ਵਦੋਦਰਾ, 28 ਅਕਤੂਬਰ (ਪੀ. ਟੀ. ਆਈ.)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਅਤੇ ਆਖਰੀ ਇਕ ਦਿਨਾ ਮੁਕਾਬਲੇ ’ਚ ਜ਼ਿੰਬਬਾਵੇ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਆਪਣੇ ਨਾਂਅ ਕਰ ਲਈ।ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਜ਼ਿੰਬਾਬਵੇ ਦੀ ਟੀਮ 39.5 ਓਵਰਾਂ ’ਚ 131 ਦੌੜਾਂ ’ਤੇ ਆਲਆਊਟ ਹੋ ਗਈ।ਭਾਰਤ ਦੀ ਉਭਰਦੀ ਫਿਰਕੀ ਗੇਂਦਬਾਜ਼ ਵੈਸ਼ਨਵੀ ਸ਼ਰਮਾ ਨੇ 10 ਓਵਰਾਂ ’ਚ 39 ਦੌੜਾਂ ਦੇ ਕੇ 5 ਵਿਕਟਾਂ ਹਾਸਿਲ ਕੀਤੀਆਂ। ਇਹ ਉਸ ਦਾ ਤੀਜਾ ਇਕ ਦਿਨਾਂ ਮੈਚ ਸੀ। ਇਸ ਤੋਂ ਪਹਿਲਾਂ ਉਸ ਨੇ ਦੂਜੇ ਮੈਚ ’ਚ ਵੀ 4 ਵਿਕਟਾਂ ਹਾਸਿਲ ਕੀਤੀਆਂ ਸਨ। ਵੈਸ਼ਨਵੀ ਦੀ ਫਿਰਕੀ ਦੇ ਸਾਹਮਣੇ ਜ਼ਿੰਬਾਬਵੇ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਉਸ ਨੇ ਆਪਣੀਆਂ ਗੇਂਦਾਂ ਦੀ ਗਤੀ ਅਤੇ ‘ਫਲਾਈਟ’ ਨਾਲ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ।ਵੈਸ਼ਨਵੀ ਨੂੰ ‘ਪਲੇਅਰ ਆਫ਼ ਦੀ ਮੈਚ’ ਐਲਾਨਿਆ ਗਿਆ। ਜ਼ਿੰਬਾਬਵੇ ਵਲੋਂ ਮੋਟੇਸਟਰ ਮੁਪਾਚਿਕਵਾ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 17 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਆਸਾਨੀ ਨਾਲ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ। ਭਾਰਤ ਦੀ ਸਲਾਮੀ ਬੱਲੇਬਾਜ਼ ਪ੍ਰਤੀਕਾ ਰਾਵਲ ਨੇ ਅਜੇਤੂ ਅਰਧ ਸੈਂਕੜਾ ਲਗਾ ਕੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ 56 ਗੇਂਦਾਂ ’ਤੇ ਸ਼ਾਨਦਾਰ 59 ਦੌੜਾਂ (ਚੌਕੇ: 4, ਛੱਕੇ: 3) ਬਣਾਈਆਂ। ਲੜੀ ਦੌਰਾਨ ਇਕ ਸੈਂਕੜੇ ਸਮੇਤ 220 ਦੌੜਾਂ ਬਣਾਉਣ ਵਾਲੀ ਪ੍ਰਤੀਕਾ ਨੂੰ ‘ਪਲੇਅਰ ਆਫ਼ ਦੀ ਸੀਰੀਜ਼’ ਐਲਾਨਿਆ ਗਿਆ।