‘ ਆਈਸ ’ ਵਲੋਂ ਪੰਜਾਬੀ ਸਮੇਤ 2,197 ਗ੍ਰਿਫ਼ਤਾਰ
ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਨਿਊਯਾਰਕ ਸੂਬੇ ਵਿਚ ਚਲਾਈ ਵੱਡੀ ਮੁਹਿੰਮ ਦੌਰਾਨ ਇਕ ਪੰਜਾਬੀ ਸਮੇਤ 2,197 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਅਤੇ ਨਿਊਯਾਰਕ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਇਹ ਸਾਰੇ ਵਿਅਕਤੀ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਅਮਰੀਕਾ ਵਿਚ ਰਹਿ ਰਹੇ ਸਨ।
ਪ
ਪਲਵਿੰਦਰ ਸਿੰਘ
03-09-2026
ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਨਿਊਯਾਰਕ ਸੂਬੇ ਵਿਚ ਚਲਾਈ ਵੱਡੀ ਮੁਹਿੰਮ ਦੌਰਾਨ ਇਕ ਪੰਜਾਬੀ ਸਮੇਤ 2,197 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਅਤੇ ਨਿਊਯਾਰਕ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ।ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਇਹ ਸਾਰੇ ਵਿਅਕਤੀ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਅਮਰੀਕਾ ਵਿਚ ਰਹਿ ਰਹੇ ਸਨ। ‘ਆਪਰੇਸ਼ਨ ਰਾਟਨ ਐਪਲ’ ਨਾਂਅ ਦੀ ਇਹ ਮੁਹਿੰਮ 27 ਜੁਲਾਈ ਤੋਂ 29 ਅਗਸਤ ਤੱਕ ਨਿਊਯਾਰਕ ਸਿਟੀ, ਲਾਂਗ ਆਈਲੈਂਡ, ਹਡਸਨ ਵੈਲੀ ਅਤੇ ਸੂਬੇ ਦੇ ਹੋਰ ਇਲਾਕਿਆਂ ਵਿਚ ਚਲਾਈ ਗਈ। ਵਿਭਾਗ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਲੋਕਾਂ ਵਿਚ ਕਤਲ, ਜਬਰ ਜਨਾਹ, ਅਗਵਾ, ਬੱਚਿਆਂ ਨਾਲ ਜਿਨਸੀ ਅਪਰਾਧ, ਹਿੰਸਕ ਹਮਲਿਆਂ, ਚੋਰੀ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਕਈ ਵਿਅਕਤੀ ਸ਼ਾਮਿਲ ਹਨ।ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਭਾਰਤੀ ਨਾਗਰਿਕ ਪਲਵਿੰਦਰ ਸਿੰਘ ਵੀ ਸ਼ਾਮਿਲ ਹੈ। ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਪਲਵਿੰਦਰ ਸਿੰਘ ਦੇ ਅਪਰਾਧਿਕ ਇਤਿਹਾਸ ਵਿਚ ਜਰਮਨੀ ਵਿਚ ਜਬਰ ਜਨਾਹ ਦੇ ਮਾਮਲੇ ਵਿਚ ਹੋਈ ਸਜ਼ਾ ਸ਼ਾਮਿਲ ਹੈ। ਉਹ ਬਿਨਾਂ ਕਾਨੂੰਨੀ ਇਮੀਗ੍ਰੇਸ਼ਨ ਦਰਜੇ ਦੇ ਅਮਰੀਕਾ ਵਿਚ ਰਹਿ ਰਿਹਾ ਸੀ ਅਤੇ ਨਿਊਯਾਰਕ ਵਿਚ ਚਲਾਈ ਗਈ ਇਸ ਮੁਹਿੰਮ ਦੌਰਾਨ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਹੁਣ ਉਸ ਨੂੰ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਅਧੀਨ ਅਗਲੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤੇ ਗਏ 10 ਪ੍ਰਮੁੱਖ ਵਿਅਕਤੀਆਂ ਦੇ ਮਾਮਲੇ ਜਨਤਕ ਕੀਤੇ ਹਨ। ਇਨ੍ਹਾਂ ਵਿਚ ਭਾਰਤ ਤੋਂ ਇਲਾਵਾ ਯੂਕਰੇਨ, ਕੋਲੰਬੀਆ, ਮੈਕਸੀਕੋ, ਵੈਨੇਜ਼ੁਏਲਾ, ਕੰਬੋਡੀਆ, ਡੋਮਿਨਿਕਨ ਰਿਪਬਲਿਕ, ਸਿਏਰਾ ਲਿਓਨ, ਹੌਂਡੂਰਸ ਅਤੇ ਵੀਅਤਨਾਮ ਨਾਲ ਸੰਬੰਧਿਤ ਵਿਅਕਤੀ ਸ਼ਾਮਿਲ ਹਨ। ਅਮਰੀਕੀ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲਿਨ ਨੇ ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਅਤੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਉੱਪਰ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨਿਊਯਾਰਕ ਦੀਆਂ ‘ਸੈਂਕਚੁਅਰੀ’ ਨੀਤੀਆਂ ਅਤੇ 287 (ਜੀ) ਪ੍ਰੋਗਰਾਮ ਅਧੀਨ ਸਥਾਨਕ ਪੁਲਿਸ ਦਾ ‘ਆਈਸ’ ਨਾਲ ਸਹਿਯੋਗ ਸੀਮਤ ਹੋਣ ਕਾਰਨ ਸੰਘੀ ਏਜੰਟਾਂ ਲਈ ਕਾਰਵਾਈ ਕਰਨੀ ਵਧੇਰੇ ਮੁਸ਼ਕਲ ਅਤੇ ਖ਼ਤਰਨਾਕ ਹੋ ਜਾਂਦੀ ਹੈ।ਦੂਜੇ ਪਾਸੇ, ਗਵਰਨਰ ਹੋਕਲ ਨੇ ‘ਆਈਸ’ ਦੀ ਕਾਰਵਾਈ ਉੱਪਰ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਗ੍ਰਿਫ਼ਤਾਰੀਆਂ ਦੀ ਗਿਣਤੀ ਵਧਾਉਣ ਲਈ ਅਪਰਾਧਿਕ ਰਿਕਾਰਡ ਤੋਂ ਰਹਿਤ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਜਾ ਰਿਹਾ ਹੈ।