11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗਲਾਸਗੋ ਸ਼ਹਿਰ ਦੇ ਕੇਂਦਰ ’ਚ ਪਰਵਾਸ ਵਿਰੋਧੀ ਪ੍ਰਦਰਸ਼ਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ

ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਪਰਵਾਸ ਵਿਰੋਧੀ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੜਕਾਂ ’ਤੇ ਉਤਰ ਆਏ। ਪੁਲਿਸ ਅਨੁਸਾਰ ਮੰਗਲਵਾਰ ਸ਼ਾਮ ਪ੍ਰਦਰਸ਼ਨਕਾਰੀ ਬੁਕੈਨਨ ਸਟਰੀਟ ਵਿੱਚ ਇਕੱਠੇ ਹੋਏ ਅਤੇ ਉਥੋਂ ਸ਼ਹਿਰ ਦੇ ਕੇਂਦਰ ਵਿਚੋਂ ਹੁੰਦੇ ਹੋਏ ਚੈਰਿੰਗ ਕਰਾਸ ਵੱਲ ਵਧੇ, ਜਿਥੋਂ ਗਲਾਸਗੋ ਦਾ ਮੁੱਖ ਮਾਰਗ ਐੱਮ-8 ਲੰਘਦਾ ਹੈ।

ਅਜੀਤ ਡੈਸਕ 10-09-2026

ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਪਰਵਾਸ ਵਿਰੋਧੀ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸੜਕਾਂ ’ਤੇ ਉਤਰ ਆਏ। ਪੁਲਿਸ ਅਨੁਸਾਰ ਮੰਗਲਵਾਰ ਸ਼ਾਮ ਪ੍ਰਦਰਸ਼ਨਕਾਰੀ ਬੁਕੈਨਨ ਸਟਰੀਟ ਵਿੱਚ ਇਕੱਠੇ ਹੋਏ ਅਤੇ ਉਥੋਂ ਸ਼ਹਿਰ ਦੇ ਕੇਂਦਰ ਵਿਚੋਂ ਹੁੰਦੇ ਹੋਏ ਚੈਰਿੰਗ ਕਰਾਸ ਵੱਲ ਵਧੇ, ਜਿਥੋਂ ਗਲਾਸਗੋ ਦਾ ਮੁੱਖ ਮਾਰਗ ਐੱਮ-8 ਲੰਘਦਾ ਹੈ। ਪੁਲਿਸ ਨੇ ਉਨ੍ਹਾਂ ਨੂੰ ਚੈਰਿੰਗ ਕਰਾਸ ਨੇੜੇ ਰੋਕ ਕੇ ਘੇਰਾ ਪਾ ਲਿਆ ਤਾਂ ਜੋ ਲੋਕਾਂ ਦੀ ਸੁਰੱਖਿਆ ਬਣਾਈ ਰੱਖੀ ਜਾ ਸਕੇ ਅਤੇ ਸ਼ਾਮ ਦੇ ਰੁਝੇਵੇਂ ਸਮੇਂ ਆਵਾਜਾਈ ਵਿਚ ਵੱਡਾ ਵਿਘਨ ਨਾ ਪਵੇ। ਇਹ ਪ੍ਰਦਰਸ਼ਨ ‘ਸਕਾਟਿਸ਼ ਸਿਟੀਜ਼ਨ ਆਰਮੀ’ ਨਾਂ ਦੇ ਸਮੂਹ ਵੱਲੋਂ ਕਰਵਾਇਆ ਗਿਆ ਸੀ, ਜਿਸ ਨੇ ਇਸ ਕਾਰਵਾਈ ਨੂੰ ‘ਆਪਰੇਸ਼ਨ ਸਟੈਂਡਸਟਿਲ’ ਨਾਂਅ ਦਿੱਤਾ ਸੀ। ਪ੍ਰਬੰਧਕਾਂ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਕਿਹਾ ਸੀ ਕਿ ਪ੍ਰਦਰਸ਼ਨ ਕਾਰਨ ਕੰਮ ਤੋਂ ਘਰ ਪਰਤ ਰਹੇ ਲੋਕਾਂ ਦੇ ਸਫ਼ਰ ਵਿੱਚ ਵਿਘਨ ਪਾਉਣਾ ਹੈ। ਕਈ ਪ੍ਰਦਰਸ਼ਨਕਾਰੀ ਕਾਲੇ ਕੱਪੜਿਆਂ ਅਤੇ ਚਿਹਰੇ ਢੱਕਣ ਵਾਲੇ ਨਕਾਬਾਂ ਵਿਚ ਦਿਖਾਈ ਦਿੱਤੇ। ਰਿਪੋਰਟਾਂ ਮੁਤਾਬਕ ਸਮੂਹ ਚੈਰਿੰਗ ਕਰਾਸ ਵੱਲ ਵਧ ਰਿਹਾ ਸੀ ਅਤੇ ਗਲਾਸਗੋ ਦੇ ਵਿਚਕਾਰ ਦੀ ਲੰਘਦੀ ਜਰਨੈਲੀ ਸੜਕ ਐੱਮ-8 ਮੋਟਰ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।ਪੁਲਿਸ ਸਕਾਟਲੈਂਡ ਨੇ ਦੱਸਿਆ ਕਿ ਵੀਹ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਸੰਭਾਲੀ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕਾਬੂ ਹੇਠ ਰੱਖਿਆ। ਪੁਲਿਸ ਦੀਆਂ ਗੱਡੀਆਂ ਵੀ ਅਹਿਮ ਸੜਕਾਂ ’ਤੇ ਤਾਇਨਾਤ ਕੀਤੀਆਂ ਗਈਆਂ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਮੁੜ ਸ਼ਹਿਰ ਦੇ ਕੇਂਦਰ ਵੱਲ ਚਲੇ ਗਏ ਅਤੇ ਕੁਝ ਸਮੇਂ ਲਈ ਗਲਾਸਗੋ ਕੁਈਨ ਸਟਰੀਟ ਰੇਲਵੇ ਸਟੇਸ਼ਨ ਨੇੜੇ ਇਕੱਠੇ ਹੋਏ। ਸ਼ਾਮ 7 ਵਜੇ ਤੋਂ ਪਹਿਲਾਂ ਭੀੜ ਪੂਰੀ ਤਰ੍ਹਾਂ ਖਿੰਡ ਗਈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਦੌਰਾਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਆਮ ਲੋਕਾਂ ਲਈ ਕੋਈ ਵਿਆਪਕ ਖ਼ਤਰਾ ਨਹੀਂ ਬਣਿਆ। ਗਲਾਸਗੋ ਵਿਚ ਪਿਛਲੇ ਕੁਝ ਸਮੇਂ ਤੋਂ ਪਰਵਾਸ ਦੇ ਹੱਕ ਅਤੇ ਵਿਰੋਧ ਵਿਚ ਕਈ ਪ੍ਰਦਰਸ਼ਨ ਹੋ ਚੁੱਕੇ ਹਨ। ਪਿਛਲੇ ਮਹੀਨੇ ਗਲਾਸਗੋ ਗਰੀਨ ਵਿਖੇ ਹੋਏ ਪਰਵਾਸ ਵਿਰੋਧੀ ਪ੍ਰਦਰਸ਼ਨ ਅਤੇ ਨਸਲਵਾਦ ਵਿਰੋਧੀ ਜਵਾਬੀ ਪ੍ਰਦਰਸ਼ਨ ਦੌਰਾਨ ਗੰਭੀਰ ਹੰਗਾਮਾ ਹੋਇਆ ਸੀ ਅਤੇ ਪੁਲਿਸ ਨੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਵਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਆਵਾਜਾਈ ਮਾਰਗਾਂ ਤੱਕ ਪਹੁੰਚਣ ਤੋਂ ਰੋਕਦਿਆਂ ਸਥਿਤੀ ਨੂੰ ਬਿਨਾਂ ਕਿਸੇ ਵੱਡੇ ਟਕਰਾਅ ਦੇ ਕਾਬੂ ਹੇਠ ਰੱਖਿਆ।

ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਪੰਥਕ ਇਕੱਤਰਤਾ ਸ਼ਲਾਘਾਯੋਗ ਉ... ਅਗਲੀ ਖ਼ਬਰ ਬਾਦਲ ਲੀਡਰਸ਼ਿਪ ਨੇ ਹਮੇਸ਼ਾ ਮਾਸਟਰ ਤਾਰਾ ਸਿੰਘ ਦੀ ਵਿਰਾਸਤ ਦਾ ਸਤਿਕਾਰ ਕੀਤੈ - ਸਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।