰਹੇ ਸਵਾਲ ਸ਼ਹਿਰ ’ਚ ਆਵਾਜਾਈ ਦੀ ਸਮੱਸਿਆ ਨੂੰ ਸੁਲਝਾਉਣ ਤੇ ਨਿਯਮਬੱਧ ਕਰਨ ਲਈ ਵੱਖ-ਵੱਖ ਥਾਵਾਂ ’ਤੇ ਟਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ ਪਰ ਇਸ ਚੌਂਕ ਦੀਆਂ ਲਾਈਟਾਂ ਅਕਸਰ ਬੰਦ ਰਹਿਣ ਕਾਰਨ ਵਾਹਨ ਚਾਲਕ ਆਪਸ ਵਿਚ ਉਲਝ ਜਾਂਦੇ ਹਨ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੰਦ ਟਰੈਫਿਕ ਲਾਈਟਾਂ ਨੂੰ ਠੀਕ ਕਰਵਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਲੋਕਾਂ ਵਲੋਂ ਟਰੈਫਿਕ ਲਾਈਟਾਂ ਚਾਲੂ ਕਰਵਾਉਣ ਦੀ ਮੰਗ ਪੁਲਿ ਸ ਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੰਦ ਪਈਆਂ ਟਰੈਫਿਕ ਲਾਈਟਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਜਦੋਂ ਤੱਕ ਲਾਈਟਾਂ ਠੀਕ ਨਹੀਂ ਹੁੰਦੀਆਂ, ਉਦੋਂ ਤੱਕ ਚੌਕ ਵਿੱਚ ਟਰੈਫਿਕ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਵਾਹਨਾਂ ਦੀ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਰੋਜ਼ਾਨਾ ਜਾਮ ਦੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਰੋਜ਼ਾਨਾ ਜਾਮ ਦੀ ਸਮੱਸਿਆਂ ਇਸੇ ਤਰਾਂ ਬਣੀ ਰਹਿ ਸਕਦੀ ਹੈ।
ਪਿਛਲੀ ਖ਼ਬਰ ਏਕਤਾ ਨਗਰ ਵਿਖੇ ਲੋਕਾਂ ਵਲੋਂ ਨਸ਼ਾ ਤਸਕਰਾਂ ਦਾ ਵਿਰੋਧ , ਲੋਕਾਂ ਦੇ ਹੱਕ ਵਿੱਚ ਪਹੁੰਚੇ ਕੌਂਸਲਰ ਮਨਮੋਹਨ ਸਿੰਘ ਰਾਜੂ ਸੀਨ... ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਕਰਵਾਇਆ ਆਤਮ ਰਸ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।