14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਇਤਿਹਾਸ ਵਿਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ

ਇਤਿਹਾਸ ਵਿਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ

ਅਜੀਤ ਡੈਸਕ 14-10-2026
ਜਦੋਂ 9  ਸਾਲ ਦੀ ਉਮਰ 'ਚ ਬਾਲ (ਗੁਰੂ) ਗੋਬਿੰਦ ਰਾਏ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਉਨ੍ਹਾਂ ਨੂੰ  ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਕਿਹਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਿੱਤਰ ਦੀ ਵਚਿੱਤਰ ਉਸਾਰੀ ਤੇ ਨੈਤਿਕਤਾ ਦੀ ਸੁੱਚਮਤਾ ਦੀ ਉਚੇਰੀ ਮਹਾਨਤਾ ਵਾਲੇ ਇਸ ਪ੍ਰਣ ਦਾ ਵਰਨਣ ਦਸਮ ਗ੍ਰੰਥ ਦੇ ਚਰਿੱਤ੍ਰ ਪਖਯਾਨ ਵਿਚ ਇਉਂ ਕੀਤਾ ਹੈ
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ¨
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ¨
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ¨
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ¨
ਦਸਮ ਪਾਤਸ਼ਾਹ ਨੇ ਤਾ-ਉਮਰ ਇਸ ਪ੍ਰਣ ਨੂੰ  ਕਿਸ ਗੰਭੀਰਤਾ ਨਾਲ ਨਿਭਾਇਆ, ਉਸ ਦੀ ਇਕ ਸੁੰਦਰ ਝਾਕੀ ਇਤਿਹਾਸ ਵਿਚ ਆਉਂਦੀ ਹੈ | ਉਸ ਸਮੇਂ ਦੀ ਸਭ ਤੋਂ ਸੁੰਦਰ ਇਸਤਰੀ, ਚੰਬਾ ਰਿਆਸਤ ਦੀ ਰਾਣੀ ਪਦਮਨੀ ਆਪ ਦੇ ਦਰਬਾਰ ਵਿਚ ਆਈ | ਆਪ ਜੀ ਦਾ ਇਹ ਸੁਭਾਅ-ਕਰਮ ਸੀ ਕਿ ਜੋ ਵੀ ਦਰਬਾਰ ਵਿਚ ਆ ਸਿਰ ਝੁਕਾਏ, ਉਸ ਨੂੰ  ਹਜ਼ੂਰ ਆਪਣੇ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ | ਜੇਕਰ ਵਧੇਰੇ ਪ੍ਰਸੰਨ ਹੋਣ ਤਾਂ ਬਖ਼ਸ਼ਿਸ਼ ਵਜੋਂ ਤੀਰ ਹੀ ਉਸ ਵਿਅਕਤੀ ਨੂੰ  ਦੇ ਦਿੰਦੇ ਸਨ | ਰਾਣੀ ਪਦਮਨੀ ਨੇ ਜਦ ਸੀਸ ਝੁਕਾਇਆ ਤਾਂ ਆਪ ਨੇ ਇਕ ਤੀਰ ਨਾਲ ਅਸ਼ੀਰਵਾਦ ਦਿੱਤਾ | ਮਹਾਰਾਣੀ ਨੇ ਬੇਨਤੀ ਕਰਦਿਆਂ ਕਿਹਾ, 'ਮਹਾਰਾਜ ਮੈਂ ਤੁਹਾਡੀ ਸੇਵਿਕਾ ਹਾਂ, ਆਪਣੇ ਕਰ-ਕਮਲਾਂ ਨਾਲ ਅਸ਼ੀਰਵਾਦ ਦਿਓ |' ਤਾਂ ਇਖ਼ਲਾਕ ਦੇ ਦੇਵਤੇ ਨੇ ਉੱੱਤਰ ਵਜੋਂ ਫੁਰਮਾਇਆ, 'ਪਦਮਨੀ ਇਨ੍ਹਾਂ ਹੱਥਾਂ ਨਾਲ ਅੱਜ ਤੱਕ ਸਿਰਫ਼ ਆਪਣੀ ਪਤਨੀ ਨੂੰ  ਹੀ ਛੂਹਿਆ ਹੈ, ਹੋਰ ਕਿਸੇ ਨੂੰ  ਨਹੀਂ |'
ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਵਾਰ ਮੁਗ਼ਲਾਂ 'ਤੇ ਕੀਤੇ ਹਮਲੇ ਦੌਰਾਨ ਮਾਲ-ਅਸਬਾਬ ਦੇ ਨਾਲ ਹੀ ਸਿੱਖ ਫ਼ੌਜ ਨੇ ਰੰਘੜਾਂ ਦੀ ਇਕ ਕੁੜੀ ਵੀ ਚੁੱਕ ਲਿਆਂਦੀ | ਦਸਮ ਪਾਤਸ਼ਾਹ ਨੇ ਜਦੋਂ ਉਸ ਕੁੜੀ ਨੂੰ   ਵੇਖਿਆ ਤਾਂ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਸ ਬੱਚੀ ਨੂੰ  ਸਨਮਾਨ ਤੇ ਇੱਜ਼ਤ ਨਾਲ ਵਾਪਸ ਉਸ ਦੇ ਘਰ ਪਹੁੰਚਾਉਣ ਦਾ ਹੁਕਮ ਦਿੱਤਾ | ਸਿੱਖ ਫ਼ੌਜਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਰਕ ਬੇਖ਼ੌਫ਼ ਹੋ ਕੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰ ਰਹੇ ਹਨ, ਸਾਨੂੰ ਵੀ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ | ਬਦਲੇ ਤੋਂ ਬਗ਼ੈਰ ਤੁਰਕ ਸਿੱਧੇ ਨਹੀਂ ਹੋਣਗੇ, ਨਾਲ ਹੀ ਜੰਗ-ਨੀਤੀ ਤੇ  ਚਾਣਕ-ਨੀਤੀ ਵੀ ਇਹੋ ਹੈ | ਸਿੱਖਾਂ ਦੇ ਵਿਚਾਰ ਸੁਣ ਕੇ ਗੁਰੂ ਜੀ ਨੇ ਕਿਹਾ, 'ਮੈਂ ਤਾਂ ਅਜਿਹੇ ਸਿੱਖ ਬਣਾਉਣੇ ਹਨ, ਜੋ ਜੰਗਾਂ-ਯੁੱਧਾਂ 'ਚ ਵੀ ਆਪਣਾ ਚਰਿੱਤਰ ਬੁਲੰਦ ਰੱਖਣਗੇ | ਅਸੀਂ ਬਦਲੇ ਨਹੀਂ ਲੈਣੇ, ਨੀਵੀਂ ਖੱਡ ਵਿਚ ਨਹੀਂ ਡਿਗਣਾ |' ਗੁਰੂ ਜੀ ਨੇ ਸਿੰਘਾਂ 'ਚ ਇਖ਼ਲਾਕ ਦੇ ਅਜਿਹੇ ਉੱਚੇ ਗੁਣ ਭਰੇ, ਜਿਸ ਦੇ ਸਦਕਾ ਸਿੱਖਾਂ ਨੇ ਜੰਗਾਂ ਤੇ ਅਮਨ ਦੇ  ਸਮਿਆਂ 'ਚ ਆਪਣਾ ਚਰਿੱਤਰ ਨਾ ਡਿੱਗਣ ਦਿੱਤਾ | ਇਸ ਦੀਆਂ ਗਵਾਹੀਆਂ ਗ਼ੈਰ ਸਿੱਖ ਇਤਿਹਾਸਕਾਰਾਂ ਨੇ ਹੀ ਨਹੀਂ, ਸਗੋਂ ਦੁਸ਼ਮਣਾਂ ਨੇ ਵੀ ਭਰੀਆਂ ਹਨ |
 ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ 'ਤੇ ਸੱਤਵੇਂ ਹਮਲੇ ਵੇਲੇ ਉਸ ਦਾ ਇਕ ਮੀਰ ਮੁਨਸ਼ੀ ਕਾਜ਼ੀ ਨੂਰ ਮੁਹੰਮਦ ਉਸ ਦੇ ਨਾਲ ਪੰਜਾਬ ਆਇਆ | ਉਸ ਨੇ ਸਿੰਘਾਂ ਨੂੰ  ਮੈਦਾਨ-ਏ-ਜੰਗ 'ਚ ਲੜਦਿਆਂ ਵੇਖਿਆ ਤਾਂ ਉਹ ਦੁਸ਼ਮਣ ਹੁੰਦੇ ਹੋਏ ਵੀ ਸਿੰਘਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਰਹਿ ਨਾ ਸਕਿਆ | ਉਹ ਆਪਣੇ ਜੰਗਨਾਮੇ 'ਚ ਲਿਖਦਾ ਹੈ, 'ਇਨ੍ਹਾਂ ਸਿੰਘਾਂ ਨੂੰ  'ਸਗ' (ਕੁੱਤੇ) ਨਾ ਆਖੋ, ਇਹ ਤਾਂ ਸ਼ੇਰ ਹਨ | ਮਰਦਾਨਗੀ ਦੇ ਮੈਦਾਨ 'ਚ ਸ਼ੇਰਾਂ ਵਾਂਗ ਦਲੇਰ ਹਨ | ਰਣ ਦਾ ਉਹ ਸੂਰਮਾ ਜੋ ਲੜਾਈ ਵਿਚ ਸ਼ੇਰ ਵਾਂਗ ਗਰਜੇ, ਉਹ 'ਸਗ' ਕਿਵੇਂ ਹੋ ਸਕਦਾ ਹੈ? …ਇਨ੍ਹਾਂ 'ਚ ਵਿਭਚਾਰ ਬਿਲਕੁਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਦੀਆਂ ਰਗਾਂ 'ਚ ਚੋਰੀ ਹੈ | ਇਹ ਔਰਤਾਂ, ਬੱਚੇ ਤੇ ਬਜ਼ੁਰਗਾਂ 'ਤੇ ਕਦੇ ਹੱਥ ਨਹੀਂ ਚੁੱਕਦੇ |'
18ਵੀਂ ਸਦੀ 'ਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਦੱਰਾ-ਏ-ਖ਼ੈਬਰ 'ਤੇ ਹਮਲਾ ਕੀਤਾ ਤਾਂ ਉੱਥੋਂ ਦੇ ਬਹਾਦਰ ਪਠਾਣਾਂ ਨੂੰ  ਭਾਜੜਾਂ ਪੈ ਗਈਆਂ | ਹਰੀ ਸਿੰਘ ਨਲੂਆ ਦੀ ਬਹਾਦਰੀ ਕਾਰਨ ਪਠਾਣਾਂ 'ਚ ਮਚੀ ਹਫੜਾ-ਦਫੜੀ ਤੋਂ ਪ੍ਰਭਾਵਿਤ ਹੋ ਕੇ ਇਕ ਜਵਾਨ ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ  ਮਿਲਣ ਲਈ ਪਹੁੰਚ ਗਈ, ਜਦੋਂ ਉਨ੍ਹਾਂ ਜਮਰੌਦ 'ਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਹੋਏ ਸਨ | ਉਹ ਮੁਟਿਆਰ ਨਲੂਆ ਨੂੰ   ਆਖਣ ਲੱਗੀ, 'ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਤੁਹਾਡੇ ਵਰਗਾ ਬਹਾਦਰ ਤੇ ਜਰਨੈਲ ਪੁੱਤਰ ਪੈਦਾ ਹੋਵੇ |' ਤਾਂ ਹਰੀ ਸਿੰਘ ਨਲੂਆ ਨੇ ਕਿਹਾ, 'ਅੱਲ੍ਹਾ ਕੋਲ ਦੁਆ ਕਰਿਆ ਕਰ ਕਿ ਉਹ ਤੈਨੂੰ ਨੇਕ ਪੁੱਤਰ ਦੇਵੇ |' ਉਸ ਪਠਾਣ ਮੁਟਿਆਰ ਦੇ ਵਾਰ-ਵਾਰ ਉਹੀ ਗੱਲ ਦੁਹਰਾਉਣ 'ਤੇ ਸ. ਨਲੂਆ ਨੇ ਗੁੱਸੇ ਵਿਚ ਲਾਲ ਹੁੰਦਿਆਂ ਮਿਆਨੋਂ ਸ਼ਮਸ਼ੀਰ ਕੱਢ ਕੇ ਆਖਿਆ, 'ਪਠਾਣ ਦੀਏ ਬੱਚੀਏ! ਤੂੰ ਸਿੱਖ ਦਾ ਕਿਰਦਾਰ ਪਰਖਣ ਆਈ ਏਾ, ਜਾ ਚਲੀ ਜਾ ਇੱਥੋਂ |' ਉਹ ਮੁਟਿਆਰ ਡਰ ਨਾਲ ਕੰਬਦੀ ਤੇ ਰੋਂਦੀ ਹੋਈ ਤੰਬੂ 'ਚੋਂ ਬਾਹਰ ਨੂੰ  ਤੁਰ ਪਈ ਤੇ ਦਰ ਕੋਲ ਜਾ ਕੇ ਕਹਿਣ ਲੱਗੀ, 'ਮੈਂ ਤਾਂ ਸੁਣਿਆ ਸੀ ਕਿ ਗੁਰੂ ਦੇ ਖ਼ਾਲਸੇ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ, ਪਰ ਅੱਜ ਇਹ ਪਠਾਣ ਬੱਚੀ ਇਸ ਦਰ ਤੋਂ ਖ਼ਾਲੀ ਜਾ ਰਹੀ ਹੈ… |'  ਇਹ ਸੁਣ ਕੇ ਹਰੀ ਸਿੰਘ ਨਲੂਆ ਗਰਜ਼ਵੀਂ ਆਵਾਜ਼ 'ਚ ਬੋਲਿਆ, 'ਨਹੀਂ, ਇਹ ਫ਼ਰਿਆਦਣ ਖ਼ਾਲਸੇ ਦੇ ਦਰ ਤੋਂ ਖ਼ਾਲੀ ਨਹੀਂ ਮੁੜੇਗੀ | ਬੀਬੀ ਤੂੰ ਚਾਹੁੰਦੀ ਏ ਕਿ ਤੇਰੇ ਘਰ ਮੇਰੇ ਵਰਗਾ ਪੁੱਤਰ ਹੋਵੇ…ਤੇ ਜਾ ਅੱਜ ਤੋਂ ਇਹ ਹਰੀ ਸਿੰਘ ਤੇਰਾ ਪੁੱਤਰ ਏ ਤੇ ਤੂੰ ਹਰੀ ਸਿੰਘ ਦੀ ਧਰਮ ਦੀ ਮਾਂ |' ਇਹ ਕਹਿੰਦਿਆਂ ਹਰੀ ਸਿੰਘ ਨੇ ਪਹਿਰੇਦਾਰ ਕੋਲੋਂ ਇਕ ਦੁਸ਼ਾਲਾ ਮੰਗਵਾ ਕੇ ਪਠਾਣ ਮੁਟਿਆਰ ਦੇ ਸਿਰ 'ਤੇ ਦਿੰਦਿਆਂ ਉਸ ਦੇ ਪੈਰਾਂ 'ਤੇ ਆਪਣਾ ਸਿਰ ਧਰ ਦਿੱਤਾ | ਪਠਾਣ ਮੁਟਿਆਰ ਸਰੀਰ ਤੋਂ ਲੈ ਕੇ ਰੂਹ ਤੱਕ ਪਵਿੱਤਰਤਾ ਨਾਲ ਸਰਸ਼ਾਰ ਹੋ ਗਈ ਅਤੇ ਅਸਚਰਜਤਾ ਤੇ ਵੈਰਾਗ 'ਚ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ |  1947 ਤੋਂ ਬਹੁਤ ਪਹਿਲਾਂ ਇਕ ਅਮਰੀਕਨ ਮੁਟਿਆਰ ਭਾਰਤ ਯਾਤਰਾ 'ਤੇ ਆਈ ਸੀ, ਉਸ ਨੇ ਯਾਤਰਾ ਤੋਂ ਵਾਪਸ ਪਰਤ ਕੇ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ ਨੂੰ  ਇਕ ਚਿੱਠੀ ਲਿਖੀ ਸੀ | ਉਸ ਬੀਬੀ ਨੇ ਲਿਖਿਆ, 'ਮੈਂ ਬੰਬਈ ਤੋਂ ਦੋ ਦਿਨ ਤੇ ਦੋ ਰਾਤਾਂ ਦਾ ਰੇਲ ਵਿਚ ਸਫ਼ਰ ਤੁਹਾਡੇ ਇਕ ਆਗੂ ਮਾਸਟਰ ਤਾਰਾ ਸਿੰਘ ਨਾਲ ਇਕੋ ਡੱਬੇ 'ਚ ਕੀਤਾ, ਸਾਰੇ ਸਫ਼ਰ ਦੌਰਾਨ ਰੇਲ ਦੇ ਉਸ ਡੱਬੇ 'ਚ ਸਾਡੇ ਦੋਹਾਂ ਤੋਂ ਇਲਾਵਾ ਹੋਰ ਕੋਈ ਤੀਜਾ ਮੁਸਾਫ਼ਰ ਨਾ ਆਇਆ | ਇੰਨੇ ਲੰਬੇ ਸਫ਼ਰ ਵਿਚ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਤੁਹਾਡੇ ਇਸ ਨੌਜਵਾਨ ਆਗੂ ਨੇ ਇਕ ਵਾਰੀ ਵੀ ਮੇਰੇ ਵੱਲ ਸਿੱਧੀ ਜਾਂ ਚੁਰਾਵੀਂ ਅੱਖ ਨਾਲ ਨਹੀਂ ਵੇਖਿਆ | ਅਸੀਂ ਅਮਰੀਕਾ ਨਿਵਾਸੀ ਆਪਣੇ ਦੇਸ਼ ਵਿਚ ਸੁਣਦੇ ਹਾਂ ਕਿ ਭਾਰਤ ਦੇ ਇਤਿਹਾਸ 'ਚ ਇਕ ਲਛਮਣ ਜਤੀ ਹੋਇਆ ਹੈ, ਪਰ ਤੁਹਾਡੇ ਆਗੂ ਦੇ ਇਸ ਅਦੁੱਤੀ ਮਾਨਸਿਕ ਸੰਜਮ ਦੇ ਗੁਣ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਦੇਸ਼ ਵਿਚ ਲਛਮਣ ਜਤੀ ਅਜੇ ਵੀ ਮੌਜੂਦ ਹਨ |' ਪਿੱਛੇ ਜਿਹੇ ਇਕ ਅਖ਼ਬਾਰ 'ਚ ਬਾਲੀਵੁੱਡ ਦੇ ਫ਼ਿਲਮ ਮੇਕਰ ਸ਼ੇਖਰ ਕਪੂਰ ਨੇ ਆਪਣੀ ਇੰਟਰਵਿਊ 'ਚ ਸਿੱਖਾਂ ਦੇ ਚਰਿੱਤਰ ਦੀ ਇਕ ਮਿਸਾਲ ਦਿੰਦਿਆਂ ਆਖਿਆ ਸੀ, 'ਬਚਪਨ 'ਚ ਸਾਡਾ ਪਰਿਵਾਰ ਦਿੱਲੀ ਰਹਿੰਦਾ ਸੀ ਤਾਂ ਉਦੋਂ ਕੁੜੀਆਂ ਨੂੰ  ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਕਿਸੇ ਖ਼ਤਰੇ 'ਚ ਇਕੱਲੇ ਹੋਵੋ ਤਾਂ ਨੇੜੇ ਕਿਸੇ ਸਰਦਾਰ ਕੋਲ ਚਲੇ ਜਾਵੋ, ਉਹ ਆਪਣੀ ਜਾਨ ਦੇ ਕੇ ਵੀ ਤੁਹਾਡੀ ਰੱਖਿਆ ਕਰੇਗਾ |'
ਦਰਅਸਲ ਇਤਿਹਾਸ 'ਚ ਸਿੱਖਾਂ ਦੇ ਬੁਲੰਦ ਇਖ਼ਲਾਕੀ ਕਿਰਦਾਰ ਦੀ ਸਿਰਜਣਾ ਦੀ ਆਧਾਰਸ਼ਿਲਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀ ਸੀ | ਉਨ੍ਹਾਂ 15ਵੀਂ ਸਦੀ 'ਚ ਸਮਾਜ ਵਲੋਂ ਤਿ੍ਸਕਾਰੀ ਤੇ ਲਿਤਾੜੀ ਔਰਤ ਨੂੰ  ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ ਦਾ ਸੰਦੇਸ਼ ਦੇ ਕੇ ਸਤਿਕਾਰ ਨਾਲ ਨਿਵਾਜਿਆ, ਉੱਥੇ ਸੱਭਿਅਕ ਮਨੁੱਖ ਬਣਨ ਲਈ ਉੱਚਾ-ਸੁੱਚਾ ਆਚਰਣ ਰੱਖਣਾ ਸਭ ਤੋਂ ਉੱਤਮ ਦੱਸਿਆ :-
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ¨ 
(ਅੰਗ:62)
ਸ੍ਰੀ ਗੁਰੂ ਅਰਜਨ ਦੇਵ ਜੀ ਪਰਾਈ ਇਸਤਰੀ ਦੇ ਸੰਗ ਨੂੰ  ਮਨੁੱਖ ਲਈ ਸੱਪ ਦਾ ਸਾਥ ਕਰਨ ਬਰਾਬਰ ਦੱਸਦੇ ਹਨ :-
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗਿ੍ਹੁ¨ 
 (ਅੰਗ:403)
ਜੰਗ ਦੌਰਾਨ ਵੀ ਸਿੱਖਾਂ ਵਲੋਂ ਔਰਤ ਪ੍ਰਤੀ ਸਤਿਕਾਰਤ ਨਜ਼ਰੀਆ ਤੇ ਅਦੁੱਤੀ ਮਾਨਸਿਕ ਸੰਜਮ ਬਰਕਰਾਰ ਰੱਖਣ ਪਿੱਛੇ ਗੁਰੂ ਸਾਹਿਬਾਨ ਵਲੋਂ ਉਨ੍ਹਾਂ ਨੂੰ  ਦਿੱਤੀ ਉਹ ਦੈਵੀ ਪ੍ਰੇਰਨਾ ਉਚੇਚੀ ਵਰਤਦੀ ਰਹੀ, ਜਿਹੜੀ ਦੁਨੀਆ ਦੀ ਹੋਰ ਕਿਸੇ ਵੀ ਫ਼ੌਜੀ ਸਿਖਲਾਈ 'ਚ ਨਹੀਂ ਮਿਲਦੀ | ਸਿੱਖਾਂ ਨੂੰ  ਰਣ ਤੱਤੇ ਅੰਦਰ ਆਪਣੇ ਸਰੀਰਕ ਬਲ ਤੇ ਸਾਹਸ ਦੁਆਰਾ ਦੁਸ਼ਮਣ ਨਾਲ ਜੂਝਣ ਤੋਂ ਪਹਿਲਾਂ ਆਪਣੇ ਅੰਦਰੋਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ  ਮੂਲੋਂ ਮਾਰ ਮੁਕਾਉਣ ਦੀ ਸਿਖਲਾਈ ਮਿਲਦੀ ਹੈ | ਪੰਜ ਵਿਕਾਰਾਂ ਨੂੰ  ਮਾਰ ਕੇ ਨੇਕੀ ਲਈ ਮੈਦਾਨ-ਏ-ਜੰਗ 'ਚ ਜੂਝਣ ਵਾਲੇ ਨੂੰ  ਹੀ ਗੁਰਮਤਿ ਨੇ ਅਸਲ ਸੂਰਮਾ ਦੱਸਿਆ ਹੈ :-
ਜਿਨਿ ਮਿਲਿ ਮਾਰੇ ਪੰਚ ਸੂਰਬੀਰ  ਐਸੋ ਕਉਨੁ ਬਲੀ ਰੇ¨
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ  ਸੋ ਪੂਰਾ ਇਹ ਕਲੀ ਰੇ¨
(ਅੰਗ:404)
ਅੱਜ ਦੇ ਸਮੇਂ ਵਿਚ ਜੋ ਸਿੱਖੀ ਸਰੂਪ ਵਿਚ ਵਿਚਰਨ ਵਾਲੇ ਰਾਜਨੀਤਕ ਤੇ ਧਾਰਮਿਕ ਆਗੂਆਂ ਦੇ ਕਿਰਦਾਰ ਵਿਚ ਆਈਆਂ ਕਮੀਆਂ ਕਮਜ਼ੋਰੀਆਂ ਬਾਰੇ ਜੇਕਰ ਸਵਾਲ ਉੱਠ ਰਹੇ ਹਨ ਤਾਂ ਉਨ੍ਹਾਂ ਦੇ ਹੱਲ ਉਪਰੋਕਤ ਸਿੱਖ ਇਤਿਹਾਸ ਤੇ ਪਰੰਪਰਾਵਾਂ ਵਿਚੋਂ ਲੱਭੇ ਜਾਣੇ ਚਾਹੀਦੇ ਹਨ |
 
-ਸ੍ਰੀ ਅਨੰਦਪੁਰ ਸਾਹਿਬ |
ਮੋਬਾਈਲ : 98780-70008
ਪਿਛਲੀ ਖ਼ਬਰ ਤਸੱਲੀਬਖ਼ਸ਼ ਰਹੀ ਵੋਟਰ ਸੂਚੀਆਂ ਦੀ ਸੁਧਾਈ ਅਗਲੀ ਖ਼ਬਰ ਘਰਾਂ 'ਚ ਸਾਫ਼ ਪਾਣੀ ਦੀ ਦੁਰਵਰਤੋਂ ਰੋਕਣਾ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।