17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿਦੇਸ਼ਾਂ ’ਚ ਵਸਦੇ ਭਾਰਤੀਆਂ ਨੇ ਭੇਜੇ 151 ਅਰਬ ਡਾਲਰ ਦਹਾਕੇ ’ਚ ਰਕਮ ਢਾਈ ਗੁਣਾ ਵਧੀ

ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਲੋਂ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੇ ਜਾਣ ਵਾਲੇ ਪੈਸੇ ਵਿਚ ਪਿਛਲੇ ਦਸ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਨਾਲ ਜੁੜੇ ਅੰਤਰਰਾਸ਼ਟਰੀ ਖੇਤੀਬਾੜੀ ਵਿਕਾਸ ਫੰਡ ਦੇ ਅੰਕੜਿਆਂ ਅਨੁਸਾਰ ਭਾਰਤ ਨੂੰ ਪਿਛਲੇ ਸਾਲ ਵਿਦੇਸ਼ਾਂ ਤੋਂ 151 ਅਰਬ ਡਾਲਰ ਮਿਲੇ, ਜਦਕਿ 2016 ਵਿਚ ਇਹ ਰਕਮ 63 ਅਰਬ ਡਾਲਰ ਸੀ।

ਅਜੀਤ ਡੈਸਕ 17-09-2026
ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵਲੋਂ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੇ ਜਾਣ ਵਾਲੇ ਪੈਸੇ ਵਿਚ ਪਿਛਲੇ ਦਸ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਨਾਲ ਜੁੜੇ ਅੰਤਰਰਾਸ਼ਟਰੀ ਖੇਤੀਬਾੜੀ ਵਿਕਾਸ ਫੰਡ ਦੇ ਅੰਕੜਿਆਂ ਅਨੁਸਾਰ ਭਾਰਤ ਨੂੰ ਪਿਛਲੇ ਸਾਲ ਵਿਦੇਸ਼ਾਂ ਤੋਂ 151 ਅਰਬ ਡਾਲਰ ਮਿਲੇ, ਜਦਕਿ 2016 ਵਿਚ ਇਹ ਰਕਮ 63 ਅਰਬ ਡਾਲਰ ਸੀ। ਇਸ ਤਰ੍ਹਾਂ ਇਕ ਦਹਾਕੇ ਵਿਚ ਇਹ ਰਕਮ ਕਰੀਬ ਢਾਈ ਗੁਣਾ ਹੋ ਗਈ ਹੈ।ਇਨ੍ਹਾਂ ਅੰਕੜਿਆਂ ਨਾਲ ਭਾਰਤ ਦੁਨੀਆ ਵਿਚ ਵਿਦੇਸ਼ਾਂ ਤੋਂ ਸਭ ਤੋਂ ਵੱਧ ਪੈਸਾ ਪ੍ਰਾਪਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ। ਇਸ ਰਕਮ ਵਿਚ ਪ੍ਰਵਾਸੀ ਭਾਰਤੀਆਂ ਵਲੋਂ ਨਿੱਜੀ ਤੌਰ ’ਤੇ ਆਪਣੇ ਘਰਾਂ ਨੂੰ ਭੇਜਿਆ ਪੈਸਾ ਸ਼ਾਮਲ ਹੈ, ਜਦਕਿ ਵਿਦੇਸ਼ੀ ਨਿਵੇਸ਼ ਅਤੇ ਹੋਰ ਸੰਸਥਾਗਤ ਲੈਣ-ਦੇਣ ਇਸ ਦਾ ਹਿੱਸਾ ਨਹੀਂ ਹਨ।ਦੁਨੀਆ ਭਰ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਵਲੋਂ ਆਪਣੇ ਦੇਸ਼ਾਂ ਨੂੰ ਭੇਜੀ ਰਕਮ 728.6 ਅਰਬ ਡਾਲਰ ਤੱਕ ਪਹੁੰਚ ਗਈ ਹੈ। ਸੰਸਥਾ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲਾ ਇਹ ਪੈਸਾ ਲੱਖਾਂ ਪਰਿਵਾਰਾਂ ਲਈ ਘਰੇਲੂ ਖਰਚੇ ਚਲਾਉਣ, ਮੁਸ਼ਕਲ ਸਮੇਂ ਦਾ ਸਾਹਮਣਾ ਕਰਨ ਅਤੇ ਆਰਥਿਕ ਸਥਿਰਤਾ ਬਣਾਈ ਰੱਖਣ ਦਾ ਅਹਿਮ ਸਹਾਰਾ ਬਣ ਰਿਹਾ ਹੈ।ਰਿਪੋਰਟ ਵਿਚ ਭਾਰਤ ਦੀ ਆਧਾਰ ਪਛਾਣ ਪ੍ਰਣਾਲੀ ਅਤੇ ਇਕਸਾਰ ਭੁਗਤਾਨ ਪ੍ਰਣਾਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਜ਼ਬੂਤ ਡਿਜੀਟਲ ਢਾਂਚੇ ਕਾਰਨ ਵਿਦੇਸ਼ਾਂ ਤੋਂ ਭੇਜਿਆ ਪੈਸਾ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਹੋਰ ਸੁਖਾਲੀ ਹੋਈ ਹੈ।ਖਾੜੀ ਦੇਸ਼ ਭਾਰਤ ਨੂੰ ਪੈਸਾ ਭੇਜਣ ਵਾਲੇ ਪ੍ਰਵਾਸੀਆਂ ਦਾ ਇੱਕ ਮਹੱਤਵਪੂਰਨ ਕੇਂਦਰ ਹਨ। ਹਾਲਾਂਕਿ ਸੰਸਥਾ ਨੇ ਕਿਹਾ ਹੈ ਕਿ ਕਿਸੇ ਇੱਕ ਖੇਤਰ ’ਤੇ ਵਧੇਰੇ ਨਿਰਭਰਤਾ ਨਾਲ ਉੱਥੇ ਰੁਜ਼ਗਾਰ, ਆਰਥਿਕ ਹਾਲਾਤ ਜਾਂ ਆਵਾਜਾਈ ਪ੍ਰਭਾਵਿਤ ਹੋਣ ਦੀ ਸਥਿਤੀ ਵਿੱਚ ਪ੍ਰਵਾਸੀ ਕਾਮਿਆਂ ਅਤੇ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ’ਤੇ ਵੀ ਅਸਰ ਪੈ ਸਕਦਾ ਹੈ।ਰਿਪੋਰਟ ਮੁਤਾਬਕ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਸਿਰਫ਼ ਪੈਸਾ ਭੇਜਣ ਤੱਕ ਸੀਮਤ ਨਹੀਂ ਹੈ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਤਜਰਬੇ, ਤਕਨੀਕੀ ਗਿਆਨ, ਖੋਜ, ਕਾਰੋਬਾਰੀ ਸੰਪਰਕ ਅਤੇ ਸਮਾਜ ਸੇਵਾ ਰਾਹੀਂ ਵੀ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ।
ਪਿਛਲੀ ਖ਼ਬਰ 2.7 ਕਰੋੜ ਡਾਲਰ ਤੋਂ ਵੱਧ ਆਮਦਨ ਲੁਕਾਉਣ ਦੀ ਸਾਜ਼ਿਸ਼ ਟੈਕਸਾਸ ਦੇ ਆਨੰਦ ਸ਼ੁਕਲਾ ਨੂੰ 5 ਸਾਲ ਕੈਦ ਅਗਲੀ ਖ਼ਬਰ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲ ਕੰਪਲੈਕਸ ਮਜੀਠਾ ’ਚ ਸਫਾਈ ਦਾ ਮੰਦਾ ਹਾਲ, ਥਾਂ ਥਾਂ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।