ਦੁਬਈ, 1 ਅਕਤੂਬਰ (ਪੀ. ਟੀ. ਆਈ.)-ਪੁਰਸ਼ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਦਾ 14ਵਾਂ ਸੀਜ਼ਨ 2 ਅਕਤੂਬਰ ਤੋਂ 21 ਨਵੰਬਰ 2027 ਤੱਕ ਖੇਡਿਆ ਜਾਵੇਗਾ, ਜਿਸ ਵਿਚ 12 ਸਥਾਨਾਂ ’ਤੇ ਕੁੱਲ 57 ਮੈਚ ਹੋਣਗੇ। ਇਹ ਟੂਰਨਾਮੈਂਟ 2003 ਤੋਂ ਬਾਅਦ ਪਹਿਲੀ ਵਾਰ ਅਫਰੀਕਾ ਵਿਚ ਹੋ ਰਿਹਾ ਹੈ। ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਭਾਰਤ ਆਪਣੇ ਮੁਹਿੰਮ ਦੀ ਸ਼ੁਰੂਆਤ 7 ਅਕਤੂਬਰ ਨੂੰ ਕੇਪ ਟਾਊਨ ਵਿਚ ਆਸਟ੍ਰੇਲੀਆ ਵਿਰੁੱਧ ਕਰੇਗੀ, ਜਦੋਂਕਿ 10 ਅਕਤੂਬਰ ਨੂੰ ਜੋਹਾਨਸਬਰਗ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖ਼ਿਲਾਫ਼ ਮੈਦਾਨ ’ਚ ਉਤਰੇਗੀ। ਇਸ ਟੂਰਨਾਮੈਂਟ ਵਿਚ ਇਕ ਨਵੇਂ ਢਾਂਚੇ (ਫਾਰਮੈਟ) ਦੀ ਵਰਤੋਂ ਕੀਤੀ ਜਾਵੇਗੀ, ਜਿਸ ਤਹਿਤ ਮੁਕਾਬਲਾ ‘ਸੁਪਰ ਸੀਰੀਜ਼’, 12-ਟੀਮਾਂ ਵਾਲੇ ਗਰੁੱਪ ਪੜਾਅ ਅਤੇ ‘ਸੁਪਰ 7’ ਪੜਾਅ ਵਿਚੋਂ ਲੰਘਦੇ ਹੋਏ ਸੈਮੀਫਾਈਨਲ ਅਤੇ ਫਾਈਨਲ ਤੱਕ ਪਹੁੰਚੇਗਾ।ਵਿਸ਼ਵ ਕੱਪ ਦੇ ਦੋਵੇਂ ਸੈਮੀਫਾਈਨਲ ਮੈਚ ਕ੍ਰਮਵਾਰ 17 ਅਤੇ 18 ਨਵੰਬਰ ਨੂੰ ਕੇਪਟਾਊਨ ਅਤੇ ਸੈਂਚੁਰੀਅਨ ਵਿਚ ਖੇਡੇ ਜਾਣਗੇ, ਜਦਕਿ ਫਾਈਨਲ ਮੈਚ 21 ਨਵੰਬਰ ਨੂੰ ਹੋਵੇਗਾ।