![]()
ਕਾਮੇਡੀ ਫ਼ਿਲਮ 'ਧਮਾਲ-4' ਨੂੰ ਦਰਸ਼ਕਾਂ ਤੋਂ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਹਾਲ ਹੀ ਵਿਚ ਅਜੈ ਦੇਵਗਨ ਦੀ ਫ਼ਿਲਮ 'ਚੌਹਾਨ' ਦਾ ਐਲਾਨ ਹੋਇਆ ਹੈ ਪਰ ਫ਼ਿਲਮ ਦਾ ਟੀਜ਼ਰ ਜਾਰੀ ਹੋਣ ਤੋਂ ਬਾਅਦ ਫ਼ਿਲਮ ਵਿਵਾਦਾਂ ਵਿਚ ਘਿਰ ਗਈ ਹੈ | ਦੇਸ਼ ਦੇ ਚੌਹਾਨ ਭਾਈਚਾਰੇ ਅਤੇ ਕਸ਼ਤਰੀ ਪਰਿਸ਼ਦ ਨੇ ਫ਼ਿਲਮ ਵਿਰੁੱਧ ਆਵਾਜ਼ ਉਠਾਉਂਦੇ ਹੋਏ ਮੋਰਚਾ ਖੋਲ੍ਹ ਦਿੱਤਾ ਹੈ | ਟੀਜ਼ਰ ਦੇ ਸ਼ੁਰੂਆਤ ਵਿਚ ਐਕਟਰ ਜ਼ੀਸ਼ਾਨ ਅਯੂਬ ਦੀ ਆਵਾਜ਼ ਵਿਚ ਜੋ ਲਾਈਨ ਹੈ, ਉਥੇ ਇਸ ਦੇ ਵਿਵਾਦ ਦੀ ਅਸਲ ਵਜ੍ਹਾ ਬਣੀ | ਜ਼ੀਸ਼ਾਨ ਅਯੂਬ ਨੇ 'ਚੌਹਾਨ' ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਟੀਜ਼ਰ ਵਿਚ ਉਸ ਦੀ ਆਵਾਜ਼ ਦੀ ਵਰਤੋਂ ਉਸ ਦੀ ਜਾਣਕਾਰੀ ਤੋਂ ਬਿਨਾਂ ਕੀਤੀ ਗਈ ਹੈ | ਇਸ ਬਾਰੇ ਉਸ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਦਰਅਸਲ ਕੁਝ ਮਹੀਨੇ ਪਹਿਲਾਂ ਜਦੋਂ ਉਸ ਨੂੰ ਬਿਨਾਂ ਕਿਸੇ ਸੰਦਰਭ ਦੇ ਇਕ ਲਾਈਨ ਡੱਬ ਕਰਨ ਲਈ ਕਿਹਾ ਗਿਆ, ਉਦੋਂ ਨੇਕ ਇਰਾਦੇ ਨਾਲ ਉਸ ਨੇ ਉਹ ਲਾਈਨ ਰਿਕਾਰਡ ਕਰਾ ਦਿੱਤੀ ਸੀ | ਪਰ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਜਦੋਂ ਉਸ ਨੇ ਦੇਖਿਆ ਕਿ ਉਸ ਦੀ ਆਵਾਜ਼ ਨੂੰ ਬਿਲਕੁਲ ਗ਼ਲਤ ਸੰਦਰਭ ਵਿਚ ਵਰਤਿਆ ਗਿਆ ਹੈ, ਤਾਂ ਉਦੋਂ ਉਸ ਨੇ ਨਿਰਮਾਤਾ ਨਾਲ ਸੰਪਰਕ ਕਰਕੇ ਟੀਜ਼ਰ ਤੋਂ ਉਸ ਦੀ ਆਵਾਜ਼ ਹਟਾਉਣ ਨੂੰ ਕਿਹਾ | 28 ਅਕਤੂਬਰ, 1984 ਨੂੰ ਦਿੱਲੀ ਦੇ ਓਖਲਾ ਵਿਚ ਪੈਦਾ ਹੋਏ ਜ਼ੀਸ਼ਾਨ ਅਯੂਬ ਇਕ ਬੇਹੱਦ ਹੁਨਰਮੰਦ ਅਤੇ ਮੰਝੇ ਹੋਏ ਅਭਿਨੇਤਾ ਹਨ | ਉਹ ਮੁੱਖ ਰੂਪ ਵਿਚ ਆਪਣੀਆਂ ਦਮਦਾਰ ਸਹਾਇਕ ਭੂਮਿਕਾਵਾਂ ਵਿਚ ਜਾਨ ਫੂਕ ਦੇਣ ਲਈ ਜਾਣੇ ਜਾਂਦੇ ਹਨ | ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਜ਼ੀਸ਼ਾਨ ਨੇ ਸਾਲ 2008 ਵਿਚ ਦੂਰਦਰਸ਼ਨ ਦੇ ਹਰਮਨਪਿਆਰੇ ਲੜੀਵਾਰ 'ਕਿਉਂਕਿ... ਜੀਨਾ ਇਸੀ ਕਾ ਨਾਮ ਹੈ' ਵਿਚ ਕੰਮ ਕੀਤਾ ਸੀ | ਸਾਲ 2011 ਵਿਚ ਜ਼ੀਸ਼ਾਨ ਨੇ ਰਾਜ ਕੁਮਾਰ ਗੁਪਤਾ ਦੀ ਫ਼ਿਲਮ 'ਨੋ ਵਨ ਕਿਲਡ ਜੈਸਿਕਾ' ਵਿਚ ਮੁੱਖ ਖਲਨਾਇਕ ਮਨੂ ਸ਼ਰਮਾ ਦਾ ਕਿਰਦਾਰ ਨਿਭਾਉਂਦੇ ਹੋਏ ਫ਼ਿਲਮਾਂ ਵਿਚ ਕਦਮ ਰੱਖਿਆ ਸੀ | ਇਸ ਪ੍ਰਦਰਸ਼ਨ ਲਈ ਉਸ ਨੂੰ ਫ਼ਿਲਮ ਫੇਅਰ ਬੈਸਟ ਮੇਲ ਡੈਬਿਊ ਲਈ ਨਾਮਜ਼ਦ ਵੀ ਕੀਤਾ ਗਿਆ ਸੀ | ਉਸ ਤੋਂ ਬਾਅਦ ਉਸ ਨੇ 'ਮੇਰੇ ਬ੍ਰਦਰ ਕੀ ਦੁਲਹਨ', 'ਸ਼ਾਹਿਦ', 'ਰਾਂਝਣਾ', 'ਤਨੂ ਵੈੱਡਸ ਮਨੂ ਰਿਟਰਨਜ਼', 'ਰਾਈਸ', 'ਟਿਊਬਲਾਈਟ', 'ਆਰਟੀਕਲ-15', 'ਮਿਸ਼ਨ ਮੰਗਲ', 'ਛਲਾਂਗ' ਅਤੇ 'ਸੈਮ ਬਹਾਦੁਰੀ' ਵਰਗੀਆਂ ਫ਼ਿਲਮਾਂ ਵਿਚ ਆਪਣੀ ਐਕਟਿੰਗ ਦੇ ਹੁਨਰ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ |