ਫ਼ਿਲਮ 'ਸਲਾਮ ਵੈਂਕੀ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅਨੀਤ ਪੱਡਾ ਪਿਛਲੇ ਸਾਲ ਅਹਾਨ ਪਾਡੇ ਦੇ ਨਾਲ ਫ਼ਿਲਮ 'ਸੈਯਾਰਾ' ਵਿਚ ਨਜ਼ਰ ਆਈ ਸੀ | ਇਸ ਫ਼ਿਲਮ ਨੇ ਟਿਕਟ ਖਿੜਕੀ 'ਤੇ ਕਈ ਵੱਡੇ ਰਿਕਾਰਡ ਬਣਾਏ ਸਨ |
ਖ਼ਬਰ ਆ ਰਹੀ ਹੈ ਕਿ 'ਸੈਯਾਰਾ' ਤੋਂ ਬਾਅਦ ਅਦਾਕਾਰਾ ਅਨੀਤ ਪੱਡਾ ਅਤੇ ਅਹਾਨ ਪਾਡੇ ਇਕ ਵਾਰ ਫਿਰ ਇਕੱਠੇ ਪਰਦਾ ਸਾਂਝਾ ਕਰਦੇ ਨਜ਼ਰ ਆਉਣ ਵਾਲੇ ਹਨ |
ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਫ਼ਿਲਮ 'ਸੈਯਾਰਾ' ਨੂੰ ਨਿਰਦੇਸ਼ਤ ਕਰਨ ਵਾਲੇ ਮੋਹਿਤ ਸੂਰੀ ਇਕ ਵਾਰ ਫਿਰ ਇਸ ਜੋੜੀ 'ਤੇ ਆਪਣਾ ਅਗਲਾ ਦਾਅ ਖੇਡਣ ਜਾ ਰਹੇ ਹਨ | ਖ਼ਾਸ ਗੱਲ ਹੈ ਕਿ ਯਸ਼ਰਾਜ ਫ਼ਿਲਮਜ਼ ਵਲੋਂ ਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ |
ਜੇਕਰ ਖ਼ਬਰਾਂ ਦੇਖੀਏ ਤਾਂ ਮੋਹਿਤ ਸੂਰੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਸ਼ੁਰੂ ਹੋ ਸਕਦੀ ਹੈ | ਨਿਰਮਾਤਾ ਨੇ ਫਿਲਹਾਲ ਫ਼ਿਲਮ ਦੀ ਕਹਾਣੀ ਬਾਰੇ ਨਹੀਂ ਦੱਸਿਆ ਪਰ ਫ਼ਿਲਮ ਦਾ ਨਾਂਅ 'ਸਤਰੰਗਾ' ਹੋ ਸਕਦਾ ਹੈ |
'ਸੈਯਾਰਾ' ਦੀ ਸਫਲਤਾ ਤੋਂ ਬਾਅਦ ਫਿਲਹਾਲ ਅਨੀਤ ਪੱਡਾ ਮੈਡਾਕ ਫ਼ਿਲਮਜ਼ ਦੀ ਆਦਿੱਤਿਆ ਸਰਪੋਤਦਾਰ ਵਲੋਂ ਨਿਰਦੇਸ਼ਤ ਕੀਤੀ ਗਈ ਲੰਮੀ ਉਡੀਕ ਵਾਲੀ ਆਉਣ ਵਾਲੀ ਡਰਾਉਣੀ, ਕਾਮੇਡੀ ਫ਼ਿਲਮ 'ਸ਼ਕਤੀ ਸ਼ਾਲਿਨੀ' ਵਿਚ ਰੁੱਝੀ ਹੋਈ ਹੈ ਜੋ ਪੋਸਟ ਪ੍ਰੋਡਕਸ਼ਨ ਦੌਰ ਵਿਚ ਹੈ |
ਹਾਲ ਹੀ ਵਿਚ ਅਨੀਤ ਜੀਓ ਹਾਟ ਸਟਾਰ 'ਤੇ ਆਨ ਸਟ੍ਰੀਮ ਹੋਈ ਪਿ੍ਅੰਕਾ ਚੋਪੜਾ ਜੋਨਜ਼ ਵਲੋਂ ਬਣਾਈ ਕਰਨ ਡੀ ਕਪਾੜੀਆ ਵਲੋਂ ਨਿਰਦੇਸ਼ਿਤ ਕੀਤੀ ਗਈ ਵੈੱਬ ਸੀਰੀਜ਼ 'ਹੁੰਕਾਰ : ਦ ਰੋਰ' ਵਿਚ ਮੀਨੂ ਰਾਵਤ ਦੇ ਕਿਰਦਾਰ ਵਿਚ ਨਜ਼ਰ ਆਈ | ਸਿਰੀਜ਼ ਵਿਚ ਉਸ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ |