ਬਰਤਾਨੀਆ ਦੇ ਰੈਸਟੋਰੈਂਟਾਂ ’ਚ ਗੈਰ-ਧਾਰਮਿਕ ਤਰੀਕੇ ਨਾਲ ਤਿਆਰ ਮੀਟ ਦਾ ਬਦਲ ਲਾਜ਼ਮੀ ਕਰਨ ਦੀ ਮੰਗ
ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਮੀਟ ਪਰੋਸਣ ਵਾਲੇ ਸਾਰੇ ਰੈਸਟੋਰੈਂਟਾਂ ਲਈ ਗੈਰ-ਧਾਰਮਿਕ ਤਰੀਕੇ ਨਾਲ ਜ਼ਬਾਹ ਕੀਤੇ ਪਸ਼ੂਆਂ ਦਾ ਮੀਟ ਵੀ ਗਾਹਕਾਂ ਨੂੰ ਮੁਹੱਈਆ ਕਰਵਾਉਣਾ ਲਾਜ਼ਮੀ ਬਣਾਉਣ ਦੀ ਮੰਗ ਉੱਠੀ ਹੈ। ਇਸ ਸਬੰਧੀ ਵਰਜੀਨੀਆ ਲੋਗਨ ਵੱਲੋਂ ਬਰਤਾਨਵੀ ਸੰਸਦ ਦੀ ਅਧਿਕਾਰਤ ਵੈੱਬਸਾਈਟ ਉੱਤੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ।
ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਮੀਟ ਪਰੋਸਣ ਵਾਲੇ ਸਾਰੇ ਰੈਸਟੋਰੈਂਟਾਂ ਲਈ ਗੈਰ-ਧਾਰਮਿਕ ਤਰੀਕੇ ਨਾਲ ਜ਼ਬਾਹ ਕੀਤੇ ਪਸ਼ੂਆਂ ਦਾ ਮੀਟ ਵੀ ਗਾਹਕਾਂ ਨੂੰ ਮੁਹੱਈਆ ਕਰਵਾਉਣਾ ਲਾਜ਼ਮੀ ਬਣਾਉਣ ਦੀ ਮੰਗ ਉੱਠੀ ਹੈ। ਇਸ ਸਬੰਧੀ ਵਰਜੀਨੀਆ ਲੋਗਨ ਵੱਲੋਂ ਬਰਤਾਨਵੀ ਸੰਸਦ ਦੀ ਅਧਿਕਾਰਤ ਵੈੱਬਸਾਈਟ ਉੱਤੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਪਟੀਸ਼ਨ ’ਚ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮਾਸਾਹਾਰੀ ਭੋਜਨ ਪਰੋਸਣ ਵਾਲੇ ਸਾਰੇ ਰੈਸਟੋਰੈਂਟਾਂ ਵਿੱਚ ਗਾਹਕਾਂ ਲਈ ਅਜਿਹੇ ਮੀਟ ਦਾ ਬਦਲ ਵੀ ਉਪਲਬਧ ਕਰਵਾਇਆ ਜਾਵੇ, ਜੋ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਜ਼ਬਾਹ ਕੀਤੇ ਪਸ਼ੂਆਂ ਤੋਂ ਪ੍ਰਾਪਤ ਨਾ ਕੀਤਾ ਗਿਆ ਹੋਵੇ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਕੁਝ ਰੈਸਟੋਰੈਂਟ ਸਿਰਫ਼ ਧਾਰਮਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਮੀਟ, ਜਿਵੇਂ ਹਲਾਲ ਜਾਂ ਕੋਸ਼ਰ, ਹੀ ਪਰੋਸਦੇ ਹਨ। ਇਸ ਕਾਰਨ ਅਜਿਹੇ ਗਾਹਕਾਂ ਕੋਲ ਹੋਰ ਵਿਕਲਪ ਨਹੀਂ ਰਹਿੰਦਾ, ਜੋ ਆਪਣੀਆਂ ਨਿੱਜੀ, ਧਾਰਮਿਕ ਜਾਂ ਖੁਰਾਕ ਸਬੰਧੀ ਮਾਨਤਾਵਾਂ ਕਾਰਨ ਇਸ ਤਰ੍ਹਾਂ ਦਾ ਮੀਟ ਨਹੀਂ ਖਾਣਾ ਚਾਹੁੰਦੇ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਹਰ ਗਾਹਕ ਨੂੰ ਆਪਣੀ ਪਸੰਦ ਅਤੇ ਜ਼ਮੀਰ ਅਨੁਸਾਰ ਭੋਜਨ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਵਿਅਕਤੀ ਨੂੰ ਅਜਿਹੀਆਂ ਧਾਰਮਿਕ ਸ਼ਰਤਾਂ ਮੁਤਾਬਕ ਤਿਆਰ ਕੀਤਾ ਮੀਟ ਚੁਣਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹੈ। ਪਟੀਸ਼ਨਕਰਤਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੰਗ ਦਾ ਮਕਸਦ ਧਾਰਮਿਕ ਤਰੀਕੇ ਨਾਲ ਜ਼ਬਾਹ ਕੀਤੇ ਮੀਟ ਉੱਤੇ ਪਾਬੰਦੀ ਲਗਾਉਣਾ ਜਾਂ ਕਿਸੇ ਵੀ ਧਰਮ ਦੀ ਆਜ਼ਾਦੀ ਨੂੰ ਸੀਮਤ ਕਰਨਾ ਨਹੀਂ ਹੈ। ਇਸ ਦਾ ਮੁੱਖ ਉਦੇਸ਼ ਸਾਰੇ ਗਾਹਕਾਂ ਲਈ ਭੋਜਨ ਦੀ ਚੋਣ ਦਾ ਬਰਾਬਰ ਮੌਕਾ ਯਕੀਨੀ ਬਣਾਉਣਾ ਹੈ।ਸ ਇਹ ਪਟੀਸ਼ਨ ਤੇ ਸਿਰਫ ਤਿੰਨ ਦਿਨਾਂ ਵਿੱਚ 12,500 ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ। ਬਰਤਾਨਵੀ ਸੰਸਦ ਦੇ ਨਿਯਮਾਂ ਅਨੁਸਾਰ 10 ਹਜ਼ਾਰ ਦਸਤਖ਼ਤ ਮਿਲਣ ਉੱਤੇ ਸਰਕਾਰ ਵੱਲੋਂ ਪਟੀਸ਼ਨ ਦਾ ਜਵਾਬ ਦਿੱਤਾ ਜਾਂਦਾ ਹੈ, ਜਦਕਿ ਇੱਕ ਲੱਖ ਦਸਤਖ਼ਤ ਹੋਣ ਉੱਤੇ ਇਸ ਨੂੰ ਸੰਸਦ ਵਿੱਚ ਬਹਿਸ ਲਈ ਵਿਚਾਰਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮੰਗ ਦੇ ਜਵਾਬ ਵਿੱਚ ਕੀ ਰੁਖ਼ ਅਪਣਾਉਂਦੀ ਹੈ।