ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ | ਪਿਛਲੇ ਹਫ਼ਤੇ ਦਿੱਲੀ ਦੇ ਬਾਰਾਖੰਭਾ ਰੋਡ ਤੋਂ ਸੁਪਰੀਮ ਕੋਰਟ ਤੱਕ ਵਿਰੋਧੀ ਧਿਰ ਦੇ ਮਾਰਚ ਨੇ ਰਾਹੁਲ ਗਾਂਧੀ ਨੂੰ ਇਕ ਨਵੇਂ ਨੇਤਾ ਵਜੋਂ ਸਥਾਪਿਤ ਕਰ ਦਿੱਤਾ ਹੈ | ਕਈ ਲੋਕਾਂ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਲਈ ਇੰਨੀ ਵੱਡੀ ਭੀੜ ਇਕੱਠੀ ਹੋਈ ਹੈ | ਇਸ ਭੀੜ ਨੇ ਸਾਬਤ ਕਰ ਦਿੱਤਾ ਹੈ ਕਿ ਵੋਟ ਚੋਰੀ ਦੇ ਮੁੱਦੇ 'ਤੇ ਲੋਕਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਵਿਚ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਹੈ | ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਂਗਰਸ ਦੇ ਅੰਦਰ ਤੇ ਬਾਹਰ ਰਾਹੁਲ ਨੂੰ ਲੈ ਕੇ ਬੇਭਰੋਸਗੀ ਵੀ ਹੁਣ ਖਤਮ ਹੋ ਗਈ ਹੈ, ਪਹਿਲਾਂ ਕਿਹਾ ਜਾਂਦਾ ਸੀ ਕਿ ਰਾਹੁਲ ਕਾਂਗਰਸ ਦੇ ਇਸ ਲਈ ਨੇਤਾ ਹਨ, ਕਿਉਂਕਿ ਉਹ ਨਹਿਰੂ-ਗਾਂਧੀ ਪਰਿਵਾਰ ਨਾਲ ਸੰਬੰਧਿਤ ਹਨ | ਰਾਹੁਲ ਦੀ ਕਾਮਯਾਬੀ ਦੀ ਇਹ ਯਾਤਰਾ ਆਸਾਨ ਨਹੀਂ ਸੀ, ਕਿਉਂਕਿ ਮੋਦੀ ਸਰਕਾਰ ਤੇ ਪੂਰੇ ਸੰਘ ਪਰਿਵਾਰ ਨੇ ਰਾਹੁਲ ਨੂੰ 'ਪੱਪੂੂ' ਦਰਸਾਉਣ 'ਚ ਕੋਈ ਕਸਰ ਨਹੀਂ ਸੀ ਛੱਡੀ |

ਮੁੱਖ ਧਾਰਾ ਦੇ ਮੀਡੀਆ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਸੱਚਮੁੱਚ ਨਾਕਾਬਲ ਹੈ | ਮੀਡੀਆ ਇਹ ਕੰਮ ਸਰਕਾਰ ਦੇ ਇਸ਼ਾਰੇ 'ਤੇ ਹੀ ਕਰ ਰਿਹਾ ਹੈ | ਰਾਹੁਲ ਗਾਂਧੀ ਵੀ ਇਸ ਤੋਂ ਜਾਣੂ ਸਨ, ਉਨ੍ਹਾਂ ਆਪਣੀ 'ਭਾਰਤ ਜੋੜੋ ਯਾਤਰਾ' ਦੌਰਾਨ ਕਿਹਾ ਸੀ ਕਿ ਉਸ ਦੇ ਅਕਸ ਨੂੰ ਖਰਾਬ ਕਰਨ ਲਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ | ਅਜਿਹੇ ਹਾਲਾਤ ਵਿਚ ਰਾਹੁਲ ਦਾ ਭਾਰਤੀ ਰਾਜਨੀਤੀ ਵਿਚ ਉਭਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ | ਭਾਰਤੀ ਰਾਜਨੀਤੀ ਵਿਚ ਕਿਸੇ ਵੀ ਹੋਰ ਨੇਤਾ ਨੂੰ ਰਾਹੁਲ ਜਿੰੰਨੀ ਸਖ਼ਤ ਪ੍ਰੀਖਿਆ 'ਚੋਂ ਨਹੀਂ ਲੰਘਣਾ ਪਿਆ, ਜੇਕਰ ਕੋਈ ਹੋਰ ਨੇਤਾ ਹੁੰਦਾ ਤਾਂ ਸ਼ਾਇਦ ਮੈਦਾਨ ਛੱਡ ਕੇ ਭੱਜ ਜਾਂਦਾ ਪਰ ਰਾਹੁਲ ਡਟੇ ਰਹੇ | ਪ੍ਰਚਾਰ ਰਾਹੀਂ ਲੋਕਾਂ ਵਿਚ ਰਾਹੁਲ ਪ੍ਰਤੀ ਅਜਿਹਾ ਅਵਿਸ਼ਵਾਸ ਪੈਦਾ ਕੀਤਾ ਗਿਆ ਕਿ ਕਈ ਕਾਂਗਰਸੀ ਨੇਤਾ ਵੀ ਪਿੱਠ ਪਿੱਛੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹੇ | ਜਾਣਕਾਰਾਂ ਅਨੁਸਾਰ ਰਾਹੁਲ ਨੂੰ ਪੱਪੂ ਦਰਸਾਉਣ ਦਾ ਕੰਮ ਪਹਿਲਾਂ ਕਾਂਗਰਸੀਆਂ ਨੇ ਹੀ ਸ਼ੁਰੂ ਕੀਤਾ ਸੀ, ਜਿਸ ਨੂੰ ਬਾਅਦ 'ਚ ਭਾਜਪਾ ਨੇ ਲਪਕ ਲਿਆ ਸੀ |
2019 ਦੀਆਂ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਵਜੋਂ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਕਿਹਾ ਸੀ, ਕਿ ਉਹ ਤਾਂ ਇਕੱਲੇ ਹੀ ਸੱਤਾ ਨਾਲ ਲੜ ਰਹੇ ਸਨ | ਮਤਲਬ ਸਪੱਸ਼ਟ ਹੈ ਕਿ ਸੀਨੀਅਰ ਕਾਂਗਰਸ ਆਗੂ ਉਨ੍ਹਾਂ ਦੇ ਨਾਲ ਨਹੀਂ ਸਨ ਤੇ ਹੁਣ ਜਦੋਂ ਰਾਹੁਲ ਤੇ ਪਿ੍ਯੰਕਾ ਗਾਂਧੀ ਸੜਕਾਂ 'ਤੇ ਲੜਦੇ ਦਿਖਾਈ ਦੇ ਰਹੇ ਹਨ ਤਾਂ ਵੀ ਉਕਤ ਆਗੂ ਗਾਇਬ ਹਨ | ਰਾਹੁਲ ਦੀ ਅਗਵਾਈ ਹੇਠ ਇਕ ਨਵੀਂ ਕਾਂਗਰਸ ਉੱਭਰ ਰਹੀ ਹੈ, ਜੋ ਏਅਰ-ਕੰਡੀਸ਼ਨਡ ਕਮਰਿਆਂ 'ਚ ਬੈਠ ਕੇ ਰਾਜਨੀਤੀ ਕਰਨ ਦੀ ਬਜਾਏ ਸੜਕਾਂ 'ਤੇ ਉਤਰ ਕੇ ਮੁੱਦੇ ਉਠਾ ਰਹੀ ਹੈ | ਦਰਅਸਲ ਹਰ ਨੇਤਾ ਨੂੰ ਆਪਣੀ ਪਾਰਟੀ ਨੂੰ ਆਪਣੀ ਪਸੰਦ ਅਨੁਸਾਰ ਢਾਲਣਾ ਪੈਂਦਾ ਹੈ | ਜਿਵੇਂ ਮੋਦੀ ਦੇ ਭਾਜਪਾ ਦੀ ਅਗਵਾਈ ਸੰਭਾਲਣ ਤੋਂ ਬਾਅਦ ਮੋਦੀ ਦੇ ਰੰਗ 'ਚ ਰੰਗੀ ਇਕ ਨਵੀਂ ਭਾਜਪਾ ਦਾ ਜਨਮ ਹੋਇਆ ਹੈ, ਜਿਸ ਨੂੰ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਂਦਿਆਂ ਕਿਸੇ ਵੀ ਪਾਰਟੀ ਨੂੰ ਤੋੜਨ ਜਾਂ ਕਿਸੇ ਨੂੰ ਵੀ ਜੇਲ੍ਹ ਭੇਜਣ ਤੋਂ ਕੋਈ ਸੰਕੋਚ ਨਹੀਂ ਹੈ | ਭਾਜਪਾ ਆਗੂਆਂ ਨੂੰ ਪਾਸੇ ਕਰਦਿਆਂ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਆਏ ਆਗੂਆਂ, ਜਿਨ੍ਹਾਂ ਨੇ ਮੋਦੀ ਦੀ ਅਗਵਾਈ ਨੂੰ ਅੱਖਾਂ ਮੀਚ ਕੇ ਸਵੀਕਾਰ ਕੀਤਾ, ਉਨ੍ਹਾਂ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਗਿਆ | ਹੁਣ ਰਾਹੁਲ ਗਾਂਧੀ ਨੇ ਕਥਿਤ ਸੀਨੀਅਰ ਕਾਂਗਰਸੀ ਆਗੂਆਂ ਨੂੰ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਪਸੰਦ ਵਾਲੀ ਕਾਂਗਰਸ ਸਾਹਮਣੇ ਦਿਖਾਈ ਦੇ ਰਹੀ ਹੈ | ਇਹ ਕਾਂਗਰਸ ਰਾਹੁਲ ਗਾਂਧੀ ਵਾਂਗ ਹਮਲਾਵਰ ਹੈ ਤੇ ਮਿੱਠੀਆਂ ਗੱਲਾਂ ਕਰਨ ਦੀ ਬਜਾਏ ਮੋਦੀ ਨੂੰ ਉਸ ਦੀ ਭਾਸ਼ਾ 'ਚ ਹੀ ਜਵਾਬ ਦਿੰਦੀ ਹੈ | ਜਦੋਂ ਰਾਹੁਲ ਦੀ ਅਗਵਾਈ 'ਚ ਸੁਪਰੀਮ ਕੋਰਟ ਵੱਲ ਮਾਰਚ ਕੀਤਾ ਗਿਆ ਤਾਂ ਅਖ਼ਬਾਰਾਂ 'ਚ ਖ਼ਬਰ ਛਪੀ ਕਿ ਸੰਵਿਧਾਨਕ ਸੰਸਥਾਵਾਂ 'ਤੇ ਅਜਿਹੇ ਹਮਲੇ ਕਰਨੇ ਕਾਂਗਰਸ ਦਾ ਸੱਭਿਆਚਾਰ ਨਹੀਂ ਹੈ | ਇਹ ਹਾਸ਼ੀਏ 'ਤੇ ਧੱਕੇ ਗਏ ਕਾਂਗਰਸੀਆਂ ਦਾ ਰੋਣਾ ਹੈ, ਜੋ ਸੜਕਾਂ 'ਤੇ ਉਤਰ ਕੇ ਲਾਠੀਆਂ ਨਹੀਂ ਖਾਣਾ ਚਾਹੁੰਦੇ | ਅਜਿਹੇ ਸੱਤਾ ਦੇ ਭੁੱਖੇ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਉਹ ਭਾਜਪਾ 'ਚ ਜਾਂ ਕਾਂਗਰਸ 'ਚ ਹਨ, ਉਨ੍ਹਾਂ ਦੀ ਝਾਕ ਸਿਰਫ਼ ਸਰਕਾਰ ਤੋਂ ਮਿਲਣ ਵਾਲੇ ਲਾਭਾਂ 'ਤੇ ਕੇਂਦਿ੍ਤ ਰਹੀ ਹੈ |
ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਨਾਲ ਪਾਰਟੀ ਦਾ ਨਵਾਂ ਸਫ਼ਰ ਸ਼ੁਰੂ ਹੋਇਆ ਹੈ | ਸੀਨੀਅਰ ਕਾਂਗਰਸੀ ਆਗੂ ਤਾਂ ਭੁੱਲ ਹੀ ਗਏ ਸਨ ਕਿ ਜਿਸ ਸਥਿਤੀ 'ਚ ਕਾਂਗਰਸ ਪਹੁੰਚ ਗਈ ਸੀ, ਉਸ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਤੇ ਕਾਂਗਰਸ ਦੇ ਵਜੂਦ 'ਤੇ ਹੀ ਸਵਾਲ ਉਠਾਏ ਜਾ ਰਹੇ ਸਨ | 'ਆਪ' ਨੂੰ ਕਾਂਗਰਸ ਦੇ ਇਕ ਰਾਸ਼ਟਰੀ ਬਦਲ ਵਜੋਂ ਦੇਖਿਆ ਜਾ ਰਿਹਾ ਸੀ ਤੇ ਅਰਵਿੰਦ ਕੇਜਰੀਵਾਲ ਨੂੰ ਮੋਦੀ ਨੂੰ ਚੁਣੌਤੀ ਦੇਣ ਵਾਲਾ ਮੰਨਿਆ ਜਾਣ ਲੱਗਾ ਸੀ ਤੇ ਰਾਹੁਲ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਸੀ | ਇਹ ਰਾਹੁਲ ਦਾ ਸਭ ਤੋਂ ਭੈੜਾ ਸਮਾਂ ਸੀ, ਕਿਉਂਕਿ ਪਾਰਟੀ ਸਿਰਫ਼ ਲਗਾਤਾਰ ਹਾਰ ਹੀ ਨਹੀਂ ਰਹੀ ਸੀ, ਸਗੋਂ ਇਕ-ਇਕ ਕਰਕੇ ਪਾਰਟੀ ਦੇ ਵੱਡੇ ਤੇ ਛੋਟੇ ਆਗੂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੁੰਦੇ ਜਾ ਰਹੇ ਸਨ | ਰਾਹੁਲ ਸਮਝ ਚੁੱਕੇ ਹਨ ਕਿ ਹੁਣ ਪੁਰਾਣੇ ਤੇ ਥੱਕੇ ਕਾਂਗਰਸੀਆਂ ਸਹਾਰੇ ਜੰਗ ਨਹੀਂ ਜਿੱਤੀ ਜਾ ਸਕਦੀ | ਉਹ ਦੋ ਸਿੱਟਿਆਂ 'ਤੇ ਪਹੁੰਚੇ-ਪਹਿਲਾ ਉਨ੍ਹਾਂ ਦਾ ਸਾਹਮਣਾ ਇਕ ਅਜਿਹੀ ਪਾਰਟੀ ਨਾਲ ਹੈ ਜੋ ਨਾ ਵਿਚਾਰਧਾਰਕ ਹੈ ਤਾਂ ਨਾ ਹੀ ਦੂਜੀਆਂ ਸਿਆਸੀ ਪਾਰਟੀਆਂ ਵਰਗੀ ਹੈ | ਜੇਕਰ ਮੋਦੀ ਨੂੰ ਹਰਾਉਣਾ ਹੈ ਤਾਂ ਹਿੰਦੂਤਵ, ਭਾਜਪਾ ਦੇ ਮੂਲ ਸੰਗਠਨ ਆਰ.ਐਸ.ਐਸ. ਅਤੇ ਮੋਹਨ ਭਾਗਵਤ ਦੇ ਅਕਸ ਨੂੰ ਤਬਾਹ ਕਰਨਾ ਪਵੇਗਾ | ਦੂਜਾ ਕਾਂਗਰਸ ਨੂੰ ਬਦਲਣਾ ਪਵੇਗਾ | ਲੋਕਾਂ ਨੂੰ ਆਪਣੇ ਨਾਲ ਜੋੜ ਕੇ ਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ ਤੇ ਇਸ ਦੀ ਸ਼ੁਰੂਆਤ ਭਾਰਤ ਜੋੜੋ ਯਾਤਰਾ ਨਾਲ ਹੋ ਚੁੱਕੀ ਹੈ | ਪਹਿਲੀ ਵਾਰ ਲੋਕਾਂ ਨੇ ਮਹਿਸੂਸ ਕੀਤਾ ਕਿ ਰਾਹੁਲ ਇਕ ਗੰਭੀਰ ਨੇਤਾ ਹਨ, ਉਨ੍ਹਾਂ ਦੇ ਕੱਟੜ ਆਲੋਚਕਾਂ ਨੇ ਵੀ ਉਸ ਦੀ ਪ੍ਰਸੰਸਾ ਕਰਦਿਆਂ ਰਾਹੁਲ ਨੂੰ ਇਕ ਨਵੇਂ ਦਿ੍ਸ਼ਟੀਕੋਣ ਤੋਂ ਦੇਖਣਾ ਸ਼ੁਰੂ ਕੀਤਾ ਹੈ |
ਰਾਹੁਲ ਦੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਨੇ ਉਸ ਲਈ ਸੰਜੀਵਨੀ ਦਾ ਕੰਮ ਕੀਤਾ ਤੇ ਉਨ੍ਹਾਂ ਨੇ ਜਾਤੀ ਜਨਗਣਨਾ ਤੇ ਸੰਵਿਧਾਨ ਬਚਾਉਣ ਦੇ ਮੁੱਦੇ ਉਠਾਏ | 2024 ਦੀਆਂ ਚੋਣਾਂ 'ਚ ਭਾਜਪਾ ਆਗੂਆਂ ਦੇ 400 ਸੀਟਾਂ ਜਿੱਤਣ 'ਤੇ ਸੰਵਿਧਾਨ ਨੂੰ ਬਦਲ ਦੇਣ ਦੇ ਬਿਆਨਾਂ ਨੂੰ ਰਾਹੁਲ ਨੇ ਇੰਨੇ ਹਮਲਾਵਰ ਢੰਗ ਨਾਲ ਉਭਾਰਿਆ ਕਿ ਬਾਬਾ ਸਾਹਿਬ ਅੰਬੇਡਕਰ ਦਾ ਮਜ਼ਾਕ ਉਡਾਉਣ ਵਾਲੇ ਸੰਘ ਪਰਿਵਾਰ ਦੇ ਆਗੂਆਂ ਤੇ ਮੋਦੀ ਨੂੰ ਵੀ ਕਹਿਣਾ ਪਿਆ ਕਿ ਹੁਣ ਬਾਬਾ ਸਾਹਿਬ ਖ਼ੁਦ ਵੀ ਆ ਜਾਣ ਤਾਂ ਸੰਵਿਧਾਨ ਨੂੰ ਬਦਲ ਨਹੀਂ ਸਕਦੇ | 2024 ਦੀਆਂ ਚੋਣਾਂ 'ਚ 400 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ 240 ਤੱਕ ਸਿਮਟ ਗਈ, ਜੋ ਰਾਹੁਲ ਦੀ ਸਭ ਤੋਂ ਵੱਡੀ ਜਿੱਤ ਸੀ | ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਸੰਸਦ ਦੇ ਅੰਦਰ ਤੇ ਬਾਹਰ ਰਾਹੁਲ ਦੇ ਰਵੱਈਏ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਹੋਇਆ ਹੈ | ਜਦੋਂ ਭਾਜਪਾ ਹੈਰਾਨੀਜਨਕ ਢੰਗ ਨਾਲ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਲੱਗੀ ਤਾਂ ਰਾਹੁਲ ਸਬੂਤਾਂ ਨਾਲ ਭਾਜਪਾ ਤੇ ਚੋਣ ਕਮਿਸ਼ਨ 'ਤੇ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ | ਹਮੇਸ਼ਾ ਹਮਲਾਵਰ ਰਹਿਣ ਵਾਲੀ ਭਾਜਪਾ ਬਚਾਅ ਦੀ ਮੁਦਰਾ 'ਚ ਆ ਗਈ | ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਨੇ ਰਾਹੁਲ ਵਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ | ਬਾਕੀ ਰਹਿੰਦੀ ਕਸਰ 'ਕਾਕਰੋਚ ਜਨਤਾ ਪਾਰਟੀ' ਨੇ ਪੂਰੀ ਕਰ ਦਿੱਤੀ, ਜਿਸ ਦੇ ਜੰਤਰ-ਮੰਤਰ 'ਤੇ ਪੇਪਰ ਲੀਕ ਦੇ ਵਿਰੋਧ ਨੇ ਮੋਦੀ ਸਰਕਾਰ ਦੀ ਸਾਖ ਨੂੰ ਵੱਡੀ ਢਾਹ ਲਗਾਈ ਹੈ | ਰਾਹੁਲ ਨੇ ਕਾਕਰੋਚ ਅੰਦੋਲਨ ਨਾਲ ਮੁਕਾਬਲਾ ਕਰਨ ਦੀ ਬਜਾਏ ਸਮਾਨਾਂਤਰ ਸੰਘਰਸ਼ ਨਾਲ ਕਾਂਗਰਸ ਨੂੰ ਸਥਾਪਿਤ ਕੀਤਾ ਹੈ, ਮੋਦੀ ਸਰਕਾਰ ਨੂੰ ਦੋਹਰੇ ਹਮਲੇ ਦੇ ਚੱਲਦੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣਾ ਪਿਆ ਹੈ |
ਅੱਜ ਰਾਹੁਲ ਨੂੰ ਇਕ ਨਵੇਂ ਬਦਲ ਵਜੋਂ ਦੇਖਿਆ ਜਾ ਰਿਹਾ ਹੈ | ਮੋਦੀ ਦਾ ਅਕਸ ਲਗਾਤਾਰ ਡਿੱਗਦਾ ਜਾ ਰਿਹਾ ਹੈ, ਸਰਕਾਰ ਤੇ ਸੰਘ ਪਰਿਵਾਰ ਉਲਝੇ ਹੋਏ ਹਨ, ਕਿ ਇਸ ਨਾਲ ਕਿਵੇਂ ਨਜਿੱਠਣਾ ਹੈ? ਕਦੇ ਕਾਂਗਰਸ ਲਈ ਬੋਝ ਮੰਨਿਆ ਜਾਂਦਾ ਰਾਹੁਲ ਗਾਂਧੀ ਹੁਣ ਮੋਦੀ ਲਈ ਸਭ ਤੋਂ ਵੱਡਾ ਸਿਰਦਰਦ ਸਾਬਤ ਹੋ ਰਿਹਾ ਹੈ | ਭਾਰਤੀ ਰਾਜਨੀਤੀ ਅੱਜ ਵੱਡੇ ਫ਼ੈਸਲਾਕੁੰਨ ਮੋੜ 'ਤੇ ਪਹੁੰਚ ਗਈ ਹੈ, ਜਿੱਥੋਂ ਮੋਦੀ ਲਈ ਲੜਾਈ ਆਸਾਨ ਨਹੀਂ ਹੋਵੇਗੀ | ਜਿਸ ਰਾਹੁਲ ਨੂੰ ਉਹ ਮਾਸੂਮ ਨਾਸਮਝ ਬੱਚਾ ਸਮਝ ਰਹੇ ਸਨ, ਹੁਣ ਉਹ ਬੱਚਾ ਵੱਡਾ ਹੋ ਗਿਆ ਹੈ | ਇਤਿਹਾਸ ਦਾ ਇਕ ਚੱਕਰ ਖ਼ਤਮ ਹੋਣ ਵਾਲਾ ਹੈ ਤਾਂ ਦੂਜਾ ਸ਼ੁਰੂ ਹੋਣ ਵਾਲਾ ਹੈ |
ashutosh83b@gmail.com