ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਦਾ ਐਡੀਲੇਡ ’ ਚ ਨਿੱਘਾ ਸਵਾਗਤ
‘ਮੀਟ ਐਂਡ ਗ੍ਰੀਟ’ ਸਮਾਗਮ ਦੌਰਾਨ ਭਾਰਤ-ਆਸਟ੍ਰੇਲੀਆ ਸੰਬੰਧਾਂ ਤੇ ਭਾਈਚਾਰੇ ਦੇ ਮੁੱਦਿਆਂ ਬਾਰੇ ਹੋਈ ਵਿਚਾਰ-ਚਰਚਾ
ਐਡੀਲੇਡ, 3 ਸਤੰਬਰ (ਗੁਰਮੀਤ ਸਿੰਘ ਵਾਲੀਆ)-ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਕੌਂਸਲੇਟ ਜਨਰਲ ਆਫ਼ ਇੰਡੀਆ, ਸਿਡਨੀ ਦੇ ਸਹਿਯੋਗ ਨਾਲ ਭਾਰਤ ਦੇ ਆਸਟ੍ਰੇਲੀਆ ਸਥਿਤ ਹਾਈ ਕਮਿਸ਼ਨਰ ਐੱਚ. ਈ.
ਐਡੀਲੇਡ, 3 ਸਤੰਬਰ (ਗੁਰਮੀਤ ਸਿੰਘ ਵਾਲੀਆ)-ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਕੌਂਸਲੇਟ ਜਨਰਲ ਆਫ਼ ਇੰਡੀਆ, ਸਿਡਨੀ ਦੇ ਸਹਿਯੋਗ ਨਾਲ ਭਾਰਤ ਦੇ ਆਸਟ੍ਰੇਲੀਆ ਸਥਿਤ ਹਾਈ ਕਮਿਸ਼ਨਰ ਐੱਚ.ਈ. ਨਾਗੇਸ਼ ਸਿੰਘ ਦੇ ਸਨਮਾਨ ਵਿਚ ‘ਮੀਟ ਐਂਡ ਗ੍ਰੀਟ’ ਸਮਾਗਮ ਦਿ ਵਾਈਬਜ਼, ਵੁੱਡਵਿਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਐਡੀਲੇਡ ਦੇ ਵੱਖ-ਵੱਖ ਭਾਰਤੀ ਭਾਈਚਾਰਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।ਸਮਾਗਮ ਦੇ ਆਰੰਭ ਵਿੱਚ ਹਮਸ਼ਿਕਨ ਗਿੱਲ ਵਲੋਂ ਹਾਜ਼ਰ ਮਹਿਮਾਨਾਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜਾਣ-ਪਛਾਣ ਕਰਵਾਈ ਗਈ। ਇਸ ਉਪਰੰਤ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਹਾਈ ਕਮਿਸ਼ਨਰ ਨਾਗੇਸ਼ ਸਿੰਘ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਸੰਸਥਾ ਵਲੋਂ ਭਾਈਚਾਰੇ ਦੀ ਭਲਾਈ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਇਰੀਨਾ ਠਾਕੁਰ, ਸਿਡਨੀ ਵਿਖੇ ਕਾਰਜਕਾਰੀ ਕੌਂਸਲ ਜਨਰਲ ਸ਼੍ਰੀ ਨੀਰਵ ਸੁਤਾਰੀਆ, ਹਾਈ ਕਮਿਸ਼ਨ ਦੀ ਫਸਟ ਸੈਕਟਰੀ (ਪੋਲ) ਪਦਮਾ ਕਾਰੀ ਅਤੇ ਸਾਊਥ ਆਸਟ੍ਰੇਲੀਅਨ ਮਲਟੀਕਲਚਰਲ ਕਮਿਸ਼ਨ ਦੇ ਡਿਪਟੀ ਚੇਅਰ ਅਮਰਜੀਤ ਗਰੇਵਾਲ ਸਮੇਤ ਐਡੀਲੇਡ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਜਾਣ-ਪਛਾਣ ਵੀ ਕਰਵਾਈ ਗਈ ਉਪਰੰਤ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੂੰ ਸਤਿਕਾਰ ਸਹਿਤ ਸਟੇਜ ’ਤੇ ਆਉਣ ਦਾ ਸੱਦਾ ਦਿੱਤਾ ਗਿਆ।ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਭਾਰਤ-ਆਸਟ੍ਰੇਲੀਆ ਸੰਬੰਧਾਂ, ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਸਹਿਯੋਗ ਅਤੇ ਆਸਟ੍ਰੇਲੀਆ ਵੱਸਦੇ ਭਾਰਤੀ ਭਾਈਚਾਰੇ ਦੀ ਅਹਿਮ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਆਸਟ੍ਰੇਲੀਆ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਭਾਈਚਾਰੇ ਵਲੋਂ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ ਹੈ।ਸਮਾਗਮ ਦੌਰਾਨ ਭਾਈਚਾਰੇ ਦੇ ਮੈਂਬਰਾਂ ਵਲੋਂ ਵੱਖ-ਵੱਖ ਮੁੱਦਿਆਂ ਸੰਬੰਧੀ ਹਾਈ ਕਮਿਸ਼ਨਰ ਨੂੰ ਸਵਾਲ ਵੀ ਪੁੱਛੇ ਗਏ। ਹਾਈ ਕਮਿਸ਼ਨਰ ਨੇ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੰਦਿਆਂ ਸੰਬੰਧਿਤ ਮਸਲਿਆਂ ਦੇ ਹੱਲ ਲਈ ਸੰਭਵ ਅਤੇ ਸਰਲ ਢੰਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਰਤੀ ਭਾਈਚਾਰੇ ਨਾਲ ਨਿਰੰਤਰ ਸੰਪਰਕ, ਸਹਿਯੋਗ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।ਇਸ ਮੌਕੇ ਆਈਸਾ ਦੀ ਚੇਅਰਪਰਸਨ ਤਰੀਮਾਣ ਗਿੱਲ ਨੇ ਹਾਈ ਕਮਿਸ਼ਨਰ ਨਾਗੇਸ਼ ਸਿੰਘ ਦਾ ਐਡੀਲੇਡ ਪਹੁੰਚਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਰੂ-ਬ-ਰੂ ਮਿਲਣ ਅਤੇ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਣਾ ਸਮੁੱਚੇ ਭਾਰਤੀ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।ਸਮਾਗਮ ਦੇ ਅੰਤ ਵਿੱਚ ਹਾਜ਼ਰ ਸ਼ਖ਼ਸੀਅਤਾਂ ਨੇ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨਾਲ ਮੁਲਾਕਾਤ ਕਰਕੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਲਗਾਤਾਰ ਮਜ਼ਬੂਤ ਹੋ ਰਹੇ ਦੁਵੱਲੇ ਸੰਬੰਧਾਂ, ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਵਿੱਚ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।