ਨਾਗੋਆ, 26 ਸਤੰਬਰ (ਪੀ. ਟੀ. ਆਈ.)-ਭਾਰਤ ਦੀ ਪ੍ਰਾਚੀ ਚੌਧਰੀ (29) ਨੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ 400 ਮੀਟਰ ਦੌੜ ਦੇ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਪ੍ਰਾਚੀ ਨੇ 53.21 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਹਾਰਨਪੁਰ (ਉੱਤਰ ਪ੍ਰਦੇਸ਼) ਦੀ ਵਾਸੀ ਪ੍ਰਾਚੀ ਨੇ ਤਗਮਾ ਜਿੱਤਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਹ ਆਪਣਾ ਧਿਆਨ 4 x 400 ਮੀਟਰ ਰਿਲੇਅ ਦੌੜ ‘ਤੇ ਕੇਂਦਰਿਤ ਕਰ ਰਹੀ ਹੈ। ਪ੍ਰਾਚੀ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਖਾਸ ਤਗਮਾ ਹੈ, ਕਿਉਂਕਿ ਲੋਕ ਮੈਨੂੰ ਲਗਾਤਾਰ ਕਹਿੰਦੇ ਰਹਿੰਦੇ ਸਨ ਕਿ ਮੈਂ ਸਿਰਫ਼ ਰਿਲੇਅ ਦੌੜਾਂ ਵਿਚ ਹੀ ਤਗਮੇ ਜਿੱਤ ਸਕਦੀ ਹਾਂ। ਅੱਜ ਮੈਂ ਸਾਬਤ ਕਰ ਦਿੱਤਾ ਹੈ ਕਿ ਮੈਂ ਵਿਅਕਤੀਗਤ 400 ਮੀਟਰ ਦੌੜ ਵਿਚ ਵੀ ਤਗਮਾ ਜਿੱਤ ਸਕਦੀ ਹਾਂ ਅਤੇ ਉਹ ਵੀ ਏਸ਼ਿਆਈ ਖੇਡਾਂ ਵਿਚ। ਬਹਿਰੀਨ ਦੀ ਸਲਵਾ ਨਾਸਰ ਨੇ 49.20 ਸਕਿੰਟ ਦੇ ਖੇਡ ਰਿਕਾਰਡ ਨਾਲ ਸੋਨੇ ਦਾ ਤਗਮਾ ਜਿੱਤਿਆ, ਜਦਕਿ ਚਾਂਦੀ ਦਾ ਤਗਮਾ ਈਰਾਨ ਦੀ ਜ਼ਹਰਾ ਜ਼ਰੇਈ ਮਨੋਜਨ ਨੇ ਜਿੱਤਿਆ, ਜਿਸ ਨੇ 52.38 ਸਕਿੰਟ ਦਾ ਸਮਾਂ ਲਿਆ। ਇਸ ਮੁਕਾਬਲੇ ਵਿਚ ਸ਼ਾਮਿਲ ਦੂਜੀ ਭਾਰਤੀ ਅਥਲੀਟ ਕਿਰਨ ਪਾਹਲ 53.41 ਸਕਿੰਟ ਦੇ ਸਮੇਂ ਨਾਲ 5ਵੇਂ ਸਥਾਨ ‘ਤੇ ਰਹੀ।